ਤਲਵੰਡੀ ਸਾਬੋ – ਬੀਤੇ ਦਿਨੀ ਆਦੇਸ਼ ਇੰਸਟੀਚਿਊਟ ਆੱਫ ਟੈਕਨਾਲੋਜੀ, ਫਰੀਦਕੋਟ ਵਿਖੇ ਇਕ ਤਕਨੀਕੀ ਮੇਲਾ ਆਯੋਜਿਤ ਕਰਵਾਇਆ ਗਿਆ । ਇਸ ਵਿਚ ਪੰਜਾਬ ਭਰ ਦੇ ਤਕਰੀਬਨ 25 ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੇਲੇ ਵਿਚ ਵਿਦਿਆਰਥੀਆਂ ਨੇ ਆਪਣੀ ਤਕਨੀਕੀ ਅਤੇ ਗੈਰ-ਤਕਨੀਕੀ ਕਲਾ ਦਾ ਪ੍ਰਦਰਸ਼ਨ ਕੀਤਾ ।
ਗੁਰੂ ਕਾਸ਼ੀ ਯੂਨੀਵਰਸਿਟੀ ਦੀ ਮੈਨੇਜਮੈਂਟ ਦੀ ਵਿਦਿਆਰਥਣ ਕੰਚਨ ਨੂੰ ਬੈਸਟ ਸਟੂਡੈਂਟ (ਲੜਕੀਆਂ) ਅਤੇ ਬੀ. ਟੈਕ. ਦੇ ਵਿਦਿਆਰਥੀ ਰਾਜਦੀਪ ਸਿੰਘ ਨੂੰ ਲੜਕਿਆਂ ਵਿਚੋਂ ਬੈਸਟ ਸਟੂਡੈਂਟ ਦੇ ਖਿਤਾਬ ਨਾਲ ਨਿਵਾਜਿਆ ਗਿਆ । ਇਸ ਦੇ ਨਾਲ ਹੀ ਐੱਮ.ਬੀ.ਏ. ਦੀ ਕੰਵਲਪ੍ਰੀਤ ਕੌਰ ਨੇ ਗਾਇਨ ਮੁਕਾਬਲਿਆਂ ਵਿਚ ਤੀਜਾ ਸਥਾਨ, ਐੱਮ.ਸੀ.ਏ. ਦੇ ਮੁਨੀਸ਼ ਬਾਂਸਲ ਅਤੇ ਬੀ.ਬੀ.ਏ. ਦੀ ਪਵਨਦੀਪ ਕੌਰ ਨੇ ਵਾਦ-ਵਿਵਾਦ ਵਿਚ ਤੀਜਾ ਸਥਾਨ ਅਤੇ ਬੀ.ਸੀ.ਏ. ਦੀ ਜੀਤਪਾਲ ਕੌਰ ਨੇ ਮਹਿੰਦੀ ਲਾਉਣ ਵਿਚ ਦੂਜਾ ਸਥਾਨ ਹਾਸਲ ਕੀਤਾ ।
ਗੁਰੁ ਕਾਸ਼ੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲ੍ਹੀ ਨੇ ਜੇਤੂ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਅਜਿਹੀਆਂ ਸਹਿ-ਪਾਠ ਕਿਰਿਆਵਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ।
ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕ ਸਾਹਿਬਾਨਾਂ ਨੂੰ ਵਧਾਈ ਦਿੰਦੇ ਹੋਏ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਦੇ ਵਿਕਾਸ ਲਈ ਸਹਿ-ਪਾਠ ਕਿਰਿਆਵਾਂ ਵਿਚ ਨਿਰੰਤਰ ਗਤੀਸ਼ੀਲ ਰਹਿਣ ਲਈ ਪ੍ਰੇਰਿਆ ।