ਲੁਧਿਆਣਾ : ਡਾ. ਅਨੂਪ ਸਿੰਘ ਇਸ ਟੀਮ ਦੇ ਬਿਨਾਂ ਮੁਕਾਬਲਾ ਜਨਰਲ ਸਕੱਤਰ ਚੁਣੇ ਗਏ ਹਨ ਤੇ ਹੁਣ ਚੋਣਾਂ ਵਿਚ ਬਾਕੀ ਟੀਮ ਹੇਠ ਲਿਖੇ ਅਨੁਸਾਰ ਪ੍ਰਤੀਬੱਧ ਹੋ ਕੇ ਚੋਣ ਮੈਦਾਨ ਵਿਚ ਹੈ। ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਦੀ ਰਾਖੀ, ਮਜ਼ਬੂਤੀ ਤੇ ਵਿਕਾਸ ਲਈ, ਪੰਜਾਬੀ ਭਾਸ਼ਾ ਨੂੰ ਹਰ ਪੱਧਰ ’ਤੇ ਸਿੱਖਿਆ ਤੇ ਪ੍ਰੀਖਿਆ ਦਾ ਮਾਧਿਅਮ ਬਣਾਉਣ ਲਈ ; ਸਮੂਹ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ’ਚ ਅਤੇ ਅਦਾਲਤਾਂ ਵਿਚ ਪੰਜਾਬੀ ਦੀ ਵਰਤੋਂ ਯਕੀਨੀ ਬਣਾਉਣ ; ਪੰਜਾਬੀ ਨੂੰ ਚੰਡੀਗੜ੍ਹ ਤੇ ਗਵਾਂਢੀ ਪ੍ਰਦੇਸ਼ਾਂ ਵਿਚ ਬਣਦਾ ਸਥਾਨ ਦਿਵਾਉਣ ; ਸਕੂਲਾਂ ਤੋਂ ਯੂਨੀਵਰਸਿਟੀ ਤੱਕ ਪੰਜਾਬੀ ਟੀਚਰਾਂ ਲੈਕਚਰਾਰਾਂ ਤੇ ਪ੍ਰੋਫ਼ੈਸਰਾਂ ਦੀ ਭਰਤੀ ਰੈਗੂਲਰ ਕਰਾਉਣ ; ਪੰਜਾਬ ’ਚ ਹੋ ਰਹੇ ਖੋਜ ਕਾਰਜਾਂ ਦਾ ਪੱਧਰ ਉਚਿਆਉਣ ; ਵੱਖ-ਵੱਖ ਪੱਧਰਾਂ ’ਤੇ ਲੇਖਕਾਂ/ਸਾਹਿਤਕਾਰਾਂ/ਕਲਾਕਾਰਾਂ ਨੂੰ ਦਿੱਤੇ ਜਾਂਦੇ ਸਨਮਾਨਾਂ ’ਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀਆਂ ਸਰਗਰਮੀਆਂ ਨੂੰ ਵਧਾਉਣ ; ਸੁਚਾਰੂ ਕਾਰਜਸ਼ੈਲੀ ਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਦੇ ਅਹਿਦ ਨਾਲ ਸਾਹਿਤਕਾਰਾਂ ਦੀਆਂ ਪ੍ਰਮੁੱਖ ਧਿਰਾਂ ਨੇ 4 ਮਈ, 2014 ਨੂੰ ਹੋ ਰਹੀਆਂ ਚੋਣਾਂ ਲਈ ਇਕ ਸਾਂਝੇ ਮੋਰਚੇ ਦੇ ਗਠਿਨ ਕਰਕੇ ਚੋਣ ਮੈਦਾਨ ’ਚ ਉਤਰਨ ਦਾ ਐਲਾਨ ਕੀਤਾ ਹੈ। ਇਸ ਸਾਂਝੇ ਮੋਰਚੇ ਨੇ ਸਰਵਸੰਮਤੀ ਨਾਲ ਡਾ. ਸੁਖਦੇਵ ਸਿੰਘ ਸਿਰਸਾ ਨੂੰ ਪ੍ਰਧਾਨ ਲਈ, ਡਾ. ਸੁਰਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ (ਜਨਰਲ ਸਕੱਤਰ ਲਈ ਡਾ. ਅਨੂਪ ਸਿੰਘਬਿਨਾਂ ਮੁਕਾਬਲਾ ਚੁਣੇ ਗਏ ਹਨ) ਦੇ ਨਾਂ ਪੇਸ਼ ਕੀਤੇ ਹਨ। ਇਨ੍ਹਾਂ ਤਿੰਨ ਉਮੀਦਵਾਰਾਂ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਸਾਡੀ ਟੀਮ ਨੂੰ ਵੱਡੀਆਂ ਸਾਹਿਤਕ ਸ਼ਖ਼ਸੀਅਤਾਂ, ਵੱਕਾਰੀ ਪੁਰਸਕਾਰ ਪ੍ਰਾਪਤ ਸਾਹਿਤਕਾਰਾਂ, ਲੇਖਕਾਂ ਤੇ ਸਾਹਿਤਕਾਰਾਂ ਦੀਆਂ ਜਥੇਬੰਦੀਆਂ ਦੇ ਸਾਬਕਾ ਤੇ ਮੌਜੁਦਾ ਆਗੂਆਂ ਤੇ ਵੀ.