ਸਿਓਲ- ਉਤਰ ਕੋਰੀਆ ਨੇ ਦੱਖਣੀ ਕੋਰੀਆ ਦੀ ਰਾਸ਼ਟਰਪਤੀ ਪਾਰਕ ਗਿਅਨ ਹਾਈ ਦੇ ਸਬੰਧ ਵਿੱਚ ਇਤਰਾਜ਼ਯੋਗ ਟਿਪਣੀ ਕਰਦੇ ਹੋਏ, ਉਸ ਨੂੰ ਅਮਰੀਕੀ ਰਾਸ਼ਟਰਪਤੀ ਦੀ ਗੁਲਾਮ ਦੱਸਦੇ ਹੋਏ ਵੇਸਵਾ ਤੱਕ ਕਹਿ ਦਿੱਤਾ।ਉਤਰ ਕੋਰੀਆ ਦੇ ਰਾਸ਼ਟਰਪਤੀ ਨੇ ਪਰਮਾਣੂੰ ਯੁੱਧ ਦੀ ਧਮਕੀ ਵੀ ਦਿੱਤੀ।
‘ ਕਮੇਟੀ ਫਾਰ ਪੀਸਫੁੱਲ ਰੀਯੂਨਿਫੇਕਸ਼ਨ ਆਫ਼ ਕੋਰੀਆ’ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਪਾਰਕ ਦਾ ਰਵਈਆ ਤੁੱਛ ਜਿਹੀ ਲੜਕੀ ਦੀ ਤਰ੍ਹਾਂ ਸੀ, ਜੋ ਕਿਸੇ ਅਜਿਹੇ ਵਿਅਕਤੀ ਨੂੰ ਕੁੱਟਣ ਲਈ ਗੁੰਡਿਆਂ ਦੀ ਭੀਖ ਮੰਗ ਰਹੀ ਹੈ, ਜਿਸ ਨੂੰ ਉਹ ਪਸੰਦ ਨਹੀਂ ਕਰਦੀ। ਜਾਂ ਫਿਰ ਅਜਿਹੀ ਵੇਸਵਾ ਦੀ ਤਰ੍ਹਾਂ ਹੈ, ਜੋ ਕਿਸੇ ਤਾਕਤਵਰ ਦਲਾਲ ਨੂੰ ਆਪਣਾ ਸਰੀਰ ਸੌਂਪ ਕੇ ਕਿਸੇ ਨੂੰ ਫਸਾਉਣ ਲਈ ਉਤਾਵਲੀ ਹੋ ਰਹੀ ਹੈ। ਇਹ ਕਮੇਟੀ ਉਤਰੀ ਕੋਰੀਆ ਦੇ ਵਿਦੇਸ਼ੀ ਮਾਮਲੇ ਸੰਭਾਲਦੀ ਹੈ।
ਅਮਰੀਕੀ ਰਾਸ਼ਟਰਪਤੀ ਓਬਾਮਾ ਇਸ ਸਮੇਂ ਦੱਖਣੀ ਕੋਰੀਆ ਦੀ ਯਾਤਰਾ ਤੇ ਹਨ। ਇਸੇ ਲਈ ਹੀ ਉਤਰੀ ਕੋਰੀਆ ਨੇ ਅਜਿਹੀ ਭੱਦੀ ਟਿੱਪਣੀ ਕੀਤੀ ਹੈ। ਪਾਰਕ ਨੇ ਹਾਲ ਹੀ ਵਿੱਚ ਉਤਰ ਕੋਰੀਆ ਨੂੰ ਇੱਕ ‘ਅਛੂਤ ਰਾਜ’ ਕਿਹਾ ਸੀ। ਇਹ ਵੀ ਕਿਹਾ ਸੀ ਕਿ ਜੇ ਪਿਯੋਂਗਯਾਂਗ ਚੌਥਾ ਪਰਮਾਣੂੰ ਟੈਸਟ ਕਰਨ ਤੇ ਅੜਿਆ ਰਹਿੰਦਾ ਹੈ ਤਾਂ ਉਹ ਦੁਨੀਆਭਰ ਵਿੱਚ ਅਲੱਗ-ਥਲੱਗ ਪੈ ਜਾਵੇਗਾ ਅਤੇ ਭਵਿੱਖ ਵਿੱਚ ਇਹ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।