ਅਲਵਰ – ਬੀਜੇਪੀ ਦੇ ਉਮੀਦਵਾਰ ਮਹੰਤ ਚਾਂਦਨਾਥ ਇੱਕ ਕਾਨਫਰੰਸ ਦੌਰਾਨ ਰਾਮਦੇਵ ਨਾਲ ਪੈਸੇ ਦੇ ਲੈਣ ਦੇਣ ਦੀ ਗੱਲ ਕਰਦੇ ਹੋਏ ਕੈਮਰੇ ਵਿੱਚ ਕੈਦ ਹੋ ਕੇ ਬੁਰੇ ਫਸੇ। ਮਹੰਤ ਦੀ ਇਸ ਨਾਂਸਮਝੀ ਤੋਂ ਖਿਝੇ ਬਾਬਾ ਰਾਮਦੇਵ ਸਮਝਾਉਂਦੇ ਹੋਏ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਇੱਥੇ ਪੈਸੇ ਦੀ ਗੱਲ ਨਾਂ ਕਰ, ਮੀਡੀਆ ਸੁਣ ਰਿਹਾ ਹੈ।
ਅਲਵਰ ਵਿੱਚ ਇੱਕ ਪਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਉਮੀਦਵਾਰ ਮਹੰਤ ਚਾਂਦਨਾਥ ਅਤੇ ਬਾਬਾ ਰਾਮਦੇਵ ਇੱਕ ਹੀ ਮੰਚ ਤੇ ਮੌਜੂਦ ਸਨ। ਇਸ ਦੌਰਾਨ ਚਾਂਦਨਾਥ ਇਹ ਭੁੱਲ ਗਏ ਕਿ ਮੰਚ ਤੇ ਕੈਮਰੇ ਲਗੇ ਹੋਏ ਹਨ ਅਤੇ ਰਾਮਦੇਵ ਨੂੰ ਕਹਿਣ ਲਗੇ, ‘ ਪੈਸੇ ਲਿਆਉਣ ਵਿੱਚ ਬਹੁਤ ਦਿਕਤ ਆ ਰਹੀ ਹੈ, ਸਾਡੇ ਪੈਸੇ ਵੀ ਫੜੇ ਗਏ।’
ਰਾਮਦੇਵ ਨੇ ਉਸੇ ਸਮੇਂ ਮਹੰਤ ਦਾ ਧਿਆਨ ਕੈਮਰੇ ਵੱਲ ਦਿਵਾਉਂਦੇ ਹੋਏ ਘੁਸਰ ਮੁਸਰ ਕਰਦੇ ਹੋਏ ਕਿਹਾ, ‘ ਮੂਰਖ ਹੋ ਕੀ… ਜਦੋਂ ਮਾਈਕਰੋਫੋਨ ਆਨ ਹੋਣ ਤਾਂ ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ।’ ਇਹ ਸੁਣ ਕੇ ਮਹੰਤ ਸ਼ਰਮਿੰਦਾ ਜਿਹਾ ਹੋ ਕੇ ਮੀਡੀਆ ਵੱਲ ਵੇਖ ਕੇ ਹੱਸਣ ਲਗ ਜਾਂਦਾ ਹੈ।
ਕਾਂਗਰਸ ਨੇ ਇਸ ਸਬੰਧੀ ਚੋਣ ਕਮਿਸ਼ਨ ਕੋਲ ਸਿ਼ਕਾਇਤ ਕਰਕੇ ਰਾਮਦੇਵ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਕਾਂਗਰਸ ਦਾ ਕਹਿਣਾ ਹੈ ਕਿ ਇਹ ਦੋ ਨੰਬਰ ਦੇ ਪੈਸੇ ਦਾ ਮਾਮਲਾ ਹੈ ਅਤੇ ਚੋਣਾਂ ਦਾ ਮੌਸਮ ਹੋਣ ਕਰਕੇ ਇਹ ਪੈਸਾ ਵੰਡਣ ਦਾ ਅਤੇ ਰਿਸ਼ਵਤ ਦੇਣ ਦਾ ਮਾਮਲਾ ਵੀ ਹੈ।ਜਿਲ੍ਹਾ ਪ੍ਰਸ਼ਾਸਨ ਨੇ ਇਸ ਗੱਲਬਾਤ ਦੀ ਰੀਕਾਰਡਿੰਗ ਦੇ ਨਾਲ ਰਾਮਦੇਵ ਦੇ ਪ੍ਰੋਗਰਾਮ ਨਾਲ ਜੁੜੀ ਸਾਰੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ। ਵਰਨਣਯੋਗ ਹੈ ਕਿ 9 ਅਪਰੈਲ ਨੂੰ ਅਲਵਰ ਵਿੱਚ ਇੱਕ ਸਥਾਨ ਤੋਂ 15 ਲੱਖ ਅਤੇ ਦੂਸਰੇ ਤੋਂ 4 ਲੱਖ ਰੁਪੈ ਪਕੜੇ ਗਏ ਸਨ।