ਫ਼ਤਹਿਗੜ੍ਹ ਸਾਹਿਬ – “ਜਦੋਂ ਪੰਜਾਬ ਸੂਬੇ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਸਨ, ਤਾਂ ਸਿੱਖ ਕੌਮ ਅਤੇ ਪੰਜਾਬ ਸੂਬੇ ਦਾ ਬਹਿਤਰ ਭਵਿੱਖ ਬਣਾਉਣ ਲਈ ਇਹ ਜ਼ਰੂਰੀ ਸੀ ਕਿ ਹਰ ਸਿੱਖ ਅਤੇ ਪੰਜਾਬੀ ਇਹਨਾਂ ਚੋਣਾਂ ਵਿਚ ਅੱਛੇ-ਮਾੜੇ ਉਮੀਦਵਾਰ ਅਤੇ ਪਾਰਟੀਆਂ ਦੀ ਸਹੀ ਪਹਿਚਾਣ ਕਰਕੇ ਬਦੀ ਵਾਲੀਆਂ ਤਾਕਤਾਂ ਨੂੰ ਕਰਾਰੀ ਹਾਰ ਦੇਣ ਅਤੇ ਨੇਕੀ ਦੀ ਅਗਵਾਈ ਕਰਨ ਵਾਲੀਆਂ ਤਾਕਤਾਂ ਨੂੰ ਜਿੱਤ ਦਿਵਾਉਣ ਦੇ ਫਰਜ ਅਦਾ ਕਰਨ । ਪਰ ਬਹੁਤ ਦੁੱਖ ਅਤੇ ਅਫ਼ਸੋਸ ਹੈ ਕਿ ਜਿਹੜੇ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਵਿਚ ਡੇਰਿਆਂ ਦੇ ਅਤੇ ਸੰਪ੍ਰਦਾਵਾਂ ਦੇ ਬਾਬੇ ਹਨ, ਉਹਨਾਂ ਵਿਚੋ ਬਹੁਤੇ ਬਾਬਿਆਂ ਨੇ ਚੋਣਾਂ ਦੇ ਦਿਨਾਂ ਵਿਚ ਬਾਹਰਲੇ ਮੁਲਕਾਂ ਦੇ ਪ੍ਰੋਗਰਾਮ ਬਣਾਕੇ ਸਿੱਖ ਕੌਮ, ਪੰਜਾਬ ਸੂਬੇ ਨੂੰ ਦਰਪੇਸ਼ ਆ ਰਹੀਆਂ ਵੱਡੀਆਂ ਮੁਸ਼ਕਿਲਾਂ ਨੂੰ ਨਜ਼ਰ ਅੰਦਾਜ ਕਰਕੇ ਆਪਣੇ ਕੌਮੀ ਅਤੇ ਇਨਸਾਨੀ ਫਰਜਾ ਤੋ ਅਵੇਸਲੇ ਹੋ ਕੇ ਕੀਤੇ ਗਏ ਗੈਰ ਜਿੰਮੇਵਾਰੀ ਵਾਲੇ ਕੰਮ ਅਤਿ ਦੁੱਖਦਾਇਕ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 30 ਅਪ੍ਰੈਲ 2014 ਨੂੰ ਹੋਈਆਂ ਪੰਜਾਬ ਦੀਆਂ ਪਾਰਲੀਮੈਂਟ ਚੋਣਾਂ ਵਿਚ ਬਹੁਤੇ ਸੰਤ, ਬਾਬਿਆਂ ਵੱਲੋ ਚੋਣਾਂ ਦੌਰਾਨ ਕੋਈ ਦਿਲਚਸਪੀ ਨਾ ਲੈਣ ਦੇ ਵਰਤਾਰੇ ਉਤੇ ਡੂੰਘਾਂ ਦੁੱਖ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਪੰਜਾਬ ਸੂਬੇ ਵਿਚ ਕਾਂਗਰਸ, ਬੀਜੇਪੀ, ਆਰ.