ਅਮੇਠੀ- ਪ੍ਰਿਅੰਕਾ ਨੇ ਰਾਹੁਲ ਗਾਂਧੀ ਦੇ ਅਮੇਠੀ ਤੋਂ ਨਾਮਜ਼ਦਗੀ ਪੇਪਰ ਭਰਨ ਸਮੇਂ ਪਹਿਲੀ ਵਾਰ ਆਪਣੇ ਚਚੇਰੇ ਭਰਾ ਵਰੁਣ ਦੇ ਖਿਲਾਫ਼ ਸਖਤ ਭਾਸ਼ਾ ਦਾ ਇਸਤੇਮਾਲ ਕੀਤਾ। ਪ੍ਰਿਅੰਕਾ ਨੇ ਕਿਹਾ ਕਿ ਮੇਰੇ ਭਰਾ ਵਰੁਣ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਲੋਕ ਉਸ ਨੂੰ ਵੋਟ ਨਾਂ ਦੇਣ।
ਪ੍ਰਿਅੰਕਾ ਨੇ ਕਿਹਾ ਕਿ ਉਸ ਦੇ ਚਚੇਰੇ ਭਰਾ ਵਰੁਣ ਗਾਂਧੀ ਸੁਲਤਾਨਪੁਰ ਤੋਂ ਲੋਕਸਭਾ ਦੀ ਚੋਣ ਲੜ ਰਹੇ ਹਨ, ਜੋ ਕਿ ਰਸਤੇ ਤੋਂ ਭੱਟਕ ਗਏ ਹਨ। ਉਸ ਨੇ ਕਿਹਾ ਕਿ ਜਦੋਂ ਪਰੀਵਾਰ ਦਾ ਕੋਈ ਮੈਂਬਰ ਗੱਲਤ ਰਸਤੇ ਤੇ ਪੈ ਜਾਂਦਾ ਹੈ ਤਾਂ ਪਰੀਵਾਰ ਦੇ ਵੱਡੇ ਮੈਂਬਰਾਂ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਸਹੀ ਰਸਤੇ ਤੇ ਲਿਆਂਦਾ ਜਾਵੇ। ਵਰੁਣ ਦਾ ਨਾਂ ਲਏ ਬਿਨਾਂ ਹੀ ਪ੍ਰਿਅੰਕਾ ਨੇ ਕਿਹਾ ਕਿ ਜੇ ਤੁਸੀਂ ਚੋਣਾਂ ਵਿੱਚ ਉਸ ਨੂੰ ਹਰਾ ਦੇਵੋਂਗੇ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ, ਕਿਉਂਕਿ ਉਹ ਗੱਲਤ ਰਾਹ ਤੇ ਹੈ। ਉਸ ਨੂੰ ਠੀਕ ਰਸਤਾ ਵਿਖਾਉਣ ਲਈ ਉਸ ਦੇ ਖਿਲਾਫ਼ ਵੋਟ ਦਾ ਇਸਤੇਮਾਲ ਕਰੋ।
ਰਾਹੁਲ ਦੇ ਰੋਡ ਸ਼ੋਅ ਦੌਰਾਨ ਪ੍ਰਿਅੰਕਾ ਆਪਣੇ ਪੂਰੇ ਪ੍ਰੀਵਾਰ ਸਮੇਤ ਸ਼ਾਮਿਲ ਸੀ ਅਤੇ ਰਾਹੁਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ। ਪ੍ਰਿਅੰਕਾ ਦੇ ਇਸ ਬਿਆਨ ਤੇ ਉਸ ਦੀ ਚਾਚੀ ਮੇਨਕਾ ਨੇ ਇਸ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਤਾਂ ਜਨਤਾ ਤੈਅ ਕਰੇਗੀ ਕਿ ਕੌਣ ਰਸਤਾ ਭੱਟਕ ਗਿਆ ਹੈ।