ਅਨੰਦਪੁਰ ਸਾਹਿਬ – ਉੰਝ ਤਾਂ ਪੰਜਾਬ ਸਰਕਾਰ ਦੇ ਲੱਗਭਗ ਸਾਰੇ ਹੀ ਮਹਿਕਮਿਆਂ ਵਿੱਚ ਗੰਦ ਪਿਆ ਹੈ, ਪਰ ਜਿਹੜੇ ਮਹਿਕਮੇ ‘ਪ’ ਨਾਲ ਸ਼ੁਰੂ ਹੁੰਦੇ ਹਨ, ਉਹਨਾਂ ਮਹਿਕਮਿਆਂ ਦੇ ਸਤਾਏ ਲੋਕਾਂ ਦੀ ਗਿਣਤੀ ਜਿਆਦਾ ਹੈ। ਪੁਲਿਸ ਮਹਿਕਮੇ ਤੋਂ ਬਾਅਦ ਦੂਸਰਾ ਲੋਕਾਂ ਦੇ ਆਹੂ ਲਾਹੁਣ ਵਾਲਾ ਮਹਿਕਮਾ ਪਟਵਾਰ ਮਹਿਕਮਾ ਹੈ, ਜੋ ਅਪਣੀਆਂ ਹੀ ਵਿਭਾਗੀ ਗਲਤੀਆਂ ਕਾਰਣ ਚਰਚਾ ਵਿੱਚ ਰਹਿੰਦਾ ਹੈ, ਪਰ ਭੁਗਤਣੀਆਂ ਆਮ ਲੋਕਾਂ ਨੂੰ ਪੈਂਦੀਆਂ ਹਨ। ਪਟਵਾਰ ਮਹਿਕਮੇ ਦੇ ਰਿਕਾਰਡ ਵਿੱਚ ਮਾਮੂਲੀ ਜਿਹੀ ਵੀ ਗਲਤੀ ਸਬੰਧਤ ਵਿਅਕਤੀ ਨੂੰ ਬਹੁਤ ਮਹਿੰਗੀ ਪੈ ਜਾਂਦੀ ਹੈ ਤੇ ਪ੍ਰਭਾਵਿਤ ਵਿਅਕਤੀ ਸਾਰੀ ਉਮਰ ਕੋਰਟ-ਕਚਿਹਰੀਆਂ ਦੇ ਗੇੜੇ ਮਾਰਦਾ ਰਹਿੰਦਾ ਹੈ। ਪਰ ਇਸ ਮਹਿਕਮੇ ਦੇ ਆਲਾ ਅਫਸਰ ਇਹਨਾਂ ਨੂੰ ਮਾਮੂਲੀ ਗੱਲ ਸਮਝ ਕੇ ਸਖਤ ਕਾਰਵਾਈ ਅਮਲ ਵਿੱਚ ਨਹੀਂ ਲਿਆਉਦੇ। ਪੰਜਾਬ ਦੇ ਮਾਲ ਵਿਭਾਗ ਦੇ ਰਿਕਾਰਡ ਵਿੱਚ ਸ਼ਾਇਦ ਹੀ ਕੋਈ ਪਿੰਡ ਐਸਾ ਹੋਵੇ, ਜਿਸ ਪਿੰਡ ਦੇ ਕਿਸੇ ਵਿਅਕਤੀ ਨੇ ਇਸ ਵਿਭਾਗ ਦੀਆਂ ਗਲਤੀਆਂ ਦਾ ਖਮਿਆਜਾ ਨਾ ਭੁਗਤਿਆ ਹੋਵੇ।
ਆਮ ਲੋਕ ਇਹਨਾਂ ਗਲਤੀਆਂ ਨੂੰ ਦਰੁਸਤ ਕਰਵਾਉਣ ਲਈ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਅਤੇ ਵਕੀਲਾਂ ਦਾ ਢਿੱਡ ਭਰਦੇ ਖਾਲੀ ਹੋ ਜਾਂਦੇ ਹਨ, ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ।
ਏਸੇ ਤਰਾਂ ਅਨੰਦਪੁਰ ਸਾਹਿਬ ਤਹਿਸੀਲ ਵਿੱਚ ਇੱਕ ਜ਼ਮੀਨ ਦੀ ਨਕਲ ਲੈਣ ਆਏ ਵਿਅਕਤੀ ਦਾ ਗੇੜੇ ਮਾਰ ਮਾਰ ਕੇ ਜਦੋਂ ਸਬਰ ਖਤਮ ਹੋ ਗਿਆ ਤਾਂ ਉਹ ਸਹਾਇਕ ਕਾਨੂੰਗੋ ਜਿਸਦਾ ਨਾਮ ਬਬਲੀ ਹੈ ਲਈ ਗਲੇ ਦੀ ਹੱਡੀ ਬਣ ਗਿਆ। ਜਿਕਰਯੋਗ ਹੈ ਕਿ ਇਹ ਸਹਾਇਕ ਕਾਨੂੰਗੋ ਜਿੱਥੇ ਰਿਸ਼ਵਤ ਲੈਣ ਲਈ ਬਦਨਾਮ ਹੈ, ਓਥੇ ਲੋਕਾਂ ਦੇ ਕੰਮ ਲਟਕਾ ਲਟਕਾ ਕੇ ਕਰਨ ਦਾ ਆਦੀ ਵੀ ਹੈ। ਹਰ ਨਿੱਕੇ ਮੋਟੇ ਕੰਮ ਵਿੱਚ ਪੈਸਾ ਮੰਗਣਾ ਸ਼ਾਇਦ ਏਦਾਂ ਦੇ ਅਧਿਕਾਰੀ ਅਪਣਾ ਜਨਮਸਿੱਧ ਅਧਿਕਾਰ ਸਮਝਦੇ ਹਨ।
