ਅੰਮ੍ਰਿਤਸਰ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਪੰਜਾਬ ਸਰਕਾਰ ਵਿੱਚ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰਵਾਨਤ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋ ਮੰਗ ਕੀਤੀ ਕਿ ਮਰਿਆਦਾ ਤੇ ਪੰਥਕ ਸਿਧਾਂਤਾਂ ਦੇ ਸੰਦਰਭ ਵਿੱਚ ਮਜੀਠੀਆ ਤੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਸ ਵੱਲੋਂ ਸਿਆਸੀ ਤੇ ਧਾਰਮਿਕ ਸਟੇਜਾਂ ‘ਤੇ ਬੋਲਣ ਦੀ ਉਸ ਵੇਲੇ ਤੱਕ ਪਾਬੰਦੀ ਲਗਾਈ ਜਾਵੇ ਜਿੰਨਾਂ ਚਿਰ ਤੱਕ ਅਕਾਲ ਤਖਤ ਸਾਹਿਬ ਤੋਂ ਇਸ ਮਾਮਲੇ ਦਾ ਨਿਪਟਾਰਾ ਨਹੀ ਹੋ ਜਾਂਦਾ।
ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਡੀ.ਜੀ.ਪੀ (ਜੇਲ੍ਹਾਂ) ਸ੍ਰੀ ਸ਼ਸ਼ੀ ਕਾਂਤ ਵੱਲੋ ਮਜੀਠੀਏ ਤੇ ਹੋਰ ਤਿੰਨ ਮੰਤਰੀਆ ‘ਤੇ ਲਗਾਏ ਗਏ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੋਸ਼ਾਂ ਦੇ ਅਖਬਾਰਾਂ ਵਿੱਚ ਛੱਪੇ ਬਿਆਨਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕਿ ਮਜੀਠੀਏ ਨੇ ਸਿੱਖ ਪੰਥ ਵਿੱਚ ਕੁਰਬਾਨੀ ਦਾ ਪ੍ਰਤੀਕ ‘ਦੇਹ ਸ਼ਿਵਾ ਬਰਮੋਹੇ ਇਹੇ’ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕ੍ਰਿਤ ਨਾਲ ਛੇੜਖਾਨੀ ਕਰਕੇ ਇਸ ਸ਼ਬਦ ਨਾਲ ਜੇਤਲੀ ਦੇ ਨਾਮ ਨਾਲ ਜੋੜ ਕੇ ਸਿੱਖ ਪੰਥ ਦੇ ਹਿਰਦਿਆਂ ਨੂੰ ਵਲੂੰਧਰ ਦਿੱਤਾ ਹੈ। ਉਹਨਾਂ ਕਿਹਾ ਕਿ ਸੌਦਾ ਸਾਧ ਨੂੰ ਵਿਵਾਦਤ ਪੁਸ਼ਾਕ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਬਣਾ ਕੇ ਭੇਜੀ ਤੇ ਫਿਰ ਉਸ ਤੇ ਸਿਆਸਤ ਕੀਤੀ ਗਈ ਜਿਸ ਸੰਤਾਪ ਅੱਜ ਸਿੱਖ ਪੰਥ ਭੋਗ ਰਿਹਾ ਹੈ। ਉਹਨਾਂ ਕਿਹਾ ਕਿ ਮਜੀਠੀਆ ਵੱਲੋਂ ਕੀਤੀ ਗਈ ਬੱਜਰ ਗਲਤੀ ਮੁਆਫੀਯੋਗ ਨਹੀਂ ਹੈ ਅਤੇ ਅਜਿਹੇ ਵਿਅਕਤੀ ਦੀ ਸਜਾ ਤਾਂ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਇ ਜੀ ਆਪ ਹੀ ਉਸ ਵੇਲੇ ਨਿਰਧਾਰਤ ਕਰ ਗਏ ਸਨ ਜਦੋਂ ਉਹਨਾਂ ਨੇ ਮੁਗਲ ਦਰਬਾਰ ‘‘ਦਿੱਲੀ’’ ਵਿੱਚ ਆਪਣੇ ਬੇਟੇ ਰਾਮਰਾਇ ਨੂੰ ਗੁਰਬਾਣੀ ਦੀ ਸਹੀ ਵਿਖਾਇਆ ਕਰਕੇ ਇਸ ਦੇ ਅਰਥ ਸਮਝਾਉਣ ਲਈ ਭੇਜਿਆ ਪਰ ਉਸ ਨੇ ‘ਮਿੱਟੀ ਮੁਸਲਮਾਨ’ ਵਾਲੀ ਤੁਕ ਨੂੰ ਆਪਣੇ ਪੱਧਰ ਤੇ ਤਬਦੀਲ ਕਰਕੇ ਮੁਗਲਾਂ ਨੂੰ ਖੁਸ਼ ਕਰਨ ਲਈ ‘ਮਿੱਟੀ ਬੇਈਮਾਨ’ ਦੀ ਕਹਿ ਦਿੱਤਾ। ਗੁਰੂ ਸਾਹਿਬ ਨੇ ਇਸ ਬੱਜਰ ਗਲਤੀ ਦਾ ਕੜਾ ਨੋਟਿਸ ਲੈਂਦਿਆ ਰਾਮ ਰਾਇ ਨੂੰ ਮੱਥੇ ਲੱਗਣ ਤੋਂ ਹੀ ਰੋਕ ਦਿੱਤਾ ਤੇ ਉਸ ਨੂੰ ਪੰਥ ਵਿੱਚੋ ਬਾਹਰ ਕਰ ਦਿੱਤਾ ਸੀ। ਉਹਨਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਗੁਰੂ ਸਾਹਿਬ ਦੇ ਫੈਂਸਲੇ ਦੇ ਸੰਦਰਭ ਵਿੱਚ ਹੀ ਫੈਸਲਾ ਲੈਣ ਤੇ ਮਜੀਠੇ ਵਿਰੁੱਧ ਕੜ੍ਹੀ ਕਾਰਵਾਈ ਨੂੰ ਯਕੀਨੀ ਬਣਾਉਣ ਕਿਉਕਿ ਮਜੀਠੀਏ ਨੇ ਮੁਗਲਾਂ ਦੇ ਸਰੂਪ ਵਾਲੀ ਉਸ ਫਿਰਕਾਪ੍ਰਸਤ ਪਾਰਟੀ ਆਰ ਐਸ.ਐਸ ਤੇ ਉਸ ਦੇ ਰਾਜਨੀਤਕ ਵਿੰਗ ਭਾਜਪਾ, ਜਿਹੜੀ ‘‘ਦਿੱਲੀ’’ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੀ ਹੈ ਨੂੰ ਖੁਸ਼ ਕਰਨ ਲਈ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਜੇਕਰ ਅਕਾਲ ਤਖਤ ਤੋਂ ਹੁਣ ਵੀ ਕੋਈ ਕਾਰਵਾਈ ਨਾਂ ਹੋਈ ਤਾਂ ਫਿਰ ਅਕਾਲ ਤਖਤ ਦੀ ਭਾਵਨਾ ਵਿੱਚ ਤਾਂ ਸਿੱਖ ਪੰਥ ਜੁੜਿਆ ਰਹੇਗਾ ਪਰ ਜਥੇਦਾਰ ਤੇ ਉਸ ਦੀ ਕਾਰਗੁਜਾਰੀ ਤੋਂ ਸਿੱਖਾਂ ਦਾ ਵਿਸ਼ਵਾਸ਼ ਉਠ ਜਾਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸ੍ਰ. ਪਰਮਜੀਤ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦਾ ਧਿਆਨ ਵੀ ਇਸ ਬੱਜਰ ਕੁਰਹਿਤ ਵੱਲ ਦਿਵਾਉਂਦਿਆ ਮੰਗ ਕੀਤੀ ਕਿ ਇਸ ਵਿਅਕਤੀ ਨੂੰ ਬਿਨਾਂ ਕਿਸੇ ਦੇਰੀ ਤੋਂ ਅਕਾਲੀ ਦਲ ਵਿੱਚੋ ਕੱਢਿਆ ਜਾਵੇ ਅਤੇ ਇਸ ਕੋਲੋਂ ਮੰਤਰੀ ਦੇ ਆਹੁਦੇ ਤੇ ਵਿਧਾਇਕ ਪਦ ਤੋਂ ਵੀ ਅਸਤੀਫਾ ਲੈ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਜਾਵੇ।