ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾਗੱਦੀ ਦਿਹਾੜੇ, ਅਠਵੇਂ ਪਾਤਸ਼ਾਹ ਦੇ ਚਰਣ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬਾਲਾ ਸਾਹਿਬ ਵਿਖੇ ਬੜੀ ਸ਼ਰਧਾ ਪੁਰਬ ਮਨਾਏ ਗਏ।
ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤਕ ਗੁਰਦੁਆਰਾ ਸਾਹਿਬ ਦੇ ਹਾਲ ਅੰਦਰ ਵਿਸ਼ੇਸ਼ ਦੀਵਾਨ ਸਜਾਏ ਗਏ। ਜਿਸ ਵਿਚ ਪੰਥ ਪ੍ਰਸਿੱਧ ਰਾਗੀ ਜੱਥਿਆਂ ਭਾਈ ਨਰਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਪਾਰਦੀਪ ਸਿੰਘ ਇੰਗਲੈਂਡ, ਭਾਈ ਗਗਨਦੀਪ ਸਿੰਘ ਗੰਗਾਨਗਰ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਦੇ ਹਜੂਰੀ ਰਾਗੀ ਜੱਥਿਆਂ ਅਤੇ ਢਾਡੀ ਜੱਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ / ਢੱਡ ਪ੍ਰਸੰਗ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਤੇ ਕਮੇਟੀ ਦੇ ਚੀਫ ਐਡਵਾਈਜ਼ਰ ਕੁਲਮੋਹਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਦੇ ਉਪਦੇਸ਼ਾਂ ਬਾਰੇ ਜਾਨਕਾਰੀ ਦਿੱਤੀ ਕਿ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਬਖਸ਼ੀਸ਼ ਉਪਰੰਤ ਉਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕੇਂਦਰ ਖਡੂਰ ਵਿਖੇ ਬਨਾਇਆ ਜਿੱਥੇ ਨੌਜਵਾਨਾਂ ਵਿਚ ਕੁਸ਼ਤੀਆਂ ਤੇ ਸ਼ਰੀਰਕ ਵਰਜਿਸ਼ਾਂ ਆਦਿਕ ਕਰਵਾਉਂਦੇ, ਲੰਗਰ ਦਾ ਪ੍ਰਬੰਧ ਮਾਤਾ ਖੀਵੀ ਜੀ ਨੇ ਸੰਭਾਲਿਆ, ਗੁਰੂ ਸਾਹਿਬ ਖੁਦ ਬੱਚਿਆਂ ਨੂੰ ਗੁਰਮੱਖੀ ਸਿਖਾਇਆ ਕਰਦੇ ਸਨ ਤੇ ਉਨ੍ਹਾਂ ਦੇ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਉਹ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਗੁਰੂਗੱਦੀ ਦੇਨ ਉਪਰੰਤ ਖਡੂੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ।
ਅਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਠਵੇਂ ਪਾਤਸ਼ਾਹ ਦਿੱਲੀ ਆਣ ਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਥਾਨ ਤੇ ਠਹਿਰੇ ਜਿਥੇ ਉਹ ਸੰਗਤਾਂ ਨੂੰ ਆਤਮਿਕ ਉਪਦੇਸ਼ ਦਿੰਦੇ ਉਥੇ ਸੰਗਤਾਂ ਦੇ ਸਰੀਰਕ ਦੁੱਖ ਵੀ ਨਿਵਰਤ ਕਰਦੇ ਰਹੇ ਅਤੇ ਜਮੁਨਾ ਦੇ ਕਿਨਾਰੇ ਗੁਰਦੁਆਰਾ ਬਾਲਾ ਸਾਹਿਬ ਵਾਲੇ ਸਥਾਨ ਤੇ ਜੋਤੀ ਜੋਤ ਸਮਾਏ ਤੇ ਅਗਲੇ ਗੁਰੂ ਸਾਹਿਬ ਬਾਰੇ ਬਾਬੇ ਬਕਾਲੇ ਦਾ ਸੰਕੇਤ ਦਿੱਤਾ ਤਾਂ ਭਾਈ ਮੱਖਣਸ਼ਾਹ ਲੁਬਾਣਾ ਨੇ ਬਕਾਲੇ ਜਾ ਕੇ ਨੋਵੇਂ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਤੇਜਪਾਲ ਸਿੰਘ ਤੇ ਤਰਿੰਦਰ ਸਿੰਘ ਸੋਨੀ ਨੇ ਨਿਭਾਈ ਤੇ ਹੋਏ ਅੰਮ੍ਰਿਤ ਸੰਚਾਰ ‘ਚ ਅਨੇਕਾਂ ਪ੍ਰਾਣੀ ਗੁਰੂ ਵਾਲੇ ਬਨੇ। ਕਵੀ ਦਰਬਾਰ ਵਿਚ ਕਵੀ ਸੱਜਨਾ ਨੇ ਧਾਰਮਿਕ ਕਵਿਤਾਵਾਂ ਰਾਹੀਂ ਗੁਰੂ ਜੱਸ ਗਾਇਨ ਕੀਤਾ।ਇਸ ਮੌਕੇ ਤੇ ਮੁਫਤ ਧਾਰਮਿਕ ਪੁਸਤਕਾਂ ਦਾ ਸਟਾਲ ਵੀ ਲਗਾਇਆ ਗਿਆ।