ਅੰਮ੍ਰਿਤਸਰ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਕਮੇਟੀ ਦੇ ਕਾਬਜ ਧਿਰ ਬਾਦਲ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਤੇ ਉਸ ਦੇ ਸਾਥੀਆਂ ਨੂੰ ਭਲੀਭਾਂਤ ਜਾਣਕਾਰੀ ਹੈ ਕਿ ਅੰਮ੍ਰਿਤਸਰ ਵਿਚੋਂ ਅਕਾਲੀ ਭਾਜਪਾ ਦਾ ਉਮੀਦਵਾਰ ਅਰੁਣ ਜੇਤਲੀ ਆਪਣੀ ਸਿਆਸੀ ਜੰਗ ਹਾਰ ਚੁੱਕਾ ਹੈ ਅਤੇ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੇਲੋੜੇ ਧਰਨੇ ਤੇ ਬਿਆਨਬਾਜੀ ਕਰਕੇ ਆਪਣੇ ਗੁੱਸੇ ਤੇ ਨਿਰਾਸ਼ਾ ਦਾ ਇਜ਼ਹਾਰ ਕਰ ਰਹੇ ਹਨ।
ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਜਿਹੜੇ ਬਿਆਨ ਨੂੰ ਲੈ ਕੇ ਦਿੱਲੀ ਕਮੇਟੀ ਦੀ ਕਾਬਜ ਧਿਰ ਕਮੇਟੀ ਦੇ ਮੁਲਾਜ਼ਮਾਂ ਤੇ ਬਾਦਲ ਪਰਿਵਾਰ ਦੇ ਗੁਲਾਮਾਂ ਨੂੰ ਲੈ ਕੇ ਮੁਜਾਹਰੇ ਕਰ ਰਹੇ ਹਨ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਚੋਣ ਮੁਹਿੰਮ ਤੇ ਕੋਈ ਅਸਰ ਨਹੀਂ ਪਵੇਗਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀ ਜਾ ਸਕਦਾ ਕਿਉਕਿ ਸਾਕਾ ਨੀਲਾ ਤਾਰਾ ਤੋਂ ਉਪਰੰਤ ਉਹ ਹੀ ਇੱਕ ਵਿਅਕਤੀ ਸੀ ਜਿਸ ਨੇ ਸਭ ਤੋ ਪਹਿਲਾਂ ਆਪਣੇ ਸਾਰੇ ਸਿਆਸੀ ਆਹੁਦਿਆਂ ਤੋਂ ਅਸਤੀਫੇ ਦੇ ਕੇ ਰੋਸ ਪ੍ਰਗਟ ਕੀਤਾ ਸੀ। ਇਸੇ ਤਰਾਂ ਬਰਨਾਲਾ ਵਜਾਰਤ ਵਿੱਚ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਖੇਤੀਬਾੜੀ ਮੰਤਰੀ ਸਨ ਤਾਂ ਬਰਨਾਲਾ ਸਰਕਾਰ ਨੇ ਬਲੈਕ ਥੰਡਰ ਕਰਕੇ ਸ੍ਰੀ ਦਰਬਾਰ ਸਾਹਿਬ ਅੰਦਰ ਪੁਲੀਸ ਭੇਜੀ ਸੀ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀ ਪਦ ਤੋਂ ਅਸਤੀਫਾ ਦੇ ਕੇ ਰੋਸ ਪ੍ਰਗਟ ਕੀਤਾ ਸੀ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਉਹ ਹੀ ਪਹਿਲੇ ਵਿਅਕਤੀ ਸਨ ਜਿਹਨਾਂ ਨੇ ਨਵੰਬਰ 1984 ਦੇ ਦਿੱਲੀ ਦੰਗਿਆ ਤੋਂ ਬਾਅਦ ਵੱਖ ਵੱਖ ਕੈਂਪਾਂ ਜਿਥੇ ਜਿਥੇ ਵੀ ਸਿੱਖ ਠਹਿਰੇ ਹੋਏ ਸਨ, ਵਿੱਚ ਜਾ ਕੇ ਸਿੱਖਾਂ ਨਾਲ ਦੁੱਖ ਸਾਂਝਾ ਕੀਤਾ ਸੀ। ਉਹਨਾਂ ਕਿਹਾ ਕਿ ਬਾਦਲਾਂ ਦੀ ਸਾਕਾ ਨੀਲਾ ਬਾਰੇ ਹੁਣ ਬਿੱਲੀ ਪੂਰੀ ਤਰਾਂ ਥੈਲਿਉ ਬਾਹਰ ਆ ਗਈ ਹੈ ਅਤੇ ਬਾਦਲਾਂ ਨੂੰ ਹੁਣ ਭੱਜਣ ਦਾ ਰਾਹ ਨਹੀ ਲੱਭ ਰਿਹਾ।
ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ ਕੇ ਦਿੱਲੀ ਕਮੇਟੀ ਤੇ ਕਬਜਾ ਕਰਕੇ ਗੁਰੂ ਦੀ ਗੋਲਕ ਦੀ ਦੁਰਵਰਤੋ ਕਰਕੇ ਲੱਖਾਂ ਰੁਪਏ ਐਸ਼ੋ ਇਸ਼ਰਤ ਵਾਸਤੇ ਖਰਚ ਕਰਨ ਦੇ ਨਾਲ ਨਾਲ ਇਸ ਵੇਲੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੇ ਚੋਣ ਪ੍ਰਚਾਰ ਨੂੰ ਲੈ ਕੇ ਸ੍ਰੀ ਤੇਗ ਬਹਾਦਰ ਸਰਾਂ ਵਿੱਚ ਡੇਰੇ ਲਗਾਈ ਬੈਠਾ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਬਣਾਈ ਗਈ ਸਰਾਂ ਇਸ ਵੇਲੇ ਅਕਾਲੀ ਦਲ ਦੇ ਸ਼ਰਾਬੀ ਕਬਾਬੀ ਅਕਾਲੀ ਦਲ ਬਾਦਲ ਦੇ ਵਰਕਰਾਂ ਤੇ ਦਿੱਲੀ ਕਮੇਟੀ ਦੇ ਅਧਿਕਾਰੀਆਂ ਤੇ ਮੁਲਾਜਮਾਂ ਨਾਲ ਭਰੀ ਪਈ ਹੈ ਜਦ ਕਿ ਸਰਾਂ ਸਿਰਫ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਬਣਾਈ ਗਈ ਹੈ। ਉਹਨਾਂ ਕਿਹਾ ਕਿ ਬੀਤੇ ਕਲ ਦਿੱਲੀ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਜਿਸ ਤਰੀਕੇ ਨਾਲ ਅੰਮ੍ਰਿਤਸਰ ਦੇ ਡੀ.ਸੀ ਦਫਤਰ ਦੇ ਲਾਗੇ ਆਪਣੇ ਕੁਝ ਮੁਲਾਜਮਾਂ ਤੇ ਬਾਦਲ ਮਾਰਕਾ 30-35 ਵਿਅਕਤੀਆ ਨੂੰ ਲੈ ਕੇ ਮੁਜਾਹਰਾ ਕੀਤਾ ਜਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਬਾਦਲ ਪੰਜਾਬ ਵਿੱਚ ਚੋਣਾਂ ਹਾਰ ਗਏ ਹਨ ਅਤੇ ਹੁਣ ਉਹ ਅੱਕੀ ਪਲਾਹੀ ਹੱਥ ਮਾਰ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਬੀਤੇ ਦਿਨੀ ਜਦੋਂ ਅਰੁਣ ਜੇਤਲੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਿਹਾ ਸੀ ਕਿ ਸਾਕਾ ਨੀਲਾ ਤਾਰਾ ਨੂੰ ਸਾਨੂੰ ਭੁੱਲ ਜਾਣਾ ਚਾਹੀਦਾ ਹੈ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ”ਮੇਰਾ ਦੇਸ ਮੇਰੀ ਜੀਵਨੀ” ਵਿੱਚ ਇਹ ਲਿਖਿਆ ਹੈ ਕਿ ਤੱਤਕਾਲੀ ਪ੍ਰਧਾਨ ਮੰਤਰੀ ਸਾਕਾ ਨੀਲਾ ਤਾਰਾ ਕਰਨਾ ਨਹੀ ਚਾਹੰਦੀ ਸੀ ਪਰ ਉਹਨਾਂ ਨੇ ਦਬਾ ਪਾ ਕੇ ਕਰਵਾਇਆ ਹੈ ਬਾਰੇ ਬਾਦਲ ਦਲੀਆਂ ਨੇ ਕਦੇ ਕੋਈ ਬਿਆਨ ਕਿਉ ਨਹੀ ਦਿੱਤਾ? ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਕਹਿ ਰਿਹਾ ਹੈ ਕਿ ਸਾਕਾ ਨੀਲਾ ਤਾਰਾ ਉਹਨਾਂ ਦੇ ਕਹਿਣ ਤੇ ਹੋਇਆ ਹੈ ਉਸ ਨੂੰ ਤੇ ਜੇਤਲੀ ਨੂੰ ਤਾਂ ਬਾਦਲ ਦਲੀਏ ਸਿਰੋਪੇ ਦੇ ਕੇ ਕਿਉ ਸਨਮਾਨਿਤ ਕਰਦੇ ਹਨ? ਉਹਨਾਂ ਕਿਹਾ ਕਿ ਕੈਪਟਨ ਦੇ ਖਿਲਾਫ ਮੁਜਾਹਰੇ ਕਰਨ ਵਾਲੇ ਪਹਿਲਾਂ ਅਡਵਾਨੀ ਤੇ ਜੇਤਲੀ ਵੱਲੇਂ ਦਿੱਤੇ ਗਏ ਬਿਆਨਾਂ ਤੇ ਵੀ ਆਪਣੇ ਪੱਖ ਪੇਸ਼ ਕਰਕੇ ਸੰਗਤਾਂ ਨੂੰ ਸਪੱਸ਼ਟੀਕਰਨ ਦੇਣ ਕਿ ਉਹ ਇਹਨਾਂ ਦੋਹਾਂ ਆਗੂਆਂ ਦੇ ਬਿਆਨ ਠੀਕ ਸਮਝਦੇ ਹਨ। ਉਹਨਾਂ ਕਿਹਾ ਕਿ ਬਾਦਲ ਦਲੀਆਂ ਦੀਆਂ ਲੂੰਬੜ ਚਾਲਾਂ ਨੂੰ ਲੋਕ ਭਲੀਭਾਂਤ ਸਮਝ ਗਏ ਹਨ ਕਿ ਸਿੱਖੀ ਦਾ ਮੁੱਖੌਟਾ ਪਾ ਕੇ ਬਹੂਰੂਪੀਆਂ ਵਾਲਾ ਰੋਲ ਨਿਭਾ ਰਹੇ ਬਾਦਲ ਦਲੀਆਂ ਤੇ ਲੋਕ ਹੁਣ ਵਿਸ਼ਵਾਸ਼ ਨਹੀ ਕਰਨਗੇ ਅਤੇ ਆਪਣੇ ਮੱਤ ਦਾ ਮੱਤਦਾਨ ਆਪਣੀ ਸੂਝਬੂਝ ਨਾਲ ਕਰਕੇ ਉਸ ਵਿਅਕਤੀ ਨੂੰ ਹੀ ਦੇਣਗੇ ਜਿਹੜਾ ਉਸ ਦੇ ਯੋਗ ਹੋਵੇਗਾ।