ਲਖਨਊ – ਬਸਪਾ ਮੁੱਖੀ ਮਾਇਆਵਤੀ ਨੇ ਮੂੰਹਫੱਟ ਰਾਮਦੇਵ ਵੱਲੋਂ ਰਾਹੁਲ ਗਾਂਧੀ ਦੀ ਆਲੋਚਨਾ ਕਰਦੇ ਸਮੇਂ ਦਲਿਤਾਂ ਦੇ ਸਬੰਧ ਵਿੱਚ ਕੀਤੀ ਗਈ ਅਸ਼ਲੀਲ ਤੇ ਘੱਟੀਆ ਪੱਧਰ ਦੀ ਟਿਪਣੀ ਦੀ ਨਿੰਦਿਆ ਕਰਦੇ ਹੋਏ ਉਸ ਨੂੰ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ। ਬਸਪਾ ਨੇਤਾ ਨੇ ਕਿਹਾ ਕਿ ਅਜਿਹਾ ਨਾਂ ਕਰਨ ਦੀ ਸੂਰਤ ਵਿੱਚ ਰਾਮਦੇਵ ਦੇ ਖਿਲਾਫ਼ ਪੂਰੇ ਦੇਸ਼ ਵਿੱਚ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
ਮਾਇਆਵਤੀ ਨੇ ਇੱਕ ਚੋਣ ਰੈਲੀ ਦੌਰਾਨ ਕਿਹਾ, ‘ਸ਼ੁਕਰਵਾਰ ਨੂੰ ਬੀਜੇਪੀ ਦੇ ਬਹੁਤ ਵੱਡੇ ਨੇਤਾ ਅਤੇ ਪਰਚਾਰਕ ਬਾਬਾ ਰਾਮਦੇਵ ਨੇ ਲਖਨਊ ਵਿੱਚ ਕਾਂਗਰਸ ਦੀ ਆਲੋਚਨਾ ਕਰਦੇ ਹੋਏ ਜਿਸ ਤਰ੍ਹਾਂ ਪੂਰੇ ਦੇਸ਼ ਦੇ ਦਲਿਤਾਂ ਦੀਆਂ ਬਹੂ-ਬੇਟੀਆਂ ਦੀ ਇਜ਼ਤ ਤੇ ਉਂਗਲੀ ਉਠਾਈ ਹੈ, ਜਿਸ ਅਸ਼ਲੀਲ ਅਤੇ ਅਸੱਭਿਆ ਭਾਸ਼ਾ ਦਾ ਇਸਤੇਮਾਲ ਕੀਤਾ ਹੈ,ਉਸ ਦੀ ਸਾਡੀ ਪਾਰਟੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ।’
ਉਹਨਾਂ ਨੇ ਕਿਹਾ ਕਿ ਮੈਂ ਰਾਜ ਦੀ ਸਪਾ ਸਰਕਾਰ ਅਤੇ ਮੁੱਖ ਚੋਣ ਕਮਿਸ਼ਨਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਬੀਜੇਪੀ ਦੇ ਇਸ ਨੇਤਾ ਰਾਮਦੇਵ ਦੀ ਇਸ ਗਿਰੀ ਹੋਈ ਹਰਕਤ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਕੇ ਜੇਲ੍ਹ ਭੇਜਿਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ, ‘ ਇਸ ਦੇ ਨਾਲ ਹੀ ਬੀਜੇਪੀ ਨੂੰ ਅਜਿਹੇ ਬਾਬੇ ਨੂੰ ਤੁਰੰਤ ਹੀ ਪਾਰਟੀ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ, ਨਹੀਂ ਤਾਂ ਬਸਪਾ ਇਸ ਬਦਦਿਮਾਗ ਬਾਬੇ, ਬੀਜੇਪੀ ਅਤੇ ਸਪਾ ਦੇ ਖਿਲਾਫ਼ ਜਬਰਦਸਤ ਅੰਦੋਲਨ ਸ਼ੁਰੂ ਕਰੇਗੀ।’
ਵਰਨਣਯੋਗ ਹੈ ਕਿ ਰਾਮਦੇਵ ਨ ਸ਼ੁਕਰਵਾਰ ਨੂੰ ਰਾਹੁਲ ਗਾਂਧੀ ਦੇ ਸਬੰਧ ਵਿੱਚ ਇਤਰਾਜ਼ਯੋਗ ਟਿਪਣੀ ਕਰਦੇ ਹੋਏ ਕਿਹਾ ਸੀ ਕਿ ਉਹ ਦਲਿਤਾਂ ਦੇ ਘਰ ਹਨੀਮੂਨ ਅਤੇ ਪਿਕਨਿਕ ਮਨਾਉਣ ਜਾਂਦੇ ਹਨ। ਰਾਜ ਸਰਕਾਰ ਨੇ ਪਹਿਲਾਂ ਹੀ ਇਸ ਮਾਮਲੇ ਵਿੱਚ ਰਾਮਦੇਵ ਦੇ ਖਿਲਾਫ਼ ਲਖਨਊ ਵਿੱਚ ਧਾਰਾ 171(6) ਦੇ ਤਹਿਤ ਮੁਕੱਦਮਾ ਦਰਜ਼ ਕਰ ਦਿੱਤਾ ਹੈ।
ਰਾਮਦੇਵ ਦੇ ਇਸ ਮੰਦਬੁੱਧੀ ਵਾਲੇ ਬਿਆਨ ਦੀ ਸਾਰਿਆਂ ਪਾਸਿਆਂ ਤੋਂ ਨਿੰਦਿਆ ਹੋ ਰਹੀ ਹੈ।ਕਾਂਗਰਸ ਨੇ ਇਸ ਨੂੰ ਬਹੁਤ ਹੀ ਸ਼ਰਮਨਾਕ ਦੱਸਦੇ ਹੋਏ ਨਰੇਂਦਰ ਮੋਦੀ ਨੂੰ ਬਿਨਾਂ ਸ਼ਰਤ ਮਾਫੀ ਮੰਗਣ ਲਈ ਕਿਹਾ ਹੈ। ਬੀਜੇਪੀ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਇਸ ਬਾਬੇ ਦਾ ਬਚਾਅ ਕਰ ਰਹੀ ਹੈ।