ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਸਰਪ੍ਰਸਤੀ ਹੇਠ ਇਕ ਵਿਗਿਆਨਕ ਨਾਟਕ ਮਾਨਸਾ ਜ਼ਿਲ੍ਹੇ ਦੇ ਮਢਾਲੀ ਪਿੰਡ ਵਿਖੇ ਪੇਸ਼ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਾਨਸਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਪਰਮਜੀਤ ਸਿੰਘ ਢੱਟ ਸ਼ਾਮਿਲ ਹੋਏ । ਇਸ ਮੌਕੇ ਮਢਾਲੀ ਤੋਂ ਇਲਾਵਾ ਨੇੜੇ ਦੇ ਪਿੰਡਾਂ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ । ਇਸ ਬਾਰੇ ਜਾਣਕਾਰੀ ਦਿੰਦਿਆਂ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਡਾ. ਅਨਿਲ ਸ਼ਰਮਾ ਨੇ ਦੱਸਿਆ ਕਿ ਯੂਨਾਈਟੇਡ ਸਟੇਟ ਇੰਡੀਆਂ ਐਜੂਕੇਸ਼ਨ ਫਾਊਡੇਸ਼ਨ ਵੱਲੋਂ ਜਾਰੀ ਕੀਤੇ ਗਏ ਇੱਕ ਪ੍ਰੋਜੈਕਟ ਅਧੀਨ ਇਹ ਵਿਗਿਆਨਿਕ ਨਾਟਕ ਪੰਜਾਬ ਦੇ ਵੱਖ ਵੱਖ ਹਿੱਸਿਆ ਵਿੱਚ ਖੇਡੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਕੁਦਰਤ ਦੇ ਸੋਮਿਆਂ ਦੇ ਚੰਗੇਰੇ ਰਖ-ਰਖਾਵ ਦਾ ਸੁਨੇਹਾ ਦਿੰਦੇ ਇਸ ਨਾਟਕ ਵਿੱਚ ਯੂਨੀਵਰਸਿਟੀ ਦੇ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਭਾਗ ਲੈ ਰਹੇ ਹਨ। ਉਹਨਾਂ ਦੱਸਿਆ ਕਿ ਇਸ ਨਾਟਕ ਵਿੱਚ ਬੇਲੋੜੇ ਰਸਾਇਣਾਂ ਦੇ ਨਾਲ ਹੋ ਰਹੇ ਵਾਤਾਵਰਨ ਦੇ ਨੁਕਸਾਨ ਬਾਰੇ ਦੱਸਿਆ ਗਿਆ ਹੈ ਅਤੇ ਇਸ ਬੇਲੋੜੀ ਵਰਤੋਂ ਕਾਰਨ ਅਸੀਂ ਆਪਣੇ ਕੁਦਰਤੀ ਮਿੱਤਰ ਵੀ ਮਾਰ ਰਹੇ ਹਾਂ ।
ਡਾ. ਢੱਟ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਸੰਬੰਧੀ ਹੋਕਾ ਦਿੰਦਾ ਇਹ ਨਾਟਕ ਸਮੇਂ ਦੀ ਮੁੱਖ ਮੰਗ ਹੈ । ਉਹਨਾਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾਂ ਆਉਣ ਵਾਲੀਆਂ ਪੁਸ਼ਤਾਂ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਗੀਆਂ । ਡਾ. ਢੱਟ ਨੇ ਕਿਹਾ ਕਿ ਸਾਨੂੰ ਰਸਾਇਣਾਂ ਅਤੇ ਮੁੱਢਲੀਆਂ ਵਸਤਾਂ ਦੀ ਵਰਤੋਂ ਜ਼ਰੂਰਤ ਅਨੁਸਾਰ ਹੀ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਪਾਣੀ ਨਾਲ ਹੀ ਜੀਵਨ ਹੈ ਅਤੇ ਜੇਕਰ ਅਸੀਂ ਪਾਣੀ ਦੀ ਬੇਲੋੜੀ ਵਰਤੋਂ ਕਰਾਂਗੇ ਤਾਂ ਪਾਣੀ ਦਾ ਸੰਕਟ ਭਵਿੱਖ ਵਿੱਚ ਪੈਦਾ ਹੋਣਾ ਸੁਭਾਵਿਕ ਹੈ । ਉਹਨਾਂ ਕਿਹਾ ਕਿ ਪਾਣੀ ਦੀ ਥੁੜ ਤੋਂ ਇਲਾਵਾ ਪਾਣੀ ਦਾ ਪੀਣ ਯੋਗ ਨਾ ਰਹਿਣਾ ਵੀ ਇੱਕ ਵੱਡੀ ਚੁਣੌਤੀ ਉਭਰ ਕੇ ਸਾਹਮਣੇ ਆ ਰਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਕੁਦਰਤੀ ਸੋਮੇ ਅਤੇ ਜੰਗਲਾਤ ਵਿਭਾਗ ਦੇ ਸਾਇੰਸਦਾਨ ਡਾ. ਸੰਜੀਵ ਚੌਹਾਨ ਵੀ ਸ਼ਾਮਿਲ ਹੋਏ। ਉਹਨਾਂ ਇਸ ਮੌਕੇ ਖੇਤੀ ਜੰਗਲਾਤ ਅਤੇ ਖੇਤੀ ਵਿਭਿੰਨਤਾ ਬਾਰੇ ਵਡਮੁੱਲੀ ਜਾਣਕਾਰੀ ਪ੍ਰਦਾਨ ਕੀਤੀ । ਵਿਦਿਆਰਥੀਆਂ ਦੀ ਟੀਮ ਵਿੱਚ ਸ਼ਰਨਜੀਤ ਕੌਰ ਢਿੱਲੋ, ਜੋਬਨਜੀਤ ਖਹਿਰਾ, ਨਰਜੀਤ ਸਿੰਘ, ਨਵੀਨ ਭੰਡਾਰੀ, ਕੁਨਾਲ ਸਿੰਗਲਾ, ਰਾਜਵੀਰ ਸਿੰਘ ਸੰਧੂ, ਐਸ.ਪਾਲ ਸਿੰਘ, ਹਰਜੀਤ ਸਿੰਘ ਲੱਧੜ, ਮਨਿੰਦਰ ਸਿੰਘ ਸੰਧੂ, ਸਿਮਰਨ ਬੱਧਣ, ਅੰਮ੍ਰਿਤਪਾਲ ਰੰਧਾਵਾ ਆਦਿ ਸ਼ਾਮਿਲ ਸਨ । ਵਿਦਿਆਰਥੀ ਅੰਮ੍ਰਿਤਪਾਲ ਰੰਧਾਵਾ ਨੇ ਇਸ ਮੌਕੇ ਦੱਸਿਆ ਕਿ ਕਿਸਾਨਾਂ ਤੱਕ ਨਵੇਕਲੇ ਢੰਗ ਰਾਹੀਂ ਸੁਨੇਹਾ ਪਹੁੰਚਾਉਣ ਨਾਲ ਉਹ ਅਤਿ ਪ੍ਰਸੰਨਤਾ ਮਹਿਸੂਸ ਕਰ ਰਹੇ ਹਨ ਅਤੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ ਕੇ ਕਿਰਸਾਨੀ ਦੀ ਸੇਵਾ ਜ਼ਰੂਰ ਕਰਨਗੇ ।
ਇਸ ਮੌਕੇ ਇਕ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਵਿਦਿਆਰਥੀਆਂ ਵੱਲੋਂ ਲਗਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮਿੱਤਰ ਕੀੜਿਆਂ ਦੇ ਸਜੀਵ ਨਮੂਨੇ ਵੀ ਸ਼ਾਮਿਲ ਕੀਤੇ ਗਏ । ਹਾਜ਼ਰ ਕਿਸਾਨਾਂ ਨੂੰ ਸੁਨੇਹਾ ਦਿੰਦਾ ਇੱਕ ਪੋਸਟਰ ਅਤੇ ਹੋਰ ਸਾਹਿਤ ਵੀ ਇਸ ਮੌਕੇ ਮੁਫ਼ਤ ਵੰਡਿਆ ਗਿਆ ।