ਚੋਣਾਂ ਦੀ ਰੁੱਤ ਆਈ ਵੇ ਲੋਕੋ।
ਰੌਣਕ ਬਣਕੇ ਛਾਈ ਵੇ ਲੋਕੋ।
ਖੜੇ ਉਡੀਕਣ ਨੇਤਾ ਜੀ ਹੁਣ ,
ਪਹਿਲੀਨਜ਼ਰ ਟਿਕਾਈ ਵੇ ਲੋਕੋ । ਰੁੱਤ ਨਵਿਆਂ ਦੀ ਆਈ ਵੇ ਲੋਕੋ ।
ਢੋਲ ਢਮੱਕੇ , ਖੌਰੂ ਪੈਣੇ ,
ਪੈਣੀ ਕਿਵੇਂ ਦੁਹਾਈ ਵੇ ਲੋਕੋ ।
ਕੁਰਸੀ ਬਦਲੇ ਚੌਧਰ ਬਦਲੇ ,
ਦੇਣੇ ਬਿਆਨ ਹਵਾਈ ਵੇ ਲੋਕੋ ।
ਕੁੱਝ ਵੀ ਸਸਤਾ ਰਹਿਣ ਨਹੀਂ ਦੇਣਾ ,
ਦੇਣੀ ਮਾਰ ਮਹਿੰਗਾਈ ਵੇ ਲੋਕੋ ।
ਇੱਕ ਦੂਜੇ ਦੀ ਕਰ ਕਰ ਨਿੰਦਾ,
ਜਾਣੀ ਖੇਹ ਉਡਾਈ ਵੇ ਲੋਕੋ ।
ਸਾਰੇ ਝੇੜੇ ਕੁਰਸੀ ਦੇ ਹਨ ,
ਜਦ ਕੁਰਸੀ ਹੱਥ ਆਈ ਲੋਕੋ ।
ਓਹੀਓ ਰੱਸੇ ਓਹੀਓ ਪੈੜੇ ,
ਪੜਛੇ ਜਾਣੇ ਲਾਹੀ ਵੇ ਲੋਕੋ ।
ਜੋ ਕੁੱਝ ਮਿਲਿਆ ਛੱਕ ਜਾਣਾ ਸੱਭ ,
ਕਰਨੀ ਜੇਬ ਭਰਾਈ ਵੇ ਲੋਕੋ ।
ਜੰਤਾ ਦੇ ਕੁੱਝ ਹੱਥ ਨਹੀਂ ਆਉਣਾ ,
ਕਰਨੀ ਦਿੱਲ ਧਰਾਈ ਵੇ ਲੋਕੋ ।
ਜਾਦੂਗਰ ਦੇ ਝੁਰਲੂ ਵਾਂਗੋਂ ,
ਹੱਥ ਦੀ ਨਿਰੀ ਸਫਾਈ ਵੇ ਲੋਕੋ ।
ਨਵਾਂ ਤਮਾਸ਼ਾ ਕਰਨਗੇ ਨੇਤਾ ,
ਜੰਤਾ ਲਾਰੇ ਲਾਈ ਵੇ ਲੋਕੋ ।
ਨਵੇਂ ਨਵੇਂ ਕਈ ਗੁੱਲ ਖਿਲਣਗੇ ,
ਜਾਣੇ ਚੰਨ ਚੜ੍ਹਾਈ ਵੇ ਲੋਕੋ ।
ਭੁੱਲ ਜਾਣਗੇ ਕੀਤੇ ਵਾਅਦੇ ਸਾਰੇ,
ਜਦ ਕੁਰਸੀ ਹੱਥ ਆਈ ਵੇ ਲੋਕੋ ,
ਸੋਚ ਸਮਝ ਕੇ ਪਾਇਓ ਵੋਟਾਂ ,
ਰੁੱਤ ਵੋਟਾਂ ਦੀ ਆਈ ਵੇ ਵੇ ਲੋਕੋ ।