ਪੰਦਰਾਂ ਵੀਹ ਦਿਨ ਪਹਿਲਾਂ ਪੰਜਾਬੀ ਦੇ ਇਕ ਪ੍ਰਮੁੱਖ ਅਖ਼ਬਾਰ ਦੀ ਇਕ ਖ਼ਬਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਂਅ ੳੇੁਤੇ ਵੋਟਾਂ ਮੰਗੇਗਾ। ਇਸ ਲਈ ਇਹ ਦਲੀਲ ਦਿਤੀ ਗਈ ਕਿ 2009 ਦੀਆਂ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਨੇ ਆਪਣੇ ਪ੍ਰਧਾਨ ਮੰਤਰੀ ਦੇ ਘੋਸ਼ਿਤ ਉਮੀਦਵਾਰ ਡਾ. ਮਨਮੋਹਨ ਸਿੰਘ ਦੇ ਨਾਂਅ ਉਤੇ ਵੋਟਾਂ ਮੰਗੀਆਂ ਸਨ ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ ਨੂੰ ਆਸ ਹੈ ਕਿ ਸ੍ਰੀ ਮੋਦੀ ਦੇ ਨਾਂਅ, ਜਿਸ ਦੀ ਦੇਸ਼ ਵਿਚ ਇਕ ਹਵਾ ਹੈ, ਉਤੇ ਉਸ ਨੂੰ ਜਿੱਤ ਪ੍ਰਾਪਤ ਹੋਏਗੀ।ਖ਼ਬਰ ਪੜ੍ਹ ਕੇ ਹੈਰਾਨੀ ਵੀ ਹੋਈ ਤੇ ਅਕਾਲੀ ਦਲ ਉਤੇ ਤਰਸ ਵੀ ਆਇਆ।ਹੁਣ ਦੇਖਣ ਵਿਚ ਵੀ ਆ ਰਿਹਾ ਹੈ ਕਿ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਉਨ੍ਹਾਂ ਦੇ ਸ਼ਹਿਜ਼ਾਦੇ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜੋ ਪਾਰਟੀ ਦੇ ਪ੍ਰਧਾਨ ਵੀ ਹਨ ਅਤੇ ਸਾਰੇ ਅਕਾਲੀ ਉਮੀਦਵਾਰ ਸ੍ਰੀ ਮੋਦੀ ਦੇ ਨਾਂਅ ਉਤੇ ਵੋਟਾਂ ਮੰਗ ਰਹੇ ਹਨ।ਅਕਾਲੀ ਦਲ ਦੇ ਕਈ ਪੋਸਟਰਾਂ ਵਿਚ ਸ੍ਰੀ ਬਾਦਲ ਤੇ ਸ੍ਰੀ ਮੋਦੀ ਦੀ ਫੋਟੋ ਦਿਤੀ ਗਈ ਹੈ।
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕ ਬਹੁਤ ਹੀ ਸ਼ਕਤੀਸ਼ਾਲੀ ਸਿਆਸੀ ਪਾਰਟੀ ਹੈ,ਜੋ ਸਾਲ 1966 ਵਿਚ ਭਾਸ਼ਾ ਦੇ ਅਧਾਰ ਉਤੇ ਪੰਜਾਬੀ ਸੂਬੇ ਦੀ ਸਥਾਪਤੀ ਪਿਛੋਂ ਇਥੇ ਗੈਰ-ਕਾਂਗਰਸੀ ਸਰਕਾਰ ਬਣਾਉਂਦਾ ਰਿਹਾ ਹੈ, ਤੇ ਕੇਂਦਰ ਵਿਚ ਦੋ ਅਕਾਲੀ ਮੰਤਰੀ ਬਣਦੇ ਰਹੇ ਹਨ। ਦਸੰਬਰ 1920 ਵਿਚ ਅੰਗਰੇਜ਼ ਸਰਕਾਰ ਦੀ ਹਿਮਾਇਤ ਪ੍ਰਾਪਤ ਮਹੰਤਾਂ ਤੇ ਪੁਜਾਰੀਆਂ ਤੋਂ ਆਪਣੇ ਇਤਿਹਾਸਿਕ ਗੁਰਦੁਆਰੇ ਅਜ਼ਾਦ ਕਰਵਾਉਣ ਲਈ ਸ਼ਹੀਦਾਂ ਦੀ ਇਸ ਜੱਥੇਬੰਦੀ ਦਾ ਬੜਾ ਗੌਰਵਮਈ ਇਤਿਹਾਸ ਹੈ। ਗੁਰਦੁਆਰੇ ਆਜ਼ਾਦ ਕਰਵਾਉਣ ਲਈ ਕਈ ਮੋਰਚੇ ਲਗੇ, ਸਾਕੇ ਵਰਤੇ, ਅਕਾਲੀਆਂ ਨੇ ਸ਼ਾਂਤਮਈ ਰਹਿ ਕੇ ਅੰਗਰੇਜ਼ ਸਰਕਾਰ ਦੇ ਜ਼ੁਲਮ ਤਸ਼ੱਦਦ ਬਰਦਾਸ਼ਤ ਕੀਤੇ। ਗੁਰਦੁਆਰਾ ਸੁਧਾਰ ਲਹਿਰ ਨੂੰ ਕਾਂਗਰਸ ਪਾਰਟੀ ਦੀ ਪੂਰਨ ਹਿਮਾਇਤ ਹਾਸਲ ਸੀ। ਜਦੋਂ ਅਕਾਲੀਆਂ ਨੇ ‘ਚਾਬੀਆਂ ਦਾ ਮੋਰਚਾ’ ਫਤਹਿ ਕੀਤਾ,ਮਹਾਤਮਾ ਗਾਂਧੀ ਨੇ ਅਕਾਲੀ ਦਲ ਦੇ ਪ੍ਰਧਾਨ ਬਾਬਾ ਖੜਕ ਸਿੰਘ, ਜੋ ਸਿੱਖਾਂ ਦੇ ਬੇਤਾਜ ਬਾਦਸ਼ਾਹ ਕਹੇ ਜਾਂਦੇ ਸਨ, ਨੂੰ ਤਾਰ ਭੇਜੀ, “ਹਿੰਦੋਸਤਾਨ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤ ਲਈ, ਵਧਾਈ ਹੋਵੇ-ਐਮ.ਕੇ.ਗਾਂਧੀ”।(First batte of Indian Freedom won, congratulations-M.K.Gandhi) ਆਖਿਰ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ ਤੇ ਜਮਹੂਰੀ ਢੰਗ ਨਾਲ ਚੁਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਗੁਰਦੁਆਰਾ ਐਕਟ-1925 ਪਾਸ ਕੀਤਾ। ਵੀਹਵੀਂ ਸਦੀ ਵਿਚ ਸਿੱਖਾਂ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਗੁਰਦੁਆਰੇ ਆਜ਼ਾਦ ਕਰਵਾਕੇ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਅਹਿਮ ਰੋਲ ਅਦਾ ਕੀਤਾ ਤੇ ਆਜ਼ਾਦੀ ਪਿਛੋਂ ਦੇਸ਼ ਦੀ ਰੱਖਿਆ ਤੇ ਸਰਬ-ਪੱਖੀ ਵਿਕਾਸ ਵਿਚ ਮਹਾਨ ਯੋਗਦਾਨ ਪਾਇਆ।
ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਇਕੋ ਇਕ ਅਜੇਹੀ ਪਾਰਟੀ ਹੈ ਜਿਸ ਨੇ 1975 ਵਿਚ ਐਮਰਜੈਂਸੀ ਵਿਰੁਧ ਮੋਰਚਾ ਲਗਾਇਆ ਤੇ ਲੋਕਾਂ ਦੇ ਬੁਨਿਆਦੀ ਅਧਿਕਾਰ ਬਹਾਲ ਕਰਵਾਏ, ਭਾਵੇਂ ਸਰਕਾਰ ਵਲੋਂ ਕਿਸੇ ਵੀ ਅਕਾਲੀ ਲੀਡਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਪਿੱਛਲੇ 7 ਸਾਲਾਂ ਤੋਂ ਪੰਜਾਬ ਵਿਚ ਭਾਜਪਾ ਦੇ ਸਹਿਯੋਗ ਨਲ ਰਾਜ ਹੈ, ਸ੍ਰੀ ਬਾਦਲ ਪੰਜਵੀਂ ਵਾਰੀ ਮੁੱਖ ਮੰਤਰੀ ਬਣੇ ਹਨ। ਇਸ ਪਾਰਟੀ ਦਾ ਸਿੱਖ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਕਬਜ਼ਾ ਹੈ,ਜੋ ਅਧੀਨ ਪੰਜਾਂ ਵਿਚੋਂ ਤਿੰਨ ਤਖ਼ਤਾਂ ਦੇ ਜੱਥੇਦਾਰ ਇਨ੍ਹਾਂ ਦੇ ਵਫ਼ਾਦਾਰ “ਸਿੰਘ ਸਾਹਿਬਾਨ” ਹਨ, ਉਤੇ ਕਬਜ਼ਾ ਹੈ ਤੇ ਬਾਦਲਾਂ ਤੋਂ ਪੁੱਛੇ ਬਿਨਾਂ ਇਕ ਪੱਤਾ ਵੀ ਨਹੀਂ ਹਿਲਦਾ। ਪਾਰਟੀ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਵੀ ਕਬਜ਼ਾ ਹੈ।ਬਾਦਲ ਸਾਹਿਬ ਮੁਖ ਮੰਤਰੀ ਤੇ ਪੁੱਤਰ ਉਪ ਮੁੱਖ ਮੰਤਰੀ, ਜਵਾਈ ਮੰਤਰੀ,ਨੂੰਹ ਐਮ.ਪੀ.,ਨੂੰਹ ਦਾ ਭਰਾ ਸਭ ਤੋਂ ਵੱਧ ਸ਼ਕਤੀਸ਼ਾਲੀ ਮੰਤਰੀ ਤੇ ਹੋਰ ਕਈ ਰਿਸ਼ਤੇਦਾਰ ਉਚ ਸਿਅਾਸੀ ਅਹੁਦਿਆਂ ਉਤੇ ਬਿਰਜਮਾਨ ਹਨ। ਖੁਦ ਇਤਨਾ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਲੋਕ ਸਭਾ ਚੋਣਾਂ ਲਈ ਵੋਟਾਂ ਸ੍ਰੀ ਮੋਦੀ ਦੇ ਨਾਂਅ ਉਤੇ ਮੰਗਣਾ ਪਾਰਟੀ ਦਾ ਦੀਵਾਲੀਆਪਨ ਤੇ ਸ਼ਰਮ ਵਾਲੀ ਗੱਲ ਹੈ।ਜਾਪਦਾ ਹੈ ਕਿ ਭਾਜਪਾ ਵਾਂਗ ਸ਼੍ਰੋਮਣੀ ਅਕਾਲੀ ਦਲ ਵੀ ਆਰ.ਐਸ.ਐਸ. ਦਾ ਇਕ ਸਿਆਸੀ ਵਿੰਗ ਬਣ ਗਿਆ ਹੈ। ਇਹ ਸਾਰੇ ਦੇਸ਼ ਨੂੰ ਪਤਾ ਹੈ ਕਿ ਸ੍ਰੀ ਮੋਦੀ ਉਤੇ ਗੁਜਰਾਤ ਵਿਚ ਘੱਟ ਗਿਣਤੀ ਮੁਸਲਮਾਨਾਂ ਦਾ ਕਤਲੇਆਮ ਲਈ ਸ਼ਹਿ ਦੇਣ ਦੇ ਦੋਸ਼ ਲਗੇ ਹਨ ਅਤੇ ਉਸ ਸਮੇ ਦੇ ਭਾਜਪਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ‘ਰਾਜ ਧਰਮ’ ਨਿਭਾਉਣ ਦੀ ਨਸੀਹਤ ਦਿਤੀ ਸੀ। ਉਹ ਸ੍ਰੀ ਮੋਦੀ ਨੂੰ ਮੁਖ ਮੰਤਰੀ ਦੇ ਅਹੁਦੇ ਤੋਂ ਹਟਾਉਣਾ ਵੀ ਚਾਹੁੰਦੇ ਸਨ, ਪਰ ਡਿਪਟੀ ਪ੍ਰਧਾਨ ਮੰਤਰੀ ਐਲ.ਕੇ.ਅਡਵਾਨੀ ਨੇ ਬਚਾ ਲਿਆ। ਹੁਣ ਉਸੇ ਅਡਵਾਨੀ ਦੀ ਛਾਤੀ ‘ਤੇ ਪੈਰ ਰੱਖ ਕੇ ਸ੍ਰੀ ਮੋਦੀ ਆਰ.ਐਸ.ਐਸ. ਤੋਂ ਭਾਜਪਾ ਲੀਡਰਸ਼ਿਪ ਉਤੇ ਪ੍ਰੈਸ਼ਰ ਪੁਆ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣੇ ਹਨ।ਐਸ.ਆਈ.ਟੀ. ਨੇ ਭਾਵੇਂ ਸ੍ਰੀ ਮੋਦੀ ਨੂੰ ਗੁਜਰਾਤ ਦੰਗਿਆਂ ‘ਚ ‘ਕਲੀਨ ਚਿੱਟ’ ਦਿਤੀ ਹੈ, ਪਰ ਸਾਬਕਾ ਐਮ.ਪੀ. ਅਹਿਸਾਨ ਜਾਫ਼ਰੀ ਦੀ ਵਿਧਵਾ ਨੇ ਇਸ ਨੂੰ ਹਾਈ ਕੋਰਟ ਵਿਚ ਚੈਲੰਜ ਕੀਤਾ ਹੈ,ਜਿਥੇ ਇਸ ਬਾਰੇ ਫੈਸਲਾ ਹਾਲੇ ਹੋਣਾ ਹੈ।
ਸਤੰਬਰ 1965 ਦੇ ਭਾਰਤ-ਪਾਕਿ ਯੁੱਧ ਪਿਛੋਂ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਪੰਜਾਬ ਤੇ ਹਰਿਆਣਾ ਦੇ ਲਗਭਗ ਪੰਜ ਹਜ਼ਾਰ ਕਿਸਾਨਾਂ ਨੂੰ ਬੰਜਰ ਜ਼ਮੀਨਾਂ ਦੇ ਕੇ ਗੁਜਰਾਤ ਵਿਚ ਰਣ ਕੱਛ ਖੇਤਰ ਵਿਚ ਵਸਾਇਆ ਸੀ।ਇਨ੍ਹਾਂ ਕਿਸਾਨਾਂ ਨੇ ਆਪਣੀ ਕਰੜੀ ਮਿਹਨਤ ਨਾਲ ਲਹੂ-ਪਸੀਨਾ ਇਕ ਕਰ ਕੇ ਇਨ੍ਹਾਂ ਜ਼ਮੀਨਾਂ ਨੂੰ ਉਪਜਾਊ ਬਣਾਇਆ।ਮੁੱਖ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਉਜਾੜਨ ਦਾ ਯਤਨ ਕਰ ਰਹੇ ਹਨ।ਬਾਦਲ ਸਾਹਿਬ ਇਨ੍ਹਾ ਕਿਸਾਨਾਂ ਲਈ ਕੁਝ ਨਹੀਂ ਕਰ ਰਹੇ।
