ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਜਲੰਧਰ ਤੋਂ ਲੋਕਸਭਾ ਲਈ ਅਕਾਲੀ ਉਮੀਦਵਾਰ ਪਵਨ ਟੀਨੂੰ ਦੇ ਹੱਕ ਵਿੱਚ ਚੋਣ ਪਰਚਾਰ ਕਰਦੇ ਹੋਏ ਉਸ ਨੂੰ ਜਿਤਾ ਕੇ ਸੰਸਦ ਭੇਜਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਬਾਦਲ ਨੇ ਇਹ ਵੀ ਕਿਹਾ ਕਿ ਅੱਜਕਲ੍ਹ ਚੋਣ ਲੜਨ ਤੇ ਕਰੋੜਾਂ ਰੁਪੈ ਖਰਚ ਹੁੰਦੇ ਹਨ, ਉਮੀਦਵਾਰਾਂ ਲਈ ਇਹ ਆਸਾਨ ਨਹੀਂ ਹੈ।
ਮੁੱਖਮੰਤਰੀ ਬਾਦਲ ਨੇ ਉਦਯੋਗਪਤੀਆਂ ਨੂੰ ਇਸ਼ਾਰਿਆਂ ਰਾਹੀਂ ਅਪੀਲ ਕਰਦੇ ਹੋਏ ਕਿਹਾ, ਟੀਨੂੰ ਨੂੰ ਵੋਟ ਦਿਓ ਅਤੇ ਜਿੰਨੀ ਵੀ ਹੋ ਸਕੇ ਮੱਦਦ ਕਰੋ।’ ਇਸ ਦੇ ਨਾਲ ਹੀ ਮੁੱਖਮੰਤਰੀ ਸਾਹਿਬ ਨੇ ਇਹ ਵੀ ਕਿਹਾ, ‘ ਜੋ ਕੁਝ ਵੀ ਦਿਓ, ਉਸ ਸਬੰਧੀ ਇਹ ਜਰੂਰ ਖਿਆਲ ਰੱਖੋ, ਕੈਮਰਿਆਂ ਦੇ ਸਾਹਮਣੇ ਨਾਂ ਦਿਓ, ਚੋਣ ਕਮਿਸ਼ਨ ਦੀ ਨਜ਼ਰ ਤੋਂ ਬਚਾ ਕੇ ਦਿਓ ਜੇ।’ ਬਾਦਲ ਦੇ ਇਸ ਬਿਆਨ ਤੇ ਕਾਂਗਰਸ ਨੇ ਚੋਣ ਕਮਿਸ਼ਨ ਕੋਲ ਸਿ਼ਕਾਇਤ ਕੀਤੀ ਹੈ।
ਸੁਖਪਾਲ ਸਿੰਘ ਖਹਿਰਾ ਨੇ ਮੁੱਖ ਚੋਣ ਕਮਿਸ਼ਨਰ ਸੰਪਤ ਨੂੰ ਸਿ਼ਕਾਇਤ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਹੈ। ਖਹਿਰਾ ਦਾ ਕਹਿਣਾ ਹੈ ਕਿ ਬਾਦਲ ਵੱਲੋਂ ਉਦਯੋਗਪਤੀਆਂ ਨੂੰ ਟੀਨੂੰ ਲਈ ਚੰਦਾ ਦੇਣ ਲਈ ਕਹਿਣਾ ਆਚਾਰ ਸਹਿੰਤਾ ਦਾ ਉਲੰਘਣ ਹੈ। ਕੁਝ ਨਿਊਜ਼ ਚੈਨਲਾਂ ਤੇ ਇਹ ਵਿਖਾਇਆ ਗਿਆ ਹੈ ਕਿ ਸੀਐਮ ਬਾਦਲ ਯੂਨੀਸਨ ਇੰਡਸਟਰੀ ਜਲੰਧਰ ਵਿੱਚ ਉਦਯੋਗਪਤੀਆਂ ਦੇ ਇੱਕ ਗਰੁੱਪ ਨੂੰ ਸੰਬੋਧਨ ਕਰਦੇ ਹੋਏ ਟੀਨੂੰ ਲਈ ਫੰਡ ਦੇਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਚੋਣਾਂ ਹੁਣ ਬਹੁਤ ਮਹਿੰਗੀਆਂ ਹੋ ਗਈਆਂ ਹਨ,ਇਸ ਲਈ ਚੋਣ ਲਈ ਫੰਡ ਚੁੱਪਚਾਪ ਦੇਵੋ, ਕਿਸੇ ਨੂੰ ਪਤਾ ਨਾਂ ਲਗੇ। ਆਮ ਆਦਮੀ ਪਾਰਟੀ ਨੇ ਵੀ ਬਾਦਲ ਦੇ ਇਸ ਤਰ੍ਹਾਂ ਨਾਲ ਫੰਡ ਮੰਗਣ ਦੀ ਨਿਖੇਧੀ ਕੀਤੀ ਹੈ।