ਨਵੀਂ ਦਿੱਲੀ – ਪ੍ਰਧਾਨਮੰਤਰੀ ਮਨਮੋਹਨ ਸਿੰਘ ਸਬੰਧੀ ਗੁੰਮਰਾਹਕੁੰਨ ਪਰਚਾਰ ਕਰਕੇ ਘਟੀਆ ਰਾਜਨੀਤੀ ਕਰ ਰਹੀ ਬੀਜੇਪੀ ਨੂੰ ਵੀ ਕਾਂਗਰਸ ਨੇ ਸਾਬਕਾ ਪ੍ਰਧਾਨਮੰਤਰੀ ਵਾਜਪੇਈ ਤੇ ਅਟੈਕ ਕਰਕੇ ਇਹ ਸਾਬਿਤ ਕਰਨ ਦੀ ਕੋਸਿ਼ਸ਼ ਕੀਤੀ ਹੈ ਵਾਜਪੇਈ ਸੱਚਮੁੱਚ ਹੀ ਕਮਜ਼ੋਰ ਪ੍ਰਧਾਨਮੰਤਰੀ ਸਨ। ਉਨ੍ਹਾਂ ਨੇ ਅੱਤਵਾਦੀਆਂ ਸਾਹਮਣੇ ਗੋਡੇ ਟੇਕ ਕੇ ਉਨ੍ਹਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਖਤਰਨਾਕ ਦਹਿਸ਼ਗਰਦਾਂ ਨੂੰ ਛੱਡਿਆ ਸੀ।
ਕਾਂਗਰਸ ਬੁਲਾਰੇ ਸੰਜੇ ਝਾਅ ਨੇ ਟਵੀਟ ਕਰਕੇ ਕਿਹਾ ਹੈ ਕਿ ਅਟੱਲ ਬਿਹਾਰੀ ਵਾਜਪੇਈ ਸੱਭ ਤੋਂ ਜਿਆਦਾ ਕਮਜ਼ੋਰ ਪ੍ਰਧਾਨਮੰਤਰੀ ਸਨ, ਜਿਨ੍ਹਾਂ ਨੇ ਕੰਧਾਰ ਦੇ ਅੱਤਵਾਦੀਆਂ ਨੂੰ ਛੱਡਿਆ ਸੀ। ਵਾਜਪੇਈ ਦੇ ਕਾਰਜਕਾਲ ਦੌਰਾਨ ਹੀ ਸੰਸਦ ਭਵਨ ਤੇ ਹਮਲਾ ਹੋਇਆ ਸੀ। ਗੁਜਰਾਤ ਦੰਗਿਆਂ ਤੋਂ ਬਾਅਦ ਵਾਜਪੇਈ ਨਰੇਂਦਰ ਮੋਦੀ ਨੂੰ ਮੁੱਖਮੰਤਰੀ ਦੇ ਅਹੁਦੇ ਤੋਂ ਹਟਾਉਣਾ ਚਾਹੁੰਦੇ ਸਨ, ਪਰ ਉਹ ਆਪਣੀ ਹੀ ਪਾਰਟੀ ਦੇ ਦਬਾਅ ਅੱਗੇ ਬੇਬਸ ਤੇ ਲਚਾਰ ਸਨ। ਇਸ ਲਈ ਉਹ ਕੁਝ ਵੀ ਨਹੀਂ ਸੀ ਕਰ ਸਕੇ।
ਕਾਰਗਿੱਲ ਦੇ ਯੁੱਧ ਦੌਰਾਨ ਵੀ ਵਾਜਪੇਈ ਅਯੋਗ ਸਾਬਿਤ ਹੋਏ ਸਨ। ਪਾਕਿਸਤਾਨੀ ਆਰਮੀ ਨੇ ਕਾਰਗਿਲ ਵਿੱਚ ਹਮਲਾ ਕਰ ਦਿੱਤਾ ਸੀ ਅਤੇ 50 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਵਾਜਪੇਈ ਦਿੱਲੀ ਤੋਂ ਲਾਹੌਰ ਜਾਣ ਵਾਲੀ ਬੱਸ ਦੇ ਹੂਟੇ ਲੈ ਰਹੇ ਸਨ। ਇੱਥੇ ਹੀ ਬਸ ਨਹੀਂ, ਕਾਰਗਿਲ ਦੀ ਧੋਖੇਬਾਜ਼ੀ ਦੇ ਬਾਵਜੂਦ ਵਾਜਪੇਈ ਆਗਰਾ ਵਿੱਚ ਪਾਕਿਸਤਾਨੀ ਰਾਸ਼ਟਰਪਤੀ ਮੁਸ਼ਰੱਫ਼ ਦਾ ਰੈਡ ਕਾਰਪੇਟ ਨਾਲ ਸਵਾਗਤ ਕਰ ਰਹੇ ਸਨ।