ਬਾਦਲ ਪਰਿਵਾਰ ਦਾਅਵਾ ਕਰ ਰਿਹਾ ਹੈ ਕਿ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ‘ਤੇ ਪੰਜਾਬ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਦੀ ਛੇ ਸਾਲ ਸਰਕਾਰ ਕੇਂਦਰ ਵਿਚ ਰਹੀ ਹੈ, ਅਕਾਲੀ ਦਲ ਦੇ ਸੁਖਬੀਰ ਬਾਦਲ ਤੇ ਸੁਖਦੇਵ ਸਿੰਘ ਢੀਂਡਸਾ ਮੰਤਰੀ ਰਹੇ ਹਨ, ਉਸ ਸਮੇਂ ਪੰਜਾਬ ਲਈ ਕੀ ਪ੍ਰਾਪਤ ਕੀਤਾ? ਹੁਣ ਪਹਿਲਾਂ ਤਾਂ ਸ੍ਰੀ ਮੋਦੀ ਦੀ ਸਰਕਾਰ ਸੱਤਾ ਵਿਚ ਆਉਣ ਦੀ ਸੰਭਾਵਨਾ ਨਹੀਂ,ਲਟਕਵੀ ਪਾਰਲੀਮੈਂਟ ਦੀ ਆਸ ਹੈ, ਜੇ ਸੱਤਾ ਵਿਚ ਆ ਹੀ ਗਈ ਤਾਂ ਵੀ ਇਸ ਦਾ ਕੀ ਭਰੋਸਾ ਹੈ ਕਿ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ- ਕੀ ਚੰਡੀਗੜ ਤੇ ਪੰਜਾਬੀ ਭਾਸ਼ਾਈ ਇਲਾਕੇ ਪੰਜਾਬ ਵਿਚ ਸ਼ਾਮਿਲ ਹੋ ਸਕਣਗੇ? ਕੀ ਨਵੰਬਰ 84 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾ ਦਿਲਵਾ ਸਕਣਗੇ? ਕੀ ਆਨੰਦਪੁਰ ਸਾਹਿਬ ਦੇ ਮੱਤੇ ਅਨੁਸਾਰ ਪੰਜਾਬ ਤੇ ਦੂਜੇ ਸੂਬਿਆਂ ਨੂੰ ਵੱਧ ਅਧਿਕਾਰ ਮਿਲਣਗੇ? ਕੀ ਦਰਿਆਂਈ ਪਾਣੀਆਂ ਵਿਚ ਪੰਜਾਬ ਨੂੰ ਇਨਸਾਫ਼ ਮਿਲੇਗਾ ਜਦੋਂ ਕਿ ਸ੍ਰੀ ਮੋਦੀ ਦੇਸ਼ ਦੇ ਸਾਰੇ ਦਰਿਆਵਾਂ ਨੂੰ ਆਪਸ ਵਿਚ ਜੋੜਨ ਦੀ ਗੱਲ ਕਰ ਰਹੇ ਹਨ? ਕੀ ਪੰਜਾਬ ਦਾ ਕਰਜ਼ਾ ਮੁਆਫ਼ ਹੋਵੇਗਾ? ਬਾਦਲ ਸਾਹਿਬ ਨੂੰ ਸ੍ਰੀ ਮੋਦੀ ਨਾਲ ਗਲ ਪੱਕੀ ਕਰ ਲੈਣੀ ਚਾਹੀਦੀ ਹੈ, ਆਖਿਰ ਪੰਜਾਬ ਦੇ ਲੋਕਾਂ ਨੂੰ ਇਸ ਸਭ ਮਸਲਿਆਂ ਬਾਰੇ ਉਨ੍ਹਾਂ ਨੂੰ ਖੁਦ ਜਵਾਬ ਦੇਣਾ ਪਏਗਾ।
ਉਪਰੋਕਤ ਤੱਥਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ ਸ੍ਰੀ ਮੋਦੀ ਦੇ ਨਾਂਅ ਉਤੇ ਵੋਟਾਂ ਮੰਗਣਾ ਸਰਾਸਰ ਗੱਲਤ ਹੈ ਤੇ ਆਪਣੀ ਹੀ ਪਾਰਟੀ ਦਾ ਅਤੇ ਖੁਦ ਅਪਣਾ ਮਜ਼ਾਕ ਉਡਾਉਣ ਵਾਲੀ ਗੱਲ ਹੈ।