ਇਹ ਸਾਰੀ ਜਨਤਾ ਰਹੀ ਪੁਕਾਰ।
ਬਣੇ ਨਾ ਛੜਿਆਂ ਦੀ ਸਰਕਾਰ।
ਰਾਹੁਲ,ਨਰਿੰਦਰ,ਮਮਤਾ,ਮਾਇਆ,
ਆਪੋ-ਆਪਣਾ ਜਾਲ ਵਛਾਇਆ।
ਇਹ ਗਲ ਸਾਰੇ ਕਰ ਲਉ ਨੋਟ,
ਸਾਡੇ ਹੱਕ ‘ਚ ਪਾਇਉ ਵੋਟ।
ਸੁਣ ਲਉ ਸਭਨਾਂ ਦਾ ਪਰਚਾਰ
ਬਣੇ ਨਾ ਛੜਿਆਂ ਦੀ ਸਰਕਾਰ।
ਦੋ ਕੁ ਛੜੇ ਤੇ ਦੋ ਤਿੰਨ ਛੜੀਆਂ,
ਵੇਖੋ ਕੀ ਤਕਦੀਰਾਂ ਘੜੀਆਂ।
ਇਕ ਦੂਜੇ ਤੇ ਚਿੱਕੜ ਸੁਟਣ,
ਸੂਝਵਾਨ ਤੇ ਲਿਖੀਆਂ ਪੜ੍ਹੀਆਂ।
ਫਿਰ ਆਪੇ ਟੁਟ ਜਾਊ ਹੰਕਾਰ
ਬਣੇ ਨਾ ਛੜਿਆਂ ਦੀ ਸਰਕਾਰ।
ਉਹ ਨੇਤਾ ਭਾਵੇਂ ਅਧਖੜ ਹੋਏ,
ਪਰ ਮੂੰਹ ਉਹਦੇ ਤੋਂ ਲਾਲੀ ਚੋਏ।
ਜਦ ਉਹ ਭਾਸ਼ਨ ਕਰਦਾ ਹੋਏ,
ਗਲ੍ਹਾਂ ਦੇ ਵਿਚ ਲੱਭਣ ਟੋਏ।
ਛਪ ਗਈ ਸੁਰਖ਼ੀ ਵਿਚ ਅਖ਼ਬਾਰ
ਬਣੇ ਨਾ ਛੜਿਆਂ ਦੀ ਸਰਕਾਰ।
ਜੇ ਹੋਵੇ ਧੋਤੀ , ਸਾੜ੍ਹੀ , ਪੱਗ,
ਉਹ ਦੇਸ਼ ਮੇਰੇ ਦੀ ਰਖੇ ਲੱਜ।
ਗਲ ‘ਚ ਹਾਰ ਪਵਾ ਕੇ ਸੋਹਣਾ,
ਉਹ ਕਿਉਂ ਵਜਾਵੇ ਟੁੱਟਾ ਛੱਜ।
ਏਵੇਂ ਨਹੀਂ ਹੋਣੀ, ਜੈ- ਜੈ ਕਾਰ
ਬਣੇ ਨਾ ਛੜਿਆਂ ਦੀ ਸਰਕਾਰ।
ਸੁਨਹਿਰੀ ਅੱਖ਼ਰ ਪਾਉ ਲਕੀਰਾਂ,
ਦੇਸ਼ ਨਾ ਕਰਿਉ ਲੀਰਾਂ -ਲੀਰਾਂ।
ਭਾਰਤ ਮਾਤਾ ਦੇ ਗੁਣ ਗਾਇਉ,
ਇਹ ਗਲ ਸੱਚੀ ਕਹੀ ਫ਼ਕੀਰਾਂ।
ਕਿਸੇ ਨਹੀਂ ਕਰਨਾ ਪਰ-ਉਪਕਾਰ
ਬਣੇ ਨਾ ਛੜਿਆਂ ਦੀ ਸਰਕਾਰ।
ਸੁਪਨੇ ਵਿਚ ਤਾਂ ਲਗੇ ਵੇਖੇ ,
ਹੁਣ ਅੱਕਾਂ ਨੂੰ ਵੀ ਆੜੂ।
ਐਵੇਂ ਕਿਧਰੇ ਛੜਿਆਂ ਉਤੇ,
ਕੋਈ ਫੇਰ ਨਾ ਦੇਵੇ ਝਾੜੂ।
ਏਥੇ, ਆਮ ਤੇ ਖ਼ਾਸ ਨਾ ਹੋਵੇ
ਹੋਏ ਸਾਂਝਾਂ ਦਾ ਪਰਵਾਰ।
ਬਣੇ ਨਾ ਛੜਿਆਂ ਦੀ ਸਰਕਾਰ।
ਘਰ ਦਾ ਹੋਇਆ ਬੜਾ ਉਜਾੜਾ।
ਨਾ ਕੋਈ ਲਾੜੀ ਪਾਏ ਪੁਆੜਾ।
ਜਿਹਦੀ ਕਿਸਮਤ ਜਾਗ ਪਏਗੀ,
ਉਹਦੀ ਲਾੜੀ ਤੇ ਉਹਦਾ ਲਾੜਾ।
ਜੇ “ਸੁਹਲ’ ਚੰਗਾ ਹਊ ਕਿਰਦਾਰ
ਤਾਂ ਬਣ ਜਾਊ ਛੜਿਆਂ ਦੀ ਸਰਕਾਰ