ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਨੂੰ ਸਾਬਤ ਸੂਰਤ ਅਤੇ ਗੁਰਮਤਿ ਦਾ ਧਾਰਨੀ ਬਨਾਉਣ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਸਿੰਘ ਐਂਡ ਕੌਰ 2014 ਪ੍ਰਤਿਯੋਗਿਤਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤਿਯੋਗਿਤਾ ਵਿਚ ਆਪਣੇ ਬੌਧਿਕ ਕੋਸ਼ਲ ਅਤੇ ਗੁਰਮਤਿ ਦੇ ਗਿਆਨ ਦੇ ਆਧਾਰ ਤੇ ਫਾਈਨਲ ਰਾੳਂਡ ਵਿਚ ਪੁੱਜੇ 15 ਮੁੰਡੇ ਅਤੇ 15 ਕੁੜੀਆਂ ਵਿਚੋ ਜੇਤੂਆਂ ਦੀ ਚੋਣ ਮਾਹਿਰ ਜੱਜਾਂ ਵਲੋਂ ਇਥੇ ਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਕੀਤੀ ਗਈ।
ਮੁੰਡਿਆ ਵਿਚ ਪਹਿਲਾਂ ਸਥਾਨ ਗਗਨਦੀਪ ਸਿੰਘ ਪਟਿਆਲਾ, ਦੂਜਾ ਸਥਾਨ ਦਿਲਪ੍ਰੀਤ ਸਿੰਘ ਗੁਰਦਾਸਪੁਰ, ਤੀਜਾ ਸਥਾਨ ਜਗਤੇਸ਼ਵਰ ਸਿੰਘ ਦਿੱਲੀ ਅਤੇ ਕੁੜੀਆਂ ਵਿਚ ਪ੍ਰਭਜੋਤ ਕੌਰ ਗੁਰਦਾਸਪੁਰ ਪਹਿਲਾਂ ਸਥਾਨ, ਦੁਸਰਾ ਸਥਾਨ ਗੁਰਪ੍ਰੀਤ ਕੌਰ ਚੰਡੀਗੜ੍ਹ ਤੀਜਾ ਸਥਾਨ ਭਵਨਦੀਪ ਕੌਰ ਫਤਿਹਗੜ੍ਹ ਸਾਹਿਬ ਨੂੰ ਜੱਜ ਸਾਹਿਬਾਨ ਪੱਤਰਕਾਰ ਹਰਪ੍ਰੀਤ ਸਿੰਘ ਸਾਹਨੀ (ਪੀ.ਟੀ.ਸੀ), ਪੱਤਰਕਾਰ ਅਵਨੀਤ ਕੌਰ ਭਾਟੀਆਂ (ਦੁਰਦਰਸ਼ਨ), ਸ੍ਰੋਮਣੀ ਕਮੇਟੀ ਮੈਂਬਰ ਹਰਦੀਪ ਸਿੰਘ ਚੰਡੀਗੜ੍ਹ ਅਤੇ ਬੀਬੀ ਗੁਰਮੀਤ ਕੌਰ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਨੇ ਐਲਾਨਿਆ।
ਜੇਤੁੂ ਬੱਚਿਆਂ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਸੀਨੀਅਰ ਮੈਂਬਰ ਅਵਤਾਰ ਸਿੰਘ ਹਿੱਤ ਵਲੋਂ ਪਹਿਲੇ ਸਥਾਨ ਵਾਸਤੇ 31,000 ਰੁਪਏ, ਦੁਜਾ ਸਥਾਨ 21,000 , ਤੀਜਾ ਸਥਾਨ 11,000 ਰੁਪਏ ਅਤੇ ਵੱਖ-ਵੱਖ ਟਾਈਟਲ ਜਿੱਤਣ ਵਾਲੇ ਬੱਚਿਆਂ ਨੂੰ 5000 ਰੁਪਏ ਦਾ ਚੈਕ ਅਤੇ ਯਾਦਗਾਰੀ ਚਿਨ੍ਹ ਦੇ ਕੇ ਸਨਮਾਨਿਤ ਕਰਦੇ ਹੋਏ ਜੀ.ਕੇ. ਨੇ ਇਸ ਪ੍ਰਤਿਯੋਗਿਤਾ ਨੂੰ ਵੱਡੇ ਪੱਧਰ ਤੇ ਹਰ ਸਾਲ ਕਰਾਉਣ ਦਾ ਅਹਿਦ ਵੀ ਲਿਆ। ਇਸ ਮੌਕੇ ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਜਤਿੰਦਰ ਪਾਲ ਸਿੰਘ ਗੋਲਡੀ, ਬੀਬੀ ਦਲਜੀਤ ਕੌਰ ਖਾਲਸਾ, ਪਰਮਜੀਤ ਸਿੰਘ ਚੰਢੋਕ, ਸਮਰਦੀਪ ਸਿੰਘ ਸੰਨੀ ਤੇ ਆਗੂ ਗੁਰਮੀਤ ਸਿੰਘ ਬੌਬੀ ਅਤੇ ਮਨਜੀਤ ਸਿੰਘ ਔਲਖ ਮੌਜੂਦ ਸਨ।