ਫ਼ਤਹਿਗੜ੍ਹ ਸਾਹਿਬ – “ਜਦੋਂ ਪ੍ਰਤੱਖ ਰੂਪ ਵਿਚ ਸਾਬਤ ਹੋ ਚੁੱਕਾ ਹੈ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਅਤੇ 37 ਹੋਰ ਗੁਰੂਘਰਾਂ ਉਤੇ ਹਮਲਾ ਕਰਵਾਉਣ ਵਾਲੀ ਕਾਂਗਰਸ, ਬੀਜੇਪੀ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਸਿੱਧੇ ਤੌਰ ਤੇ ਦੋਸ਼ੀ ਹਨ, ਤਾਂ ਫਿਰ ਇਹਨਾਂ ਜਮਾਤਾਂ ਅਤੇ ਸ. ਬਾਦਲ ਵਰਗੇ ਖ਼ਾਲਸਾ ਪੰਥ ਨਾਲ ਗ਼ਦਾਰੀ ਕਰਨ ਵਾਲੇ ਆਗੂਆਂ ਸੰਬੰਧੀ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਹਰਨਾਮ ਸਿੰਘ ਧੂੰਮਾ ਮੁੱਖੀ ਦਮਦਮੀ ਟਕਸਾਲ, ਰਾਮ ਸਿੰਘ ਮੁੱਖੀ ਦਮਦਮੀ ਟਕਸਾਲ ਸੰਗਰਾਵਾਂ, ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਦਲ ਖ਼ਾਲਸਾ, ਪੰਚ ਪ੍ਰਧਾਨੀ, ਸਿੱਖ ਯੂਥ ਆਫ਼ ਅਮਰੀਕਾ, ਸਿੱਖ ਸਟੂਡੈਂਟਸ ਫੈਡਰੇਸ਼ਨ ਰੋਡੇ, ਹਰੀਆ ਵੇਲਾਂ ਵਾਲੇ, ਤਰੁਣਾ ਦਲ, ਬੁੱਢਾ ਦਲ, ਵੱਖ-ਵੱਖ ਨਿਹੰਗ ਜਥੇਬੰਦੀਆਂ ਅਤੇ ਹੋਰ ਸਿਆਸੀ ਤੇ ਧਾਰਮਿਕ ਆਗੂ ਉਪਰੋਕਤ ਸਿੱਖ ਕੌਮ ਦੇ ਕਾਤਲ ਅਤੇ ਉਹਨਾਂ ਦੇ ਭਾਈਵਾਲ ਬਾਦਲ ਦਲ ਸੰਬੰਧੀ ਆਪਣਾ ਸਟੈਂਡ ਸਪੱਸਟ ਕਰਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਵਿਚ 13 ਪਾਰਲੀਮੈਂਟ ਹਲਕਿਆ ਦੀਆਂ ਹੋ ਰਹੀਆਂ ਚੋਣਾਂ ਦੇ ਅਤਿ ਸੰਜ਼ੀਦਾਂ ਮੌਕੇ ਉਤੇ ਉਪਰੋਕਤ ਜਥੇਬੰਦੀਆਂ ਵਿਚੋਂ ਕਿਸੇ ਵੱਲੋਂ ਕਾਂਗਰਸ, ਕਿਸੇ ਵੱਲੋਂ ਫਿਰਕੂ ਦਲ ਭਾਜਪਾ ਅਤੇ ਹੋਰਨਾਂ ਪੰਥ ਵਿਰੋਧੀ ਸ਼ਕਤੀਆਂ ਨੂੰ ਸੀਮਤ ਸੌਦੇਬਾਜੀ ਅਧੀਨ ਕੀਤੇ ਜਾ ਰਹੇ ਸਹਿਯੋਗ ਉਤੇ ਹੈਰਾਨੀ ਅਤੇ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਨ੍ਹਾਂ ਜਮਾਤਾਂ ਜਾਂ ਆਗੂਆਂ ਵੱਲੋਂ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਨਿਰੰਤਰ ਲੰਮੇਂ ਸਮੇਂ ਤੋਂ ਗੈਰ ਕਾਨੂੰਨੀ ਢੰਗਾਂ ਰਾਹੀ ਜ਼ਬਰ-ਜੁਲਮ ਅਤੇ ਵਿਤਕਰੇ ਕੀਤੇ ਜਾਂਦੇ ਆ ਰਹੇ ਹਨ ਅਤੇ ਜੋ ਸਿੱਖ ਕੌਮ ਉਤੇ ਦੁਸ਼ਮਣਾਂ ਦੀ ਤਰ੍ਹਾਂ ਫ਼ੌਜੀ ਹਮਲੇ ਅਤੇ ਕਤਲੇਆਮ ਕਰਕੇ ਵਿਚਰਦੇ ਆ ਰਹੇ ਹਨ, ਅਜਿਹੇ ਦੁਸ਼ਮਣਾਂ ਅਤੇ ਪੰਥ ਵਿਰੋਧੀ ਤਾਕਤਾਂ ਨੂੰ ਪੰਥਕ ਕਹਾਉਣ ਵਾਲੇ ਗਰੁੱਪ ਕਿਸ ਦਲੀਲ ਨਾਲ ਅਤੇ ਕਿਸ ਆਤਮਾਂ ਦੀ ਆਵਾਜ਼ ਤੇ ਸਹਿਯੋਗ ਕਰ ਰਹੇ ਹਨ ? ਉਹਨਾਂ ਕਿਹਾ ਕਿ ਜੋ ਆਗੂ ਅਤੇ ਜਮਾਤਾਂ ਨੇ ਗੁਜਰਾਤ ਵਿਚ ਮੁਸਲਿਮ ਕੌਮ ਦਾ ਕਤਲੇਆਮ ਕੀਤਾ ਹੋਵੇ, 60 ਹਜ਼ਾਰ ਸਿੱਖ ਪਰਿਵਾਰਾਂ ਨੂੰ ਜ਼ਬਰੀ ਉਜਾੜਿਆ ਹੋਵੇ, ਉੜੀਸਾ, ਕਰਨਾਟਕਾ, ਕੇਰਲਾ ਆਦਿ ਵਿਚ ਇਸਾਈਆਂ ਦੇ ਗਿਰਜਾਘਰਾਂ ਨੂੰ ਅਗਨ ਭੇਟ ਕੀਤਾ ਹੋਵੇ, ਨੰਨਜ਼ਾਂ ਨਾਲ ਜ਼ਬਰ-ਜ਼ਨਾਹ ਕੀਤੇ ਹੋਣ, ਉਹਨਾਂ ਜਮਾਤਾਂ ਅਤੇ ਆਗੂਆਂ ਨੂੰ ਸਿੱਖ ਕੌਮ ਦੇ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਗਰੁੱਪਾਂ ਵੱਲੋਂ ਪਾਰਲੀਮੈਂਟ ਜਾਂ ਹੋਰ ਚੋਣਾਂ ਵਿਚ ਮਦਦ ਕਰਨ ਦੀ ਅਤੇ ਦੁਸ਼ਮਣ ਤਾਕਤਾਂ ਨੂੰ ਮਜ਼ਬੂਤ ਕਰਨ ਦੀ ਕੀ ਤੁੱਕ ਬਣਦੀ ਹੈ ?