ਸੀ. ਸਾਹਿਬਾਨ ਦਾ ਸਮਰਥਨ ਅਤੇ ਸਹਿਯੋਗ ਪ੍ਰਾਪਤ ਹੈ। ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ ਤੇ ਡਾ. ਅਨੂਪ ਸਿੰਘ ਨੇ ਸਾਂਝੇ ਰੂਪ ’ਚ ਜਾਣਕਾਰੀ ਦਿੱਤੀ ਕਿ ਮੀਤ ਪ੍ਰਧਾਨਾਂ ਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦਾ ਫੈਸਲਾ ਨਾਮਜ਼ਦਗੀ ਪੱਤਰ ਵਾਪਸ ਲੈਣ ਤੱਕ ਆਪਸੀ ਸਲਾਹ ਨਾਲ ਕਰ ਲਿਆ ਜਾਵੇਗਾ। ਮੈਜੂਦਾ ਟੀਮ ਦੇ ਜਿਹੜੇ ਮੈਂਬਰਾਂ ਨੇ ਅਕਾਡਮੀ ਦੇ ਕੰਮਕਾਰ ’ਚ ਸਰਗਰਮੀ ਨਾਲ ਕੰਮ ਕੀਤਾ ਹੈ, ਉਨ੍ਹਾਂ ਨੂੰ ਯੋਗ ਤੇ ਉਚਿਤ ਪ੍ਰਤੀਨਿਧਤਾ ਦਿੱਤੀ ਜਾਵੇਗੀ। ਉ¤ਕਤ ਤਿੰਨਾਂ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਲਗਪਕ 90% ਅਕਾਡਮੀ ਮੈਂਬਰਾਂ ਦਾ ਸਾਡੀ ਟੀਮ ਨੂੰ ਸਮਰਥਨ ਹਾਸਲ ਹੈ। ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਅਸੀਂ ਚੋਣਾਂ ਤੋਂ ਪਹਿਲਾਂ ਅਤੇ ਚੁਣੇ ਜਾਣ ਦੀ ਸੂਰਤ ਵਿਚ ਅਕਾਡਮੀ ਦੇ ਕੰਮ-ਕਾਰ ਨੂੰ ਹੋਰ ਬਿਹਤਰ, ਪ੍ਰਭਾਵਸ਼ਾਲੀ ਤੇ ਪਾਰਦਰਸ਼ੀ ਬਣਾਉਣ ਲਈ ਇਕਮੁੱਠ-ਇਕਜਾਨ ਹੋ ਕੇ ਕੰਮ ਕਰਾਂਗੇ।
ਅੱਜ ਡਾ. ਹਰਵਿੰਦਰ ਸਿੰਘ ਸਿਰਸਾ ਵਲੋਂ ਮੀਤ ਪ੍ਰਧਾਨ ਦੇ ਨਾਮਜ਼ਦਗੀ ਪੱਤਰ ਅਤੇ ਕਰਾਂਤੀਪਾਲ ਵਲੋਂ ਪ੍ਰਬੰਧਕੀ ਬੋਰਡ ਮੈਂਬਰ ਦੇ ਨਾਮਜ਼ਦਗੀ ਪੱਤਰ ਵਾਪਸ ਲਏ ਗਏ ਇਸ ਤਰ੍ਹਾਂ ਡਾ. ਹਰਵਿੰਦਰ ਸਿੰਘ ਸਿਰਸਾ ਅਤੇ ਸ. ਹਰਦੇਵ ਸਿੰਘ ਗਰੇਵਾਲ ਦੋਨੋਂ ਮੈਂਬਰ ਪ੍ਰਬੰਧਕੀ ਬੋਰਡ (ਪੰਜਾਬੋਂ ਬਾਹਰ) ਦੇ ਜਿੱਤੇ ਹੋਣ ਦੇ ਆਸਾਰ ਬਣ ਗਏ ਹਨ। ਇਹ ਦੋਵੇਂ ਇਸ ਟੀਮ ਨਾਲ ਹਨ। ਇਸ ਸਮੇਂ ਉਨ੍ਹਾਂ ਨਾਲ ਸੁਰਿੰਦਰ ਕੈਲੇ, ਮਿੱਤਰ ਸੈਨ ਮੀਤ, ਪ੍ਰੀਤਮ ਸਿੰਘ ਪੰਧੇਰ, ਡਾ. ਗੁਲਜ਼ਾਰ ਸਿੰਘ ਪੰਧੇਰ, ਜਸਵੀਰ ਝੱਜ, ਬਲਦੇਵ ਸਿੰਘ ਝੱਜ, ਸੁਖਦੇਵ ਸਿੰਘ ਪ੍ਰੇਮੀ, ਮੇਜਰ ਸਿੰਘ ਗਿੱਲ, ਤਰਲੋਚਨ ਝਾਂਡੇ, ਹਰਬੰਸ ਮਾਲਵਾ ਸਮੇਤ ਕਾਫੀ ਗਿਣਤੀ ਵਿਚ ਲੇਖਕ ਹਾਜ਼ਰ ਸਨ।