ਫ਼ਤਹਿਗੜ੍ਹ ਸਾਹਿਬ – “ਬੀਤੇ ਸਮੇਂ ਵਿਚ ਮਾਸਟਰ ਤਾਰਾ ਸਿੰਘ ਨੇ ਹਿੰਦੂਤਵ ਆਗੂਆ ਨਾਲ ਸਾਂਝ ਰੱਖਕੇ ਖ਼ਾਲਸਾ ਪੰਥ ਅਤੇ ਉਸਦੇ ਨਿਯਮਾਂ ਅਤੇ ਅਸੂਲਾਂ ਅਤੇ ਕੌਮੀ ਵੱਖਰੀ ਪਹਿਚਾਣ ਨੂੰ ਪਿੱਠ ਦੇਕੇ ਵੱਡਾ ਨੁਕਸਾਨ ਕੀਤਾ । ਹੁਣ ਸ. ਬਾਦਲ, ਸ. ਬਰਨਾਲਾ ਵਰਗੇ ਰਵਾਇਤੀ ਆਗੂਆਂ ਨੇ ਆਪਣੇ ਆਪ ਨੂੰ ਬੀਜੇਪੀ ਅਤੇ ਕਾਂਗਰਸ ਦੇ ਹਵਾਲੇ ਕਰਕੇ ਸਿੱਖੀ ਸੋਚ ਅਤੇ ਕੌਮੀ ਨਿਸ਼ਾਨਿਆ ਨੂੰ ਵੱਡੀ ਢਾਅ ਲਗਾ ਦਿੱਤੀ ਹੈ । ਇਹਨਾਂ ਨੇ ਹੀ ਸੰਤ ਲੋਗੋਵਾਲ, ਮਰਹੂਮ ਗੁਰਚਰਨ ਸਿੰਘ ਟੋਹੜਾ, ਸ. ਬਾਦਲ, ਸ. ਬਰਨਾਲਾ ਨੇ ਕਾਂਗਰਸ ਤੇ ਬੀਜੇਪੀ ਨਾਲ ਸਾਜਿ਼ਸ ਰਚਕੇ ਸ੍ਰੀ ਦਰਬਾਰ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਸੀ । ਅਜਿਹੇ ਆਗੂ ਜਾਂ ਹੁਣ ਬਣਿਆ ਦਲ-ਦਲ ਸਿੱਖ ਕੌਮ ਦੀ ਸੋਚ ਅਨੁਸਾਰ ਅਗਵਾਈ ਕਰਨ ਅਤੇ ਸਿੱਖ ਮਸਲਿਆ ਲਈ ਸੰਜ਼ੀਦਾ ਪਹੁੰਚ ਅਪਣਾਕੇ ਉਹਨਾਂ ਨੂੰ ਹੱਲ ਕਰਵਾਉਣ ਦਾ ਦਾਅਵਾ ਨਹੀਂ ਕਰ ਸਕਦੇ । ਅਜੋਕੇ ਸਮੇਂ ਵਿਚ ਖ਼ਾਲਸਾ ਪੰਥ ਅਤੇ ਕੌਮੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਅਤੇ ਸਿੱਖ ਮਸਲਿਆ ਲਈ ਕੌਮਾਂਤਰੀ ਪੱਧਰ ਉਤੇ ਜੱਦੋ-ਜਹਿਦ ਕਰਨ ਅਤੇ ਸਿੱਖ ਕੌਮ ਦੀ ਸਹੀ ਦਿਸਾ ਵੱਲ ਅਗਵਾਈ ਕਰਨ ਲਈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਰਹਿ ਗਿਆ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਸ. ਬਰਨਾਲਾ ਵੱਲੋ ਸੰਪੂਰਨ ਤੌਰ ਤੇ ਕਾਂਗਰਸ ਜਮਾਤ ਦਾ ਗੁਲਾਮ ਬਣ ਜਾਣ ਅਤੇ ਬਾਦਲ ਵੱਲੋ ਪਹਿਲੇ ਹੀ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਫਿਰਕੂ ਜਮਾਤ ਬੀਜੇਪੀ ਅਤੇ ਆਰ.ਐਸ.ਐਸ. ਦਾ ਗੁਲਾਮ ਬਣ ਕੇ ਕੀਤੇ ਜਾ ਰਹੇ ਅਮਲਾਂ ਅਤੇ ਮੋਦੀ ਵਰਗੇ ਮੁਸਲਿਮ ਕੌਮ ਦੇ ਕਾਤਲ ਅਤੇ ਸਿੱਖ ਜਿੰਮੀਦਾਰਾਂ ਨੂੰ ਉਜਾੜਨ ਵਾਲੇ ਆਗੂ ਦਾ ਰਾਗ ਅਲਾਪਣ ਦੇ ਦੁੱਖਦਾਇਕ ਅਮਲਾਂ ਉਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ 1978 ਵਿਚ ਇਹਨਾਂ ਰਵਾਇਤੀ ਆਗੂਆਂ ਵੱਲੋਂ ਬਹੁਤ ਹੀ ਜੋਸ-ਖਰੋਸ ਨਾਲ ਪਾਸ ਕੀਤੇ ਗਏ ਆਨੰਦਪੁਰ ਸਾਹਿਬ ਦੇ ਮਤੇ ਤੋਂ ਇਹ ਮੁੰਨਕਰ ਹੋ ਚੁੱਕੇ ਹਨ । ਫਿਰ 22 ਦਸੰਬਰ 1992 ਨੂੰ ਇਹਨਾਂ ਸਮੁੱਚੇ ਰਵਾਇਤੀ ਆਗੂਆਂ ਨੇ ਮੇਰੇ ਨਾਲ “ਖ਼ਾਲਿਸਤਾਨ” ਬਣਾਉਣ ਦੇ ਮਤੇ ਉਤੇ ਦਸਤਖ਼ਤ ਕਰਕੇ ਉਸ ਸਮੇਂ ਦੇ ਯੂ.ਐਨ.ਓ. ਦੇ ਸਕੱਤਰ ਜਰਨਲ ਸ੍ਰੀ ਬੁਟਰੋਸ-ਬੁਟਰੋਸ ਘਾਲੀ ਨੂੰ ਦਿੱਲੀ ਵਿਖੇ ਜਾ ਕੇ ਦਿੱਤਾ ਅਤੇ ਕੌਮਾਂਤਰੀ ਪੱਧਰ ਉਤੇ ਖ਼ਾਲਿਸਤਾਨ ਦੀ ਗੱਲ ਨੂੰ ਉਭਾਰਿਆ । ਪਰ ਕੁਝ ਸਮੇਂ ਬਾਅਦ ਹੀ ਇਹ ਸਮੁੱਚੇ ਰਵਾਇਤੀ ਆਗੂ ਉਸ ਤੋ ਵੀ ਮੁੰਨਕਰ ਹੋ ਗਏ, ਉਪਰੰਤ 1 ਮਈ 1994 ਨੂੰ ਸਿੱਖ ਕੌਮ ਦੇ ਸਰਬ ਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਹਾਜ਼ਰ ਹੋ ਕੇ ਗੁਰੂ ਸਾਹਿਬਾਨ ਨਾਲ ਪ੍ਰਣ ਕਰਦੇ ਹੋਏ “ਅੰਮ੍ਰਿਤਸਰ ਐਲਾਨਨਾਮੇ” ਦੇ ਦਸਤਾਵੇਜ ਅਧੀਨ ਸਿੱਖ ਕੌਮ ਦੀ ਆਜ਼ਾਦੀ ਅਤੇ ਵੱਖਰੀ ਪਹਿਚਾਣ ਨੂੰ ਕਾਇਮ ਕਰਨ ਦੇ ਮਤੇ ਉਤੇ ਉਸ ਸਮੇਂ ਦੇ ਜਥੇਦਾਰ ਪ੍ਰੋ. ਮਨਜੀਤ ਸਿੰਘ ਜੀ ਦੀ ਹਾਜ਼ਰੀ ਵਿਚ ਦਸਤਖ਼ਤ ਕੀਤੇ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਉਸ ਕੌਮੀ ਦਸਤਾਵੇਜ ਦੇ ਕੌਮੀ ਨਿਸ਼ਾਨੇ ਤੋਂ ਵੀ ਇਹ ਰਵਾਇਤੀ ਆਗੂ ਮੁੰਨਕਰ ਹੋ ਚੁੱਕੇ ਹਨ । ਅੱਜ ਇਹ ਸਾਰੇ ਬਾਦਲ, ਬੀਜੇਪੀ ਨਾਲ ਜਾਂ ਕਾਂਗਰਸ ਨਾਲ ਸਾਂਝ ਪਾ ਚੁੱਕੇ ਹਨ । ਹੁਣ ਇਹਨਾਂ ਨੇ ਸਿੱਖ ਕੌਮ ਦੇ ਮਹਾਨ ਅਸਥਾਂਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਸੰਬੰਧਤ ਲੋਕ ਸਭਾ ਸੀਟ ਵੀ ਬਲਿਊ ਸਟਾਰ ਦਾ ਹਮਲਾ ਕਰਵਾਉਣ ਵਾਲਿਆਂ ਬੀਜੇਪੀ ਦੇ ਜੇਟਲੀ ਨੂੰ ਦੇ ਦਿੱਤੀ ਹੈ । ਕਾਂਗਰਸ ਨੇ ਖ਼ਾਲਸੇ ਦੇ ਜਨਮ ਅਸਥਾਂਨ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਕਿਸੇ ਸਿੱਖ ਨੂੰ ਦੇਣ ਦੀ ਬਜਾਇ ਅੰਬੀਕਾ ਸੋਨੀ ਨੂੰ ਦੇ ਦਿੱਤੀ ਹੈ ।
