ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਦਾ ਜਦੋਂ ਤੋਂ ਜਨਮ ਹੋਇਆ ਹੈ, ਕਦੀ ਵੀ ਕਿਸੇ ਦੀ ਗੁਲਾਮ ਬਣਕੇ ਜਾਂ ਜਲੀਲ ਹੋ ਕੇ ਨਹੀਂ ਵਿਚਰੀ ਤੇ ਨਾ ਹੀ ਕੋਈ ਵੱਡੀ ਤੋ ਵੱਡੀ ਤਾਕਤ ਸਿੱਖ ਕੌਮ ਨੂੰ ਗੁਲਾਮ ਬਣਾ ਸਕੀ ਹੈ, ਇਤਿਹਾਸ ਇਸ ਗੱਲ ਦਾ ਗਵਾਹ ਹੈ । ਜਦੋਂ ਜ਼ਾਬਰ ਹੁਕਮਰਾਨਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਕੇ ਸਿੱਖ ਕੌਮ ਦਾ ਖੁਰਾ-ਖੋਜ਼ ਮਿਟਾਉਣ ਦੀ ਠਾਣੀ ਸੀ, ਉਸ ਸਮੇਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਨੇ ਟੈਕਸ ਲਗਾਕੇ ਆਪਣੀ ਵੱਖਰੀ, ਨਿਰਾਲੀ ਪਹਿਚਾਣ ਅਤੇ ਕੌਮੀ ਸਵੈਮਾਨ ਨੂੰ ਕਾਇਮ ਰੱਖਣ ਲਈ ਜ਼ਾਬਰ ਹਕੂਮਤ ਨੂੰ ਚੁਣੋਤੀ ਵੀ ਦਿੱਤੀ ਸੀ ਅਤੇ ਇਹ ਅਹਿਸਾਸ ਵੀ ਕਰਵਾ ਦਿੱਤਾ ਸੀ ਕਿ ਸਿੱਖ ਕੌਮ ਅਣਖ਼ ਅਤੇ ਗੈਰਤ ਵਾਲੀ ਕੌਮ ਹੈ । ਅੱਜ ਜਦੋਂ ਬਾਦਲ ਦਲੀਏ ਬਹੁਤੇ ਡੇਰੇਦਾਰ, ਧਾਰਮਿਕ ਸਖਸ਼ੀਅਤਾਂ ਸਿਆਸੀ ਰੁਤਬਿਆ ਅਤੇ ਦੁਨਿਆਵੀ ਲਾਲਸਾਵਾਂ ਦੇ ਵੱਸ ਹੋ ਕੇ ਹਿੰਦੂਤਵ ਤਾਕਤਾਂ ਦੇ ਗੁਲਾਮ ਬਣਕੇ ਵਿਚਰ ਰਹੇ ਹਨ ਅਤੇ ਸਿੱਖੀ ਸੋਚ, ਮਿਸਨ, ਮਰਿਯਾਦਾਵਾਂ-ਨਿਯਮਾਂ ਨੂੰ ਪੂਰਨ ਤੌਰ ਤੇ ਤਿਲਾਜ਼ਲੀ ਦੇ ਚੁੱਕੇ ਹਨ ਅਤੇ ਦੁਸ਼ਮਣ ਸਿੱਖ ਧਰਮ ਅਤੇ ਸਿੱਖ ਕੌਮ ਨੂੰ ਖ਼ਤਮ ਕਰਨ ਦੀਆਂ ਸਾਜਿ਼ਸਾਂ ਤੇ ਕੰਮ ਕਰ ਰਿਹਾ ਹੈ ਤਾਂ ਇਸ ਅਤਿ ਸੰਜ਼ੀਦਾਂ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਸ਼ਹੀਦ ਭਾਈ ਬੋਤਾ ਸਿੰਘ, ਸ਼ਹੀਦ ਭਾਈ ਗਰਜਾ ਸਿੰਘ ਦੀ ਕੌਮੀ ਸਵੈਮਾਨ ਨੂੰ ਕਾਇਮ ਰੱਖਣ ਵਾਲੀ ਸੋਚ ਨੂੰ ਲੈਕੇ ਜਮਹੂਰੀਅਤ ਅਤੇ ਅਮਨ ਮਈ ਤਰੀਕੇ ਦ੍ਰਿੜਤਾ ਨਾਲ ਲੜਾਈ ਲੜ੍ਹ ਰਿਹਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਖਡੂਰ ਸਾਹਿਬ ਚੋਣ ਹਲਕੇ ਵਿਚ ਆਪਣੀ ਚੋਣ ਮੁਹਿੰਮ ਨੂੰ ਅੱਗੇ ਵਧਾਉਦੇ ਹੋਏ ਕੁਝ ਪੱਤਰਕਾਰਾਂ ਨਾਲ ਇਕ ਵਿਸ਼ੇਸ਼ ਗੱਲਬਾਤ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਘੱਟ ਗਿਣਤੀ ਕੌਮਾਂ ਮਾਰੂ ਮੰਦਭਾਵਨਾ ਰੱਖਣ ਵਾਲੇ ਸ੍ਰੀ ਮੋਦੀ ਅਤੇ ਬੀਜੇਪੀ ਦੀ 23 ਫ਼ਰਵਰੀ 2014 ਨੂੰ ਜਗਰਾਉਂ ਵਿਖੇ ਹੋਣ ਵਾਲੀ ਰੈਲੀ ਦੀ ਵਿਰੋਧਤਾ ਕਰਨ ਵਾਲਾ ਨਾ ਕੋਈ ਆਗੂ ਅਤੇ ਨਾ ਹੀ ਕੋਈ ਪਾਰਟੀ ਅੱਗੇ ਆਈ । ਇਸ ਸਮਾਜਿਕ ਜਿੰਮੇਵਾਰੀ ਨਿਭਾਉਣ ਦਾ ਮੌਕਾ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਹਿੱਸੇ ਹੀ ਆਇਆ ਹੈ । ਜਿਸ ਨੇ ਪੂਰੇ ਪੰਜਾਬ ਵਿਚ ਮੋਦੀ ਅਤੇ ਬਾਦਲਾਂ ਦੇ ਨਿਰਾਰਥਕ, ਦਿਸ਼ਾਹੀਣ ਅਤੇ ਕਮਜੋਰ ਅਮਲਾਂ ਵਿਰੁੱਧ ਸਟੈਂਡ ਲੈਦੇ ਹੋਏ ਫਿਰਕੂ ਮੋਦੀ ਅਤੇ ਉਹਨਾਂ ਦੇ ਭਾਈਵਾਲ ਬਣੇ ਬਾਦਲਾਂ ਦੇ ਸਿੱਖ ਕੌਮ ਵਿਰੋਧੀ ਮਿਸਨ ਨੂੰ ਅਸਫ਼ਲ ਕੀਤਾ । ਬਾਦਲ ਦਲੀਆਂ ਵੱਲੋ ਆਪਣੇ ਚਿਹਰੇ ਉਤੇ ਚੜ੍ਹਾਏ ਗਏ ਪੰਥਕ ਮੁਖੋਟੇ ਨੂੰ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲੀਲ ਪ੍ਰਚਾਰ ਰਾਹੀ ਉਤਾਰਿਆ । ਇਹੀ ਵਜਹ ਹੈ ਕਿ ਅੱਜ ਬਾਦਲ ਦਲੀਆਂ ਅਤੇ ਮੁਤੱਸਵੀ ਜਮਾਤਾਂ ਦੇ ਉਮੀਦਵਾਰਾਂ ਦੇ ਚਿਹਰੇ ਉੱਡੇ ਹੋਏ ਤੇ ਬੁਝੇ ਹੋਏ ਹਨ । ਕਿਉਂਕਿ ਪੰਜਾਬ ਦੇ ਨਿਵਾਸੀ ਕਾਂਗਰਸ, ਫਿਰਕੂ ਭਾਜਪਾ ਅਤੇ ਬਾਦਲ ਦਲੀਆਂ ਨੂੰ ਸਬਕ ਸਿਖਾਉਣ ਲਈ 30 ਅਪ੍ਰੈਲ 2014 ਦਾ ਇਤਜਾਰ ਕਰ ਰਹੇ ਹਨ ।
ਉਹਨਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਤੇ ਉਸਦਾ ਭਰਾ ਬਿਕਰਮ ਸਿੰਘ ਮਜੀਠੀਆ ਇਕ ਅੱਛੇ ਸਲੀਕੇ ਤੇ ਤਹਿਜੀਬ ਵਾਲੇ ਅੱਛੇ ਖਾਨਦਾਨ ਨਾਲ ਸੰਬੰਧ ਰੱਖਦੇ ਹਨ । ਜਿਨ੍ਹਾਂ ਨਾਲ ਸਾਡੀਆਂ ਵੀ ਲੰਮੇਂ-ਸਮੇਂ ਤੋ ਪੀੜ੍ਹੀਆਂ, ਰਿਸਤੇਦਾਰੀਆਂ ਹਨ । ਅਸੀਂ ਸ. ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿਚ ਬਿਲਕੁਲ ਨਹੀਂ ਹਾਂ । ਪਰ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੋਵੇ ਭੈਣ-ਭਰਾਵਾਂ ਵੱਲੋ ਉੱਚੇ-ਸੁੱਚੇ ਇਖ਼ਲਾਕ, ਇਨਸਾਨੀ ਕਦਰਾ-ਕੀਮਤਾ, ਤਹਿਜੀਬ ਅਤੇ ਸਲੀਕੇ ਦੇ ਅਸੂਲਾਂ ਅਤੇ ਨਿਯਮਾਂ ਨੂੰ ਛਿੱਕੇ ਟੰਗਕੇ ਜੋ ਰੋਜ਼ਾਨਾ ਹੀ ਦੋਵੇ ਭੈਣ-ਭਰਾਵਾਂ ਵੱਲੋਂ ਸ. ਮਨਪ੍ਰੀਤ ਸਿੰਘ ਬਾਦਲ ਸੰਬੰਧੀ ਜਾਂ ਆਪਣੇ ਬਜ਼ੁਰਗਾਂ ਦੇ ਸਮਾਨ ਹੋਰਾਂ ਆਗੂਆਂ ਸੰਬੰਧੀ ਅਪਮਾਨਜ਼ਨਕ ਅਤੇ ਸ਼ਰਮਨਾਕ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ, ਇਹ ਤਾਂ ਸਲੀਕੇ, ਤਹਿਜੀਬ, ਇਨਸਾਨੀ ਅਤੇ ਸਮਾਜਿਕ ਕਦਰਾ-ਕੀਮਤਾ ਤੋਂ ਮੂੰਹ ਮੋੜਨ ਵਾਲੇ ਦੁੱਖਦਾਇਕ ਅਮਲ ਹਨ ਅਤੇ ਆਪਣੇ ਪਿਛੋਕੜ ਨੂੰ ਭੁੱਲਣ ਵਾਲੇ ਹਨ । ਅਜਿਹੀ ਗੈਰ ਇਖ਼ਲਾਕੀ ਗੱਲਾਂ ਨਾਲ ਤਾਂ ਸਮਾਜ ਨੂੰ ਗਲਤ ਸੰਦੇਸ਼ ਜਾਵੇਗਾ । ਇਸ ਲਈ ਕਿਸੇ ਤਰ੍ਹਾਂ ਦੀ ਵੀ ਲੜਾਈ ਲੜ੍ਹਦੇ ਸਮੇਂ ਇਖ਼ਲਾਕੀ ਕਦਰਾ-ਕੀਮਤਾ ਅਤੇ ਸਮਾਜਿਕ ਦਾਇਰੇ ਦੇ ਅਸੂਲਾ ਨੂੰ ਹਰ ਕੀਮਤ ਤੇ ਕਾਇਮ ਰੱਖਣਾ ਬਣਦਾ ਹੈ । ਵਰਨਾ ਅਜਿਹੇ ਗੈਰ ਇਖ਼ਲਾਕੀ ਢੰਗਾਂ ਨਾਲ ਸਿਆਸੀ ਜਾਂ ਧਾਰਮਿਕ ਚੋਣਾਂ ਜਿੱਤਕੇ ਵੀ ਨਮੋਸ਼ੀ ਤੇ ਹਾਰ ਦਾ ਹੀ ਸਾਹਮਣਾ ਕਰਨਾ ਪੈਦਾ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਬੀਬਾ ਹਰਸਿਮਰਤ ਕੌਰ ਬਾਦਲ ਅਤੇ ਕਾਕਾ ਬਿਕਰਮ ਸਿੰਘ ਮਜੀਠੀਆ ਨੂੰ ਇਹ ਗੁਜ਼ਾਰਿਸ ਕਰਨਾ ਚਾਹਵੇਗਾ ਕਿ ਸਿਆਸੀ ਜਾਂ ਧਰਮੀ ਲੜਾਈ ਲੜ੍ਹਦੇ ਹੋਏ ਆਪਣੇ ਖਾਨਦਾਨੀ ਅਤੇ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੇ ਗਏ ਅਸੂਲਾਂ, ਨਿਯਮਾਂ ਦਾ ਹਰ ਕੀਮਤ ਤੇ ਪਾਲਣ ਕਰਨ ਅਤੇ ਸਮਾਜ ਨੂੰ ਚੰਗਾਂ ਸੰਦੇਸ਼ ਦੇਣ ਦੇ ਫਰਜ ਨਿਭਾਉਣ ਨਾ ਕਿ ਆਪਣੀ ਹੀ ਆਤਮਾਂ ਦੇ ਦੋਸ਼ੀ ਬਣਕੇ ਰਹਿ ਜਾਣ ।