ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖਮੰਤਰੀ ਮਮਤਾ ਬੈਨਰਜੀ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਰਾਜ ਵਿੱਚ ਅਧਿਕਾਰੀਆਂ ਦੇ ਤਬਾਦਲੇ ਦੇ ਮੁੱਦੇ ਤੇ ਚੋਣ ਕਮਿਸ਼ਨ ਦਾ ਹੁਕਮ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਰਾਜ ਵਿੱਚ 5 ਐਸ ਪੀ, ਇੱਕ ਡੀਐਮ ਅਤੇ ਦੋ ਐਡੀਸ਼ਨਲ ਜਿਲ੍ਹਾ ਮੈਜਿਸਟਰੇਟ ਦੇ ਤਬਾਦਲੇ ਕਰਨ ਲਈ ਕਿਹਾ ਸੀ। ਮਮਤਾ ਨੇ ਆਪਣੇ ਤੇਵਰ ਵਿਖਾਉਂਦੇ ਹੋਏ ਕਿਹਾ ਕਿ ਉਹ ਚੋਣ ਕਮਿਸ਼ਨ ਦੇ ਆਦੇਸ਼ ਤੇ ਕਿਸੇ ਵੀ ਅਫਸਰ ਨੂੰ ਨਹੀਂ ਹਟਗਏਗੀ। ਅਜਿਹੀ ਸਥਿਤੀ ਵਿੱਚ ਰਾਜ ਵਿੱਚ ਹੋਣ ਵਾਲੀਆਂ ਲੋਕਸਭਾ ਚੋਣਾਂ ਰੱਦ ਹੋ ਸਕਦੀਆਂ ਹਨ। ਚੋਣ ਆਯੋਗ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਦੀ ਸਰਕਾਰ ਦੇ ਰਵਈਏ ਤੇ ਨਜ਼ਰ ਰੱਖੀ ਜਾ ਰਹੀ ਹੈ, ਜੇ ਮਮਤਾ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾਂ ਬਦਲਿਆ ਤਾਂ ਰਾਜ ਵਿੱਚ ਚੋਣ ਕਰਵਾਉਣੀ ਸੰਭਵ ਨਹੀਂ ਹੈ।
ਮੁੱਖਮੰਤਰੀ ਮਮਤਾ ਨੇ ਕਿਹਾ, ‘ਮੈਂ ਚੋਣ ਕਮਿਸ਼ਨ ਨੂੰ ਚੁਣੌਤੀ ਦਿੰਦੀ ਹਾਂ ਕਿ ਜਦੋਂ ਤੱਕ ਮੈਂ ਪਾਵਰ ਵਿੱਚ ਹਾਂ, ਉਹ ਕਿਸੇ ਵੀ ਅਧਿਕਾਰੀ ਨੂੰ ਹਟਾ ਕੇ ਵਿਖਾਵੇ।’ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਸੁਨੀਲ ਗੁਪਤਾ ਨੇ ਕਿਹਾ ਹੈ, ‘ਚੋਣਾਂ ਦੇ ਐਲਾਨ ਦੇ ਨਾਲ ਹੀ ਕਿਸੇ ਵੀ ਰਾਜ ਦੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਚੋਣ ਆਯੋਗ ਦੇ ਅਧੀਨ ਹੋ ਜਾਂਦੇ ਹਨ। ਸੰਵਿਧਾਨ ਅਨੁਸਾਰ ਉਹ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹੀ ਕੰਮ ਕਰਦੇ ਹਨ।’
ਚੋਣ ਕਮਿਸ਼ਨ ਨੇ ਇਸ ਮੁੱਦੇ ਤੇ ਫੈਂਸਲਾ ਕਰਨ ਲਈ ਇੱਕ ਬੈਠਕ ਬੁਲਾਈ ਹੈ, ਜਿਸ ਵਿੱਚ ਮੁੱਖ ਚੋਣ ਕਮਿਸ਼ਨ ਤੋਂ ਇਲਾਵਾ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਵੀ ਸ਼ਾਮਿਲ ਹੋਣਗੇ ਅਤੇ ਜਲਦੀ ਹੀ ਇਸ ਸਬੰਧੀ ਨਿਰਣਾ ਲਿਆ ਜਾਵੇਗਾ।