ਨਵੀਂ ਦਿੱਲੀ : ਗੁਰਮੁੱਖੀ ਭਾਸ਼ਾ ਨੂੰ ਲੋਕਪੱਖੀ ਬਣਾ ਕੇ ਆਮ ਲੋਕਾਂ ਨਾਲ ਭਾਸ਼ਾ ਦਾ ਜੁੜਾਂਵ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ‘ਚ ਗੁਰਮੁੱਖੀ ਦਿਵਸ ਮਨਾਇਆ ਗਿਆ। ਨਿਸ਼ਾਨ ਸਾਹਿਬ ਨੇੜੇ ਹੋਏ ਇਸ ਸਮਾਗਮ ਵਿਚ ਸੰਗਤਾਂ ਨੂੰ ਪੰਜਾਬੀ ਸਿਖਾਉਣ ਵਾਲੇ ਸੇਵਾਦਾਰਾਂ ਨੇ ਪੰਜਾਬੀ ਭਾਸ਼ਾ ਵਿਚ ਆਪਣਾ ਨਾਂ ਲਿਖਾਉਂਦੇ ਹੋਏ ਉਨ੍ਹਾਂ ਨੂੰ ਗੁਰਮੁੱਖੀ ਭਾਸ਼ਾ ਨੂੰ ਆਮ ਬੋਲਚਾਲ ਵਾਸਤੇ ਅਪਨਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਨੇ ਗੁਰਮੁੱਖੀ ਦਿਵਸ ਦੀ ਅਰਦਾਸ ਕਰਦੇ ਹੋਏ ਸੰਗਤਾਂ ਨੂੰ ਮਾਂ ਬੋਲੀ ਪੰਜਾਬੀ ਨੂੰ ਆਪਣੇ ਘਰਾਂ ਵਿਚ ਆਪਣੇ ਬੱਚਿਆਂ ਨਾਲ ਗੱਲ ਬਾਤ ਕਰਦੇ ਹੋਏ ਬੋਲਣ ਦਾ ਸੁਨੇਹਾ ਵੀ ਦਿੱਤਾ। ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਤੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ ਮੌਜੂਦ ਸਨ।