ਗੁਰੂ ਜੀ,
ਆ ਜਾਂਦੀ ਹਰ ਸਾਲ ਵਿਸਾਖੀ
ਲੰਘ ਜਾਂਦੀ ਹਰ ਸਾਲ ਵਿਸਾਖੀ
ਤੇਰੇ ਪਿਆਰੇ ਤਾਂ ਪਤਾ ਨ੍ਹੀਂ
ਕਿੱਥੇ ਕਿੱਥੇ ਕਰਨ ਦਿਹਾੜੀਆਂ- ਮਜਦੂਰੀਆਂ
ਉਨ੍ਹਾਂ ਨੂੰ ਨਹੀਂ ਪਤਾ
ਕਦ ਆ ਜਾਂਦੀ ਵਿਸਾਖੀ
ਕਦ ਲੰਘ ਜਾਂਦੀ ਵਿਸਾਖੀ
ਲੰਬੜਾਂ ਦੇ ਖੇਤਾਂ ਵਿੱਚੋਂ ਸਿਲ਼ਾ ਚੁੱਗਦੀ
ਮੁਟਿਆਰ ਨੂੰ ਨਹੀਂ ਪਤਾ
ਕੀ ਹੁੰਦੀ ਏ ਵਿਸਾਖੀ
ਕਰਚਿਆਂ ਦੇ ਖਾਧੇ ਪੈਂਰਾਂ ਨੂੰ ਨਹੀਂ ਪਤਾ
ਕਰਚਿਆਂ ਨਾਲ ਲੜਨ ਲਈ ਮਨਾਈ ਤੁਸਾਂ ਵਿਸਾਖੀ
ਗੁਰੂ ਜੀ,
ਜੋ ਚਿੜੀਆਂ ਤੁਸਾਂ ਬਾਜ਼ਾਂ ਨਾਲ ਲੜਾਈਆਂ
ਉਹ ਅੱਜ ਆਪਸ ਵਿੱਚੀ ਲੜਦੀਆਂ
ਬਹੁਤ ਹਨ ਅੱਜ ਚਿੜੀਆਂ ਦੇ ਰੰਗ ਗੁਰੂ ਜੀ,
ਜ਼ਲਮ ਨਾਲ ਲੜਨ ਵਾਲੇ
ਨਿਰਧਨ, ਨਿਹੱਥੇ ਅਤੇ ਕਮਜ਼ੋਰ
“ਰਾਜੇ ਸ਼ੀਂਹ ਮੁਕੱਦਮ ਕੁੱਤੇ”
ਕਾਰਪੋਰੇਸ਼ਨਾਂ ਵੱਡੇ ਵੱਡੇ ਚੋਰ,
ਗੁਰੂ ਜੀ,
ਔਰੰਗਜ਼ੇਬ ਨਹੀਂ ਮੋਇਆ ਹਾਲੇ
ਸਗੋਂ ਬਹੁਤ ਹਨ ਦਿੱਲੀ ਵਾਲੇ
ਔਰੰਗਜ਼ੇਬ ਇਥੇ
ਬਹੁਤ ਹਨ ਸਰਹੰਦ ਵਾਲੇ
ਸੂਬੇਦਾਰ ਇਥੇ
ਬੜਾ ਕੁਫ਼ਰ ਤੋਲਦੇ
ਆਕੇ ਅਨੰਦਪੁਰ
ਵੋਟਾਂ ਮੰਗਦੇ
ਆਕੇ ਅਨੰਦਪੁਰ
ਮਜ਼ਲੂਮਾਂ ਦਾ ਲਹੂ ਪੀਂਦੇ
ਔਰੰਗਜ਼ੇਬ
ਬਹਿ ਤਖ਼ਤਾਂ ਉੱਤੇ,
ਸੁਣਿਆ ਹੈ ਗੁਰੂ ਜੀ,
ਹੁਣ ਔਰੰਗਜ਼ੇਬ ਅਤੇ ਸੂਬੇਦਾਰ
ਨਸ਼ਿਆਂ ਦਾ ਵੀ ਕਰਨ ਵਿਉਪਾਰ
ਤੇਰੇ ਪਿਆਰਿਆਂ ਦੀ ਔਲਾਦ
ਲਾ ਦਿੱਤੀ ਇਨ੍ਹਾਂ ਨਸ਼ਿਆਂ ਉੱਤੇ,
ਔਗੁਣ ਬਿਗਾਨੇ ਸੱਭਿਆਚਾਰਾਂ ਦੇ
ਭਰ ਦਿੱਤੇ ਭਾਰਤ ਦੀਆਂ ਵਿੱਚ ਨਾੜਾਂ ਦੇ
ਮੁਗਲੀਆ ਸਲਤਨੱਤ ਨਾਲੋਂ
ਭੈੜਾ ਰਾਜ ਪ੍ਰਬੰਧ ਗੁਰੂ ਜੀ
ਗੰਦ ਦੇ ਘਰੇ ਹੀ ਜੰਨਮੇ
ਭੈੜਾ ਗੰਦ ਗੁਰੂ ਜੀ,
ਤੇਰੇ ਵੇਲੇ ਵਾਲੀ ਗੁਰੂ ਜੀ
ਮੁੜ ਨਹੀਂ ਕਦੇ ਆਈ ਵਿਸਾਖੀ
ਪਰ ਫਿਰ ਵੀ
ਆ ਜਾਂਦੀ ਹਰ ਸਾਲ ਵਿਸਾਖੀ
ਲੰਘ ਜਾਂਦੀ ਹਰ ਸਾਲ ਵਿਸਾਖੀ
ਹਰ ਸਾਲ ਵਿਸਾਖੀ—
*****