ਕਾਬੁਲ- ਅਫ਼ਗਾਨਿਸਤਾਨ ਦੇ ਬਾਦਸ਼ਾਹਖਾਨ ਸੂਬੇ ਵਿੱਚ ਲੈਂਡਸਲਾਈਡ ਨਾਲ ਪੂਰਾ ਪਿੰਡ ਤਬਾਹ ਹੋ ਗਿਆ ਹੈ। ਬਹੁਤ ਭਾਰੀ ਵੱਰਖਾ ਹੋਣ ਕਾਰਨ ਪੂਰੀ ਦੀ ਪੂਰੀ ਪਹਾੜੀ ਹੀ ਪਿੰਡ ਤੇ ਡਿੱਗ ਪਈ ਹੈ, ਜਿਸ ਨਾਲ 300 ਤੋਂ ਵੱਧ ਘਰ ਦੱਬ ਗਏ ਹਨ। ਸਥਾਨਕ ਅਧਿਕਾਰੀਆਂ ਅਨੁਸਾਰ 2000 ਤੋਂ ਵੱਧ ਲੋਕ ਲਾਪਤਾ ਹਨ। ਰਾਹਤ ਦਲਾਂ ਅਨੁਸਾਰ 350 ਲੋਕਾਂ ਦੀ ਇਸ ਲੈਂਡਸਲਾਈਡ ਨਾਲ ਮੌਤ ਹੋ ਚੁੱਕੀ ਹੈ।
ਰਾਜ ਦੇ ਗਵਰਨਰ ਸ਼ਾਹ ਅਦੀਬ ਅਨੁਸਾਰ ਪਿੰਡ ਦੇ 300 ਘਰ ਪਹਾੜੀ ਦੇ ਹੇਠਾਂ ਦੱਬ ਗਏ ਹਨ ਅਤੇ ਬਹੁਤ ਸਾਰੇ ਲੋਕ ਲਾਪਤਾ ਹਨ। ਰਾਜਪਾਲ ਨੇ ਕਿਹਾ ਕਿ ਬਚਾਅ ਦਸਤੇ ਆਪਣਾ ਕੰਮ ਕਰ ਰਹੇ ਹਨ ਪਰ ਉਨ੍ਹਾਂ ਕੋਲ ਸਾਧਨਾਂ ਦੀ ਘਾਟ ਹੋਣ ਕਰਕੇ ਲੋਕਾਂ ਨੂੰ ਮਲਬੇ ਵਿੱਚੋਂ ਕੱਢਣ ਲਈ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ।ਦੂਸਰੇ ਪਿੰਡਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਕੁਝ ਹੋਰ ਪਿੰਡ ਖਾਲੀ ਕਰਵਾ ਦਿੱਤੇ ਗਏ ਹਨ। ਵੱਡੇ ਪੱਧਰ ਤੇ ਬਚਾਅ ਕਰਮਚਾਰੀ ਕਾਰਵਾਈ ਕਰ ਰਹੇ ਹਨ।