ਉਹਨਾਂ ਕਿਹਾ ਕਿ ਇਹ ਜਮਾਤਾਂ ਤੇ ਆਗੂ ਤਾਂ ਪਹਿਲੇ ਹੀ ਸਾਡੇ ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਦੇ ਪਾਣੀਆਂ ਨੂੰ ਜ਼ਬਰੀ ਖੋਹਕੇ ਹਰਿਆਣਾ, ਰਾਜਸਥਾਨ, ਦਿੱਲੀ ਲਿਜਾ ਰਹੇ ਹਨ । ਹੁਣ ਬੀਜੇਪੀ ਦੀ ਫਿਰਕੂ ਜਮਾਤ ਅਤੇ ਉਹਨਾਂ ਦੇ ਆਗੂਆਂ ਵੱਲੋਂ ਪੰਜਾਬ ਦੇ ਦਰਿਆਵਾਂ ਤੇ ਨਹਿਰਾਂ ਨੂੰ ਮੱਧਪ੍ਰਦੇਸ਼, ਯੂਪੀ ਅਤੇ ਹੋਰਨਾਂ ਸੂਬਿਆਂ ਦੇ ਦਰਿਆਵਾਂ ਤੇ ਨਹਿਰਾਂ ਨਾਲ ਜੋੜਨ ਦੀ ਪੰਜਾਬ ਮਾਰੂ ਸੋਚ ਤੇ ਜਦੋਂ ਅਮਲ ਕਰਨ ਜਾ ਰਹੇ ਹਨ, ਉਸ ਸਮੇਂ ਵੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਅਤੇ ਹੋਰ ਰਵਾਇਤੀ ਲੀਡਰਸਿ਼ਪ ਇਹਨਾਂ ਫਿਰਕੂਆਂ ਲਈ ਤੇ ਘੱਟ ਗਿਣਤੀ ਕੌਮਾਂ ਦੇ ਕਾਤਲ ਸ੍ਰੀ ਮੋਦੀ ਨੂੰ ਵਜ਼ੀਰ-ਏ-ਆਜ਼ਮ ਬਣਾਉਣ ਲਈ ਗੈਰ ਇਖ਼ਲਾਕੀ ਢੰਗਾਂ ਦੀ ਵਰਤੋ ਕਰਨ ਵਿਚ ਮਸਰੂਫ ਹਨ । ਅਜਿਹੇ ਹਾਲਾਤਾਂ ਵਿਚ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਦੂਰ ਕਰਨ, ਸੂਬੇ ਅਤੇ ਕੌਮ ਦੇ ਮੁਫਾਦਾਂ ਨੂੰ ਕੌਣ ਪ੍ਰਾਪਤ ਕਰੇਗਾ ? ਦੂਸਰਾ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਹੀਦੀ ਯਾਦਗਾਰ ਬਣਾਈ ਤਾਂ ਕਾਂਗਰਸ ਅਤੇ ਬੀਜੇਪੀ ਦੀਆਂ ਦੋਵੇ ਜਮਾਤਾਂ ਨੇ ਇਸ ਦਾ ਵਿਰੋਧ ਕੀਤਾ । ਜਦੋਂ ਸ. ਅਵਤਾਰ ਸਿੰਘ ਮੱਕੜ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਸ਼ਹੀਦੀ ਯਾਦਗਾਰ ਸ. ਬਾਦਲ ਦੀ ਆਗਿਆ ਨਾਲ ਹੀ ਬਣੀ ਹੈ । ਸ. ਮੱਕੜ ਦੇ ਸੱਚੇ ਬਿਆਨ ਤੋਂ ਮੁੰਨਕਰ ਹੋਣ ਵਾਲੇ ਸ. ਬਾਦਲ ਨੂੰ ਪੰਜਾਬ ਸੂਬੇ ਅਤੇ ਸਿੱਖ ਕੌਮ ਦੀ ਅਗਵਾਈ ਕਿਸ ਤਰ੍ਹਾਂ ਦਿੱਤੀ ਜਾ ਸਕਦੀ ਹੈ ? ਹੁਣ ਜਦੋਂ ਸਾਰੀਆਂ ਪਾਰਟੀਆਂ ਸਿੱਖ ਕੌਮ ਅਤੇ ਪੰਜਾਬ ਸੂਬੇ ਦੇ ਖਿਲਾਫ਼ ਅਮਲ ਕਰ ਰਹੀਆਂ ਹਨ ਤਾਂ ਵੀ ਉਪਰੋਕਤ ਪੰਥਕ ਜਥੇਬੰਦੀਆਂ ਵੱਲੋਂ ਸੂਬੇ ਅਤੇ ਕੌਮੀ ਭਵਿੱਖ ਲਈ ਕੋਈ ਦੂਰਅੰਦੇਸ਼ੀ ਵਾਲਾ ਫੈਸਲਾ ਨਾ ਕਰਨ ਦੇ ਅਮਲ ਹੋਰ ਵੀ ਦੁੱਖਦਾਇਕ ਹਨ । ਅਸੀਂ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਤੋਂ ਵੀ ਪੁੱਛਣਾ ਚਾਹਵਾਂਗੇ ਕਿ ਉਹ ਅਜਿਹੀਆਂ ਫਿਰਕੂ ਜਮਾਤਾਂ ਦੀ ਮਦਦ ਕਿਸ ਦਲੀਲ ਅਧੀਨ ਕਰ ਰਹੇ ਹਨ ਅਤੇ ਉਹ ਫਿਰ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਹੱਕਾਂ ਦੀ ਰਖਵਾਲੀ ਕਰਨ ਦਾ ਦਾਅਵਾ ਕਿਵੇ ਕਰ ਸਕਦੇ ਹਨ ? ਸ. ਮਾਨ ਨੇ ਵੱਖ-ਵੱਖ ਪੰਥਕ ਜਥੇਬੰਦੀਆਂ ਨੂੰ ਖ਼ਾਲਸਾ ਪੰਥ ਦੇ ਬਿਨ੍ਹਾਂ ਤੇ ਅਪੀਲ ਕਰਦੇ ਹੋਏ ਕਿਹਾ ਕਿ ਬੀਤੇ ਸਮੇਂ ਵਿਚ ਕੀਤੀਆਂ ਗਈਆਂ ਗਲਤੀਆਂ ਦੇ ਨਤੀਜੇ ਸਮੁੱਚੀ ਕੌਮ ਨੂੰ ਭੁਗਤਣੇ ਪੈ ਰਹੇ ਹਨ, ਇਸ ਲਈ ਇਹ ਚੰਗਾਂ ਹੋਵੇਗਾ ਕਿ ਉਹ ਇਹਨਾਂ ਮੁਤੱਸਵੀ ਤੇ ਫਿਰਕੂ ਜਮਾਤਾਂ ਦਾ ਖਹਿੜਾ ਛੱਡਕੇ ਖ਼ਾਲਸਾ ਪੰਥ ਦੇ ਵਿਹੜੇ ਵਿਚ ਦ੍ਰਿੜਤਾ ਨਾਲ ਪੰਜਾਬ ਸੂਬੇ ਅਤੇ ਕੌਮੀ ਮੁਫ਼ਾਦਾਂ ਦੇ ਹੱਕ ਵਿਚ ਸੰਘਰਸ਼ ਕਰਨ ਵਾਲੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਆ ਕੇ ਖਲੋਣ ਅਤੇ ਗੁਰੂ ਸਾਹਿਬਾਨ ਦੀ “ਸਰਬੱਤ ਦੇ ਭਲੇ” ਵਾਲੀ ਸੋਚ ਅਤੇ ਸਭ ਨੂੰ ਬਰਾਬਰਤਾ ਵਾਲਾ ਇਨਸਾਫ਼ ਪਸ਼ੰਦ ਰਾਜ ਕਾਇਮ ਕਰਨ ਦੇ ਮਿਸਨ ਨੂੰ ਕਾਮਯਾਬ ਕਰਨ ਨਾ ਕਿ ਦੁਸ਼ਮਣਾਂ ਨੂੰ ਮਜ਼ਬੂਤ ਕਰਨ ।