ਫਤਿਹਗੜ੍ਹ ਸਾਹਿਬ – “ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅਖਬਾਰਾਂ ਅਤੇ ਟੀਵੀ ਤੋਂ ਇਹ ਜਾਣਕਾਰੀ ਕਿ ਦਮਦਮੀ ਟਕਸਾਲ ਅਤੇ ਸੰਤ ਸਮਾਜ ਨੇ ਬਾਦਲ ਦਲ ਦੇ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਜਾਣ ਕੇ ਗਹਿਰਾ ਦੁੱਖ ਪਹੁੰਚਿਆ ਹੈ। ਜਿਹਨਾਂ ਬਾਦਲ ਦਲੀਆਂ ਨੇ ਬਲਿਊ ਸਟਾਰ ਦਾ ਫੌਜੀ ਹਮਲਾ ਖੁਦ ਹਾਮੀ ਭਰ ਕੇ ਕਰਵਾਇਆ, ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰਨਾਂ ਨੂੰ ਸ਼ਹੀਦ ਕਰਵਾਉਣ ਦੀ ਸਾਜਿਸ਼ ਵਿਚ ਦੋਸ਼ੀ ਹਨ। ਜੋ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਸੋਚ ਵਾਲੀਆਂ ਜਮਾਤਾਂ ਆਰ ਐਸ ਐਸ ਅਤੇ ਬੀਜੇਪੀ ਦੇ ਪੱਕੇ ਗੁਲਾਮ ਬਣ ਕੇ ਵਿਚਰ ਰਹੇ ਹਨ। ਪੰਜਾਬ ਸੂਬੇ ਅਤੇ ਸਿੱਖ ਕੌਮ ਦਾ ਨੁਕਸਾਨ ਕਰਨ ਵਾਲਿਆਂ ਦੇ ਉਮੀਦਵਾਰਾਂ ਨੂੰ ਦਮਦਮੀਂ ਟਕਸਾਲ ਅਤੇ ਸੰਤ ਸਮਾਜ ਵੱਲੋਂ ਚੋਣਾਂ ਵਿਚ ਸਮਰਥਨ ਕਰਨ ਦਾ ਐਲਾਨ ਕਿਸ ਸੋਚ ਅਤੇ ਦਲੀਲ ਨੂੰ ਲੈ ਕੇ ਕੀਤਾ ਹੈ? ਦਮਦਮੀ ਟਕਸਾਲ ਅਤੇ ਸੰਤ ਸਮਾਜ ਵੱਲੋਂ ਅਜਿਹਾ ਅਮਲ ਹੋਣਾ ਅਤਿ ਦੁਖਦਾਇਕ ਅਤੇ ਸ਼ਰਮਨਾਕ ਵਰਤਾਰਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਹਿਰਾ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅਜਿਹਾ ਪੰਥ ਵਿਰੋਧੀ ਤਾਕਤਾਂ ਦੇ ਪੱਖ ਵਿਚ ਫੈਸਲਾ ਕਰਨ ਤੋਂ ਪਹਿਲਾਂ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਸੀ ਕਿ ਜਦੋੰ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ ਜੀ ਪੀ ਸੀ ਨੇ “ ਸ਼ਹੀਦੀ ਯਾਦਗਾਰ” ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਇਹ ਕੌਮੀ ਯਾਦਗਾਰ ਸ. ਬਾਦਲ ਦੀ ਪ੍ਰਵਾਨਗੀ ਨਾਲ ਬਣੀ ਹੈ ਤੋਂ ਸ. ਬਾਦਲ ਵੱਲੋਂ ਆਪਣੇ ਆਪ ਨੂੰ ਸ਼ਹੀਦੀ ਯਾਦਗਾਰ ਤੋਂ ਵੱਖ ਕਰਨ ਦੇ ਅਮਲ ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਬਾਦਲ ਪਰਿਵਾਰ ਪੂਰੀ ਤਰਾਂ ਸਿੱਖ ਕੌਮ ਵਿਰੋਧੀ ਤਾਕਤਾਂ ਨਾਲ ਖੜ੍ਹੇ ਹਨ ਅਤੇ ਉਹਨਾਂ ਦੀਆਂ ਸਾਜਿਸ਼ਾਂ ਵਿਚ ਪੂਰੀ ਤਰਾਂ ਭਾਈਵਾਲ ਹਨ। ਸ. ਮਾਨ ਨੇ ਕਿਹਾ ਕਿ ਜਦੋਂ ਸੰਤ ਸਮਾਜ ਅੰਮ੍ਰਿਤਸਰ , ਗੁਰਦਾਸਪੁਰ ਅਤੇ ਹੁਸਿ਼ਆਰਪੁਰ ਤਿੰਨੋਂ ਬੀਜੇਪੀ ਦੀਆਂ ਸੀਟਾਂ ਉੱਤੇ ਫਿਰਕੂਆਂ ਦਾ ਵਿਰੋਧ ਕਰ ਰਿਹਾ ਹੈ ਜੋ ਸਵਾਗਤਯੋਗ ਹੈ। ਤਾਂ ਬਾਦਲ ਦਲ ਜੋ ਫਿਰਕੂਆਂ ਨਾਲ ਪੂਰੀ ਤਰਾਂ ਘਿਓ-ਖਿਚੜੀ ਹਨ, ਉਹਨਾਂ ਦੇ ਉਮੀਦਵਾਰਾਂ ਦੀ ਮਦਦ ਕਰਕੇ ਕੀ ਬੀਜੇਪੀ, ਆਰ ਐਸ ਐਸ ਜਮਾਤਾਂ ਅਤੇ ਮੋਦੀ ਵਰਗੇ ਘੱਟ ਗਿਣਤੀ ਕੌਮਾਂ ਵਿਰੋਧੀ ਆਗੂਆਂ ਨੂੰ ਮਜਬੂਤ ਕਰਨ ਦੀ ਸੰਤ ਸਮਾਜ ਅਤੇ ਦਮਦਮੀ ਟਕਸਾਲ ਗੁਸਤਾਖੀ ਨਹੀਂ ਕਰ ਰਹੇ?
ਉਹਨਾਂ ਕਿਹਾ ਕਿ ਜੇਕਰ ਅੱਜ ਸੰਤ ਸਮਾਜ ਅਤੇ ਦਮਦਮੀ ਟਕਸਾਲ, ਬੀਜੇਪੀ ਅਤੇ ਬਾਦਲ ਦਲ ਨੂੰ ਵੱਖਰੇ ਵੱਖਰੇ ਤੌਰ ਤੇ ਵੇਖ ਰਹੇ ਹਨ, ਤਾਂ ਉਹ ਅੱਜ ਵੀ ਕੌਮੀ ਦੁਸ਼ਮਣ ਤਾਕਤਾਂ ਨੂੰ ਨਹੀਂ ਪਹਿਚਾਣ ਸਕੇ, ਜੋ ਹੋਰ ਵੀ ਗਹਿਰੀ ਚਿੰਤਾ ਵਾਲਾ ਵਿਸ਼ਾ ਹੈ। ਜਦੋਂ ਕਿ ਇਹ ਪ੍ਰਤੱਖ ਹੋ ਚੁੱਕਿਆ ਹੈ ਕਿ ਬਾਦਲ ਦੀ ਮਦਦ ਕਰਨ ਦਾ ਮਤਲਬ ਫਿਰਕੂ ਤਾਕਤਾਂ ਅਤੇ ਸੋਚ ਨੂੰ ਮਜਬੂਤ ਕਰਨਾਂ ਹੈ। ਉਹਨਾਂ ਕਿਹਾ ਕਿ ਬੀਜੇਪੀ ਨੇ ਨਾਂ ਪਹਿਲਾਂ ਕਦੇ ਪੰਜਾਬ ਸੂਬੇ ਅਤੇ ਸਿੱਖ ਕੌਮ ਦੇ ਪੱਖ ਵਿਚ ਫੈਸਲਾ ਕੀਤਾ ਹੈ ਨਾਂ ਹੀ ਭਵਿੱਖ ਵਿਚ ਕਰਨਗੇ। ਕਿਊਂਕਿ ਉਹਨਾਂ ਨੂੰ ਸਮੁੱਚੇ ਭਾਰਤ ਵਿਚ ਹਿੰਦੂ ਵੋਟਾਂ ਦੀ ਲੋੜ ਹੈ ਸਿੱਖ ਕੌਮ ਦੀ ਨਹੀਂ। ਉਹ ਕਦੀ ਵੀ ਅਜਿਹੇ ਅਮਲ ਨਹੀਂ ਕਰਨਗੇ ਜਿਸ ਨਾਲ ਉਹਨਾਂ ਤੋਂ ਹਿੰਦੂ ਦੂਰ ਹੋਵੇ। ਇਹੀ ਕਾਰਨ ਹੈ ਕਿ ਸ਼੍ਰੀ ਮੋਦੀ ਜਾਂ ਬੀਜੇਪੀ ਨੇ ਬਲਿਊ ਸਟਾਰ, ਗੁਜਰਾਤ ਮੁਸਲਿਮ ਕਤਲੇਆਮ ਅਤੇ ਦੱਖਣੀ ਸੂਬਿਆਂ ਵਿਚ ਇਸਾਈਆਂ ੳੁੱਤੇ ਹੋਏ ਜੁਲਮ ਦੀ ਮਾਫੀ ਨਹੀਂ ਮੰਗੀ । ਨਾਂ ਹੀ ਸੁਪਰੀਮ ਕੋਰਟ ਵਿਚ ਗੁਜਰਾਤ ਦੇ ਸਿੱਖਾਂ ਉੱਤੇ ਪਾਏ ਕੇਸ ਨੂੰ ਵਾਪਿਸ ਲਿਆ ਹੈ। ਉਹਨਾਂ ਕਿਹਾ ਕਿ ਜਿਥੋਂ ਤੱਕ ਸ. ਬਾਦਲ ਅਤੇ ਸੁਖਬੀਰ ਬਾਦਲ ਵੱਲੋਂ ਦਿਨ-ਰਾਤ ਮੋਦੀ ਦੇ ਨਾਮ ਦੀ ਰਟ ਲਗਾਈ ਜਾ ਰਹੀ ਹੈ, ਇਹ ਕੇਵਲ ਸਿਆਸੀ , ਮਾਲੀ ਅਤੇ ਪਰਿਵਾਰਿਕ ਹਿੱਤਾਂ ਦੇ ਗੁਲਾਮ ਬਣ ਕੇ ਕੀਤੀ ਜਾ ਰਹੀ ਹੈ। ਜਿਸ ਨਾਲ ਪੰਜਾਬ ਸੂਬੇ, ਸਿੱਖ ਕੌਮ ਅਤੇ ਘੱਟ ਗਿਣਤੀਆਂ ਨੂੰ ਕੋਈ ਰਤੀ ਭਰ ਵੀ ਫਾਇਦਾ ਹੋਣ ਵਾਲਾ ਨਹੀਂ। ਇਸ ਲਈ ਸਿੱਖ ਕੌਮ ਨੂੰ ਦਮਦਮੀ ਟਕਸਾਲ ਅਤੇ ਸੰਤ ਸਮਾਜ ਵੱਲੋਂ ਕੀਤੇ ਗਏ ਉਪਰੋਕਤ ਦਿਸ਼ਾਹੀਣ ਅਤੇ ਸਿੱਖ ਕੌਮ ਮਾਰੂ ਫੈਸਲੇ ਨੂੰ ਪ੍ਰਵਾਨ ਨਹੀਂ ਕਰਨਾ ਚਾਹੀਦਾ। ਬਲਕਿ ਬਾਦਲ, ਬੀਜੇਪੀ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਹਰਾ ਕੇ ਗੁਰੁ ਸਾਹਿਬਾਨ ਦੀ ਮਨੁੱਖਤਾ ਪੱਖੀ ਸੋਚ ਨੂੰ ਬਲ ਦੇਣ ਦੇ ਫਰਜ ਅਦਾ ਕਰਨੇ ਚਾਹੀਦੇ ਹਨ ਅਤੇ ਝੂਠ ਨੂੰ ਸਦਾ ਲਈ ਦਫਨ ਕਰ ਦੇਣਾ ਚਾਹੀਦਾ ਹੈ।