ਨਵੀਂ ਦਿੱਲੀ : ਉੱਘੇ ਹਿੰਦੀ ਫਿਲਮਕਾਰ ਮਹੇਸ਼ ਭੱਟ ਨੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਆਪਣਾ ਅਕੀਦਾ ਭੇਟ ਕਰਨ ਤੋਂ ਬਾਅਦ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਉਤੇ ਤਾਲਿਬਾਨੀ ਸਮਝ ਕੇ ਹੋ ਰਹੇ ਹਮਲਿਆਂ ਤੇ ਇਕ ਡਾਕਉਮੈਂਟ੍ਰੀ ਬਨਾਉਣ ਦਾ ਐਲਾਨ ਇਕ ਵਿਸ਼ੇਸ਼ ਸਮਾਗਮ ਦੌਰਾਨ ਕਰਦੇ ਹੋਏ ਆਪਣੇ ਆਪ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੱਚਾ ਭਗਤ ਵੀ ਦੱਸਿਆ। 1984 ਦੇ ਸਿੱਖ ਕਤਲੇਆਮ ਦਾ ਇੰਨਸਾਫ 30 ਸਾਲ ਬਾਅਦ ਨਾ ਮਿਲਣ ਅਤੇ ਅਮਰੀਕਾ ਵਿਚ 9/11 ਦੇ ਹਮਲੇ ਤੋਂ ਬਾਅਦ ਸਥਾਨਕ ਨਾਗਰਿਕਾਂ ਵਲੋਂ ਸਿੱਖਾਂ ਤੇ ਵਿਦੇਸ਼ਾਂ ਵਿਚ ਹੋ ਰਹੇ ਹਮਲਿਆਂ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਮਹੇਸ਼ ਭੱਟ ਨੇ ਇਨ੍ਹਾਂ ਹਮਲਿਆਂ ਲਈ ਭਾਰਤ ਦੀ ਸਿਆਸੀ ਜਮਾਤ ਵਲੋਂ ਫੈਸਲੇ ਲੈਣ ਦੀ ਕਮਜ਼ੋਰੀ ਨੂੰ ਵੱਡਾ ਕਾਰਨ ਵੀ ਗਿਣਾਇਆ।
ਆਪਣੀ ਮਾਂ ਦੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਮਹੇਸ਼ ਭੱਟ ਨੇ ਰਾਤ ਵੇਲੇ ਘਰ ਵਾਪਿਸ ਆਉਣ ਤੇ ਸਿਰਫ ਸਿੱਖ ਡਰਾਇਵਰ ਵਾਲੀ ਟੈਕਸੀ ਤੇ ਹੀ ਆਉਣ ਦੀ ਦਿੱਤੀ ਗਈ ਹਿਦਾਇਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਗਰ ਗੁਰੂ ਨਾਨਕ ਸਾਹਿਬ ਜੀ ਨੇ ਜਨੇਊੁ ਧਾਰਣ ਕਰਨ ਤੋਂ ਮਨਾ ਗੁਰਮਤਿ ਸਿਧਾਂਤਾ ਦਾ ਹਵਾਲਾ ਦੇ ਕੇ ਕੀਤਾ ਸੀ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸੇ ਜਨੇਉੂ ਦੀ ਰੱਖਿਆ ਵਾਸਤੇ ਆਪਣਾ ਬਲੀਦਾਨ ਦੇ ਕੇ ਧਾਰਮਿਕ ਅਜ਼ਾਦੀ ਦੇ ਪਹਿਰੇਦਾਰ ਵਜੋਂ ਜੋ ਅਮਿਟ ਛਾਪ ਛੱਡੀ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਦੀ ਰੱਖਿਆ ਲਈ ਸਿਖ ਕੌਮ ਵਲੋਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਅਨਮੋਲ ਦੱਸਦੇ ਹੋਏ ਮਹੇਸ਼ ਭੱਟ ਨੇ ਸਮੁੱਚੇ ਹਿੰਦੁਸਤਾਨੀਆਂ ਨੂੰ ਸਿੱਖਾਂ ਦਾ ਦੇਸ਼ ਪ੍ਰਤੀ ਕਰਜਾ ਉਤਾਰਨ ਅਤੇ ਮੁਲਕ ਨੂੰ ਮਹਿਫੂਜ਼ ਰੱਖਣ ਵਾਸਤੇ ਸਿੱਖਾਂ ਨੂੰ ਬਣਦਾ ਮਾਨ ਸਤਿਕਾਰ ਦੇਣ ਦੀ ਅਪੀਲ ਵੀ ਕੀਤੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਮਹੇਸ਼ ਭੱਟ ਨੂੰ ਸਿਰੋਪਾ, ਸ੍ਰੀ ਸਾਹਿਬ ਅਤੇ ਕਿਤਾਬਾਂ ਦਾ ਸੈਟ ਦੇ ਕੇ ਸਨਮਾਨਿਤ ਕਰਦੇ ਹੋਏ ਦਿੱਲੀ ਕਮੇਟੀ ਵਲੋਂ ਸਿੱਖਾਂ ਦੇ ਉਤੇ ਬਨਾਈ ਜਾ ਰਹੀ ਫਿਲਮ ‘ਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਕੀਤੀ। ਜੀ.ਕੇ. ਨੇ ਖੁਦ ਇਕ ਗਾਈਡ ਵਜੋਂ ਪੁੂਰੇ ਗੁਰਦੁਆਰਾ ਪਰਿਸਰ ਦਾ ਦੌਰਾ ਮਹੇਸ਼ ਭੱਟ ਨਾਲ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਵੀ ਜਾਣੂੰ ਕਰਵਾਇਆ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਹਰਵਿੰਦਰ ਸਿੰਘ ਕੇ.ਪੀ., ਗੁਰਦੇਵ ਸਿੰਘ ਭੋਲਾ, ਪਰਮਜੀਤ ਸਿੰਘ ਚੰਢੋਕ ਅਤੇ ਕੌਮਾਂਤਰੀ ਸਲਾਹਕਾਰ ਪੁਨੀਤ ਸਿੰਘ ਚੰਢੋਕ ਮੌਜੂਦ ਸਨ।