ਨੂਰਪੁਰ ਬੇਦੀ ਇਲਾਕੇ ਦੇ ਪਿੰਡ ਲਾਲਪੁਰ ਦੇ ਰਹਿਣ ਵਾਲੇ ਸ਼੍ਰੀ ਬਲਰਾਮ ਕੁਮਾਰ ਨੇ ਦੱਸਿਆ ਕਿ ਅੱਜ ਉਸ ਦਾ ਕੋਈ ਦਸਵਾਂ ਗੇੜਾ ਹੈ, ਪਰ ਇਹ ਬੰਦਾ ਰੋਜ਼ ਲਾਰੇ ਲਾ ਰਿਹਾ ਹੈ। ਬਲਰਾਮ ਦੇ ਸਾਥੀ ਨੰਦ ਲਾਲ ਨੇ ਕਾਨੂੰਗੋ ਕੋਲੋਂ ਨਕਸ਼ਾ ਲੈਣਾ ਸੀ ਤੇ ਇਸ ਵਾਸਤੇ ਸਹਾਇਕ ਕਾਨੂੰਗੋ ਬਬਲੀ ਨੇ 500 ਰੁਪਏ ਦੀ ਮੰਗ ਕੀਤੀ ਸੀ ਤੇ ਬਲਰਾਮ ਜੋ ਕਿ ਖੁਦ ਵੀ ਸਰਕਾਰੀ ਮਹਿਕਮੇ ਵਿੱਚੋਂ ਰਿਟਾਇਰ ਹੋਇਆ ਹੈ, ਨੇ ਦੱਸਿਆ ਕਿ ਉਸ ਨੇ ਮੇਰੇ ਸੀਨੀਅਰ ਸਿਟੀਜਨ ਹੋਣ ਦੀ ਵੀ ਪ੍ਰਵਾਹ ਨਾ ਕਰਦਿਆਂ ਸਾਨੂੰ ਖੱਜਲ ਖੁਆਰ ਕਰ ਰਿਹਾ ਹੈ। ਜਦੋਂ ਕੱਲ੍ਹ ਮਿਤੀ 31 ਮਾਰਚ ਨੂੰ ਵੀ ਬਬਲੀ ਨੇ ਫੇਰ ਆਉਣ ਲਈ ਕਿਹਾ ਤਾਂ ਬਲਰਾਮ ਕੁਮਾਰ ਨੇ ਬਬਲੀ ਦੀ ਤਹਿਸੀਲਦਾਰ ਦਫਤਰ ਵਿੱਚ ਹੀ ਚੰਗੀ ਲਾਹ-ਪਾਹ ਕਰ ਦਿੱਤੀ ਤੇ ਵੇਖਦਿਆਂ ਵੇਖਦਿਆਂ ਓਥੇ ਭੀੜ ਇਕੱਠੀ ਹੋ ਗਈ। ਬਬਲੀ ਨੂੰ ਜਦੋਂ ਗੱਲ ਵਿਘੜਦੀ ਨਜ਼ਰ ਆਈ ਤਾਂ ਉਸ ਨੇ ਬਲਰਾਮ ਕੋਲੋਂ ਹੱਥ ਜੋੜ ਕੇ ਗਲਤੀ ਲਈ ਮੁਆਫੀ ਮੰਗੀ, ਪਰ ਬਲਰਾਮ ਕੁਮਾਰ ਨੇ ਉਸ ਨੂੰ ਸਬਕ ਸਿਖਾਉਣ ਲਈ ਤਹਿਸੀਲਦਾਰ ਦਫਤਰ ਦੇ ਬਾਹਰ ਸਭ ਦੇ ਸਾਹਮਣੇ ਮੁਆਫੀ ਮੰਗਣ ਲਈ ਮਜ਼ਬੂਰ ਕੀਤਾ ਤੇ ਬਬਲੀ ਨੂੰ ਜਾਨ ਬਚਾਉਣ ਲਈ ਇਹ ਵੀ ਕਰਨਾ ਪਿਆ।
ਜਦੋਂ ਬਲਰਾਮ ਕੁਮਾਰ ਨਾਲ ਗੱਲ ਕੀਤੀ ਗਈ ਕਿ ਕੀ ਤੁਸੀਂ ਬਬਲੀ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਤੱਕ ਪੁਜਾਓਗੇ ਤਾਂ ਉਹਨਾਂ ਨੇ ਕਿਹਾ ਕਿ ਏਹਦੇ ਲਈ ਏਨਾ ਹੀ ਕਾਫੀ ਹੈ, ਜੇ ਸ਼ਰਮ ਹੋਈ ਤਾਂ ਅੱਗੇ ਤੋਂ ਬੰਦੇ ਦਾ ਪੁੱਤ ਬਣ ਜਾਵੇਗਾ। ਜਦੋਂ ਇਸ ਸਬੰਧੀ ਬਬਲੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਵਿੱਚ ਗੱਲ ਕਰਨ ਤੋਂ ਕੰਨੀਂ ਕਤਰਾਉਂਦਾ ਰਿਹਾ।
ਜਦੋਂ ਸਹਾਇਕ ਕਾਨੂੰਗੋ ਨੂੰ ਪੈਰੀਂ ਪੈ ਕੇ ਜਾਨ ਛੁਡਾਉਣੀ ਪਈ
This entry was posted in ਪੰਜਾਬ.