ਉਹਨਾਂ ਕਿਹਾ ਇਸ ਸਮੇਂ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਸਹੀ ਦਿਸ਼ਾ ਵੱਲ ਅਗਵਾਈ ਕਰਨ ਲਈ ਅਤੇ ਸਿੱਖ ਕੌਮ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਮਾਲੀ ਅਤਿ ਸੰਜ਼ੀਦਾ ਮਸਲਿਆ ਨੂੰ ਹੱਲ ਕਰਵਾਉਣ ਲਈ ਖ਼ਾਲਸਾ ਪੰਥ ਅਤੇ ਸਿੱਖ ਕੌਮ ਦੀ ਅਗਵਾਈ ਕਰਨ ਲਈ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੀ ਰਹਿ ਗਈ ਹੈ । ਜੋ ਸਿੱਖੀ ਸਿਧਾਤਾਂ ਅਤੇ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਹੋਈ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬੀਆਂ ਅਤੇ ਸਿੱਖ ਕੌਮ ਦੀ ਕਚਹਿਰੀ ਵਿਚ ਪੂਰੇ ਫਖ਼ਰ ਅਤੇ ਮਾਣ ਨਾਲ ਹਾਜ਼ਰ ਹੋਈ ਹੈ । ਸਾਨੂੰ ਉਮੀਦ ਹੀ ਨਹੀ ਪੂਰਨ ਵਿਸਵਾਸ ਹੈ ਕਿ ਪੰਜਾਬ ਦੇ ਸੂਝਵਾਨ ਵੋਟਰ ਅਤੇ ਸਰਬੱਤ ਦਾ ਭਲਾ ਚਾਹੁੰਣ ਵਾਲੀ ਸਿੱਖ ਕੌਮ ਨਾਲ ਸੰਬੰਧਤ ਵੋਟਰ 30 ਅਪ੍ਰੈਲ 2014 ਨੂੰ ਪੈਣ ਵਾਲੀਆਂ ਵੋਟਾਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮੁੱਚੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣੇ ਵਿਚ ਖੜ੍ਹੇ ਕੀਤੇ ਗਏ ਇਮਾਨਦਾਰ ਅਤੇ ਦ੍ਰਿੜਤਾ ਵਾਲੇ ਉਮੀਦਵਾਰਾਂ ਨੂੰ ਜਿਤਾਕੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਗਵਾਈ ਸਹੀ ਹੱਥਾਂ ਵਿਚ ਦੇਣ ਤੋ ਕਤਈ ਨਹੀਂ ਖੁੰਝਣਗੇ । ਘੱਟ ਗਿਣਤੀ ਕੌਮਾਂ ਵਿਰੋਧੀ ਫਿਰਕੂ ਤਾਕਤਾਂ ਕਾਂਗਰਸ, ਬੀਜੇਪੀ, ਆਰ.ਐਸ.ਐਸ. ਅਤੇ ਬਾਦਲ ਦਲੀਆਂ ਨੂੰ ਕਰਾਰੀ ਹਾਰ ਦੇਕੇ ਸੱਚ ਦਾ ਡੰਕਾ ਵਜਾਉਣਗੇ ।