ਐਸ.ਐਸ. ਅਤੇ ਬਾਦਲ ਦਲ ਆਦਿ ਵੱਲੋ ਇਥੇ ਨਸ਼ੀਲੀਆਂ ਵਸਤਾਂ ਸਮੈਕ, ਗਾਂਜਾ, ਅਫ਼ੀਮ, ਭੁੱਕੀ, ਸ਼ਰਾਬ ਆਦਿ ਦੇ ਵਪਾਰ ਦੀ ਸਰਪ੍ਰਸਤੀ ਕਰਕੇ ਨਸ਼ੀਲੀਆਂ ਵਸਤਾਂ ਦੇ ਕਾਰੋਬਾਰ ਕੀਤੇ ਜਾ ਰਹੇ ਹਨ । ਬਾਦਲ ਦਲ ਦੇ ਕਾਕਿਆਂ ਵੱਲੋ ਰੇਤਾ-ਬਜਰੀ, ਕੇਬਲ ਟੀਵੀ, ਟ੍ਰਾਸਪੋਰਟ ਅਤੇ ਹੋਟਲਾਂ ਆਦਿ ਦੇ ਕਾਰੋਬਾਰ ਤੇ ਪੂਰਨ ਕਬਜਾ ਕਰਕੇ ਲੁੱਟ-ਖਸੁੱਟ ਮਚਾਈ ਜਾ ਰਹੀ ਹੈ । ਇਥੇ ਪ੍ਰਾਪਰਟੀ ਟੈਕਸ ਦਾ ਵੱਡਾ ਬੋਝ ਪਾ ਕੇ ਇਥੋ ਦੇ ਨਿਵਾਸੀਆਂ ਦਾ ਕਚੂਮਰ ਕੱਢਿਆ ਗਿਆ ਹੈ ਤਾਂ ਚੋਣਾਂ ਅਤੇ ਬੈਲਟ ਪੇਪਰ ਹੀ ਇਕ ਅਜਿਹਾ ਜਮਹੂਰੀ ਢੰਗ ਹੈ, ਜਿਸ ਰਾਹੀ ਕਿਸੇ ਸੂਬੇ, ਮੁਲਕ, ਸ਼ਹਿਰ ਦੇ ਲੋਕ ਆਪਣੇ ਗਲਤ ਨਿਜਾਮ ਨੂੰ ਬਦਲ ਸਕਦੇ ਹਨ । ਲੇਕਿਨ ਸਿੱਖ ਕੌਮ ਨਾਲ ਸੰਬੰਧਤ ਬਾਬਿਆਂ ਨੇ ਕੌਮੀ ਤੇ ਇਨਸਾਨੀ ਜਿੰਮੇਵਾਰੀ ਤੋ ਮੂੰਹ ਮੋੜਕੇ ਜੋ ਵਿਦੇਸ਼ੀ ਮੁਲਕਾਂ ਦੇ ਟੂਰ ਉਤੇ ਜਾਣ ਨੂੰ ਚੋਣਾਂ ਵਿਚ ਤਰਜੀਹ ਦਿੱਤੀ ਹੈ, ਇਹ ਅਮਲ ਸਿੱਖ ਕੌਮ ਅਤੇ ਪੰਜਾਬ ਸੂਬੇ ਦੀਆਂ ਜਿੰਮੇਵਾਰੀਆਂ ਤੋ ਭੱਜਣ ਵਾਲੇ ਹਨ । ਇਸ ਤੋ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਇਹਨਾ ਬਾਬਿਆਂ ਨੂੰ ਪੰਜਾਬ ਸੂਬੇ ਅਤੇ ਸਿੱਖ ਕੌਮ ਨਾਲ ਕੋਈ ਲਗਾਵ ਨਹੀਂ । ਬਲਕਿ ਆਪਣੇ ਮਾਲੀ ਅਤੇ ਪਦਾਰਥਵਾਦੀ ਸਾਧਨਾਂ ਨੂੰ ਮਜ਼ਬੂਤ ਕਰਨ ਵਿਚ ਮਸਰੂਫ ਹੋਏ ਬੈਠੇ ਹਨ, ਜੋ ਧਰਮ ਨੂੰ ਵੀ ਪਿੱਠ ਦੇਣ ਦੇ ਤੁੱਲ ਅਮਲ ਹਨ । ਉਹਨਾਂ ਕਿਹਾ ਕਿ ਜਦੋ ਕੌਮਾਂ ਦੀ ਸੋਚ ਵਿਚ ਉਸਾਰੂ ਤਬਦੀਲੀ ਆਉਣੀ ਹੁੰਦੀ ਹੈ, ਤਾਂ ਉਸ ਕੌਮ ਦੇ ਧਾਰਮਿਕ, ਸਮਾਜਿਕ, ਸਿਆਸੀ ਰਹਿਬਰ ਆਪੋ-ਆਪਣੇ ਖੇਤਰ ਵਿਚ ਪੂਰਾ ਯੋਗਦਾਨ ਪਾਉਦੇ ਹਨ । ਪਰ ਬਾਬਿਆਂ ਨੇ ਇਹ ਜਮਹੂਰੀ ਅਮਲ ਤੋ ਮੂੰਹ ਮੋੜਕੇ ਗੁਰੂ ਸਾਹਿਬਾਨ ਦੇ ਵੱਲੋ ਦਰਸਾਏ ਮਾਰਗ ਨੂੰ ਵੀ ਪਿੱਠ ਦੇ ਦਿੱਤੀ ਹੈ ਜੋ ਅਤਿ ਦੁੱਖਦਾਇਕ ਹੈ ।
ਸ. ਮਾਨ ਨੇ ਬਾਹਰਲੇ ਮੁਲਕਾਂ ਅਮਰੀਕਾ, ਕੈਨੇਡਾ, ਫ਼ਰਾਂਸ, ਬਰਤਾਨੀਆ ਆਦਿ ਮੁਲਕਾਂ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾਲ ਸੰਬੰਧਤ ਅਹੁਦੇਦਾਰਾ ਦਾ ਪੰਜਾਬ ਦੀਆਂ ਪਾਰਲੀਮੈਂਟ ਚੋਣਾਂ ਵਿਚ ਪੂਰੀ ਤਰ੍ਹਾਂ ਸੁਚੇਤ ਹੋ ਕੇ ਨਿਭਾਈ ਗਈ ਕੌਮ ਪੱਖੀ ਭੂਮਿਕਾ ਲਈ ਉਚੇਚੇ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਜਿਸ ਗੰਭੀਰਤਾ ਨਾਲ ਉਹਨਾਂ ਨੇ ਜਿਨ੍ਹਾਂ ਵਿਚ ਸ. ਸੁਰਜੀਤ ਸਿੰਘ ਕੁਲਾਰ ਪ੍ਰਧਾਨ, ਸ. ਬੂਟਾ ਸਿੰਘ ਖੜੌਦ ਕਨਵੀਨਰ, ਸ. ਰੇਸਮ ਸਿੰਘ ਸੀਨੀਅਰ ਮੀਤ ਪ੍ਰਧਾਨ, ਰੁਪਿੰਦਰ ਸਿੰਘ ਬਾਠ, ਰਮਿੰਦਰ ਸਿੰਘ ਮਿੱਟੂ ਸੀਨੀਅਰ ਮੈਂਬਰ, ਸ. ਨਰਿੰਦਰ ਸਿੰਘ ਫ਼ਰਾਂਸ, ਸ. ਸੁਖਜੀਵਨ ਸਿੰਘ ਫਿਨਲੈਡ ਆਦਿ ਆਗੂਆਂ ਨੇ ਜਿਸ ਤਰ੍ਹਾਂ ਜਿੰਮੇਵਾਰੀ ਨਿਭਾਈ, ਉਸ ਨਾਲ ਅਮਰੀਕਾ, ਫ਼ਰਾਂਸ, ਫਿਨਲੈਡ ਆਦਿ ਦੀਆਂ ਹਕੂਮਤਾਂ ਪੰਜਾਬ ਵਿਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਲਈ ਪੂਰੀ ਤਰ੍ਹਾਂ ਸੁਚੇਤ ਰਹੀਆਂ ਅਤੇ ਇਥੋ ਦੀ ਹਕੂਮਤ ਗੈਰ ਕਾਨੂੰਨੀ ਕਾਰਵਾਈ ਕਰਨ ਵਿਚ ਕਾਮਯਾਬ ਨਹੀ ਹੋ ਸਕੀਆ । ਜਿਸਦਾ ਸਿਹਰਾ ਪਾਰਟੀ ਦੇ ਉਪਰੋਕਤ ਸਮੁੱਚੇ ਅਹੁਦੇਦਾਰਾ ਨੂੰ ਜਾਂਦਾ ਹੈ ।