ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖਿਡਾਰੀਆਂ ਵੱਲੋਂ ਆਸਾਮ ਐਗਰੀਕਲਚਰਲ ਯੂਨੀਵਰਸਿਟੀ ਜੋਰਹਾਟ ਵਿਖੇ ਆਯੋਜਿਤ 15 ਵੀਂ ਕੁੱਲ ਭਾਰਤੀ ਐਗਰੀਕਚਲਰਲ ਯੂਨੀਵਰਸਿਟੀ ਖੇਡ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦਾ ਨਾਂ ਰੋਸ਼ਨ ਕੀਤਾ । ਇਸ ਪ੍ਰਤਿਯੋਗਤਾ ਵਿੱਚ ਯੂਨੀਵਰਸਿਟੀ ਦੇ 40 ਖਿਡਾਰੀ ਸ਼ਾਮਲ ਹੋਏ ਜਿਨ੍ਹਾਂ ਵੱਲੋਂ ਲਗਾਤਾਰ ਵਾਰ ਪੰਜਵੀਂ ਵਾਰ ਲਗਾਤਾਰ ਇਹ ਮੁਕਾਬਲਾ ਜਿੱਤਣ ਦਾ ਸਨਮਾਨ ਪ੍ਰਾਪਤ ਕੀਤਾ ਹੈ ।
ਇਸ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਬਾਸਕਟ ਬਾਲ ਲੜਕਿਆਂ ਦੇ ਮੁਕਾਬਲੇ ਵਿਚ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ । ਉਹਨਾਂ ਦੱਸਿਆ ਕਿ ਲੜਕਿਆਂ ਦੇ ਬੈਡਮਿੰਟਨ ਅਤੇ ਵਾਲੀਵਾਲ ਦੇ ਮੁਕਾਬਲਿਆਂ ਵਿਚ ਵੀ ਪਹਿਲਾਂ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ ਟੇਬਲ ਟੈਨਿਸ ਦੇ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ । ਯੂਨੀਵਰਸਿਟੀ ਦੇ ਡਿਪਟੀ ਡਾਇਰੈਕਟਰ ਸਪੋਰਟਸ ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵਾਲੀਵਾਲ ਦੀ ਟੀਮ ਦਾ ਵਿਦਿਆਰਥੀ ਕੰਵਲਜੀਤ ਸਿੰਘ ਅਤੇ ਬਾਸਕਟ ਬਾਲ ਦੀ ਟੀਮ ਦਾ ਖਿਡਾਰੀ ਅਮਨਦੀਪ ਸਿੰਘ ਸਰਵਤੋਮ ਖਿਡਾਰੀਆਂ ਵਜੋਂ ਮਾਣ ਪ੍ਰਾਪਤ ਕਰਨ ਵਿੱਚ ਸਫ਼ਲ ਹੋਏ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ ਵੀ ਯੂਨੀਵਰਸਿਟੀ ਨੇ ਆਪਣੇ ਸਰਵੋਤਮਤਾ ਦਿਖਾਈ ਜਿਸ ਵਿੱਚ ਜਪੁਜੀਤ ਸਿੰਘ ਨੇ 1500 ਮੀਟਰ ਵਿੱਚ ਤਜਿੰਦਰਪਾਲ ਸਿੰਘ ਨੇ ਗੋਲਾ ਸੁੱਟਣ ਅਤੇ ਡਿਸਕਸ ਥਰੋਅ ਵਿੱਚ ਕ੍ਰਮਵਾਰ ਪਹਿਲਾ ਸਥਾਨ ਹਾਸਲ ਕੀਤਾ ।
ਇਸ ਸਨਮਾਨ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਟੀਮ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਮਾਣ ਪ੍ਰਾਪਤ ਹੈ ਕਿ ਚੰਗੇਰੇ ਸਾਇੰਸਦਾਨਾਂ ਦੇ ਨਾਲ ਨਾਲ ਇਥੋਂ ਦੇ ਵਿਦਿਆਰਥੀ ਖੇਡਾਂ ਅਤੇ ਕਲਾ ਦੇ ਖੇਤਰ ਵਿੱਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਆਪਣਾ ਅਤੇ ਆਪਣੀ ਯੂਨੀਵਰਸਿਟੀ ਦਾ ਨਾਂ ਉਚਾ ਚੁੱਕ ਸਕੇ ਹਨ ।