ਪਟਨਾ – ਆਜਮਗੜ੍ਹ ਨੂੰ ਅੱਤਵਾਦੀਆਂ ਦਾ ਗੜ੍ਹ ਕਹਿਣ ਵਾਲੇ ਬੀਜੇਪੀ ਦੇ ਮੁੱਖ ਸਕੱਤਰ ਅਮਿਤ ਸ਼ਾਹ ਨੂੰ ਰਾਜਦ ਮੁੱਖੀ ਲਾਲੂ ਪਰਸਾਦ ਯਾਦਵ ਨੇ ਅੱਤਵਾਦੀ ਕਰਾਰ ਦਿੱਤਾ ਹੈ। ਲਾਲੂ ਨੇ ਮੰਗਲਵਾਰ ਨੂੰ ਕਿਹਾ ਕਿ ਅਮਿਤ ਸ਼ਾਹ ਅੱਤਵਾਦੀ ਹੈ।
ਲਾਲੂ ਪਰਸਾਦ ਯਾਦਵ ਨੇ ਕਿਹਾ ਕਿ ਮੋਦੀ ਦਾ ਸੱਜਾ ਹੱਥ ਸਮਝੇ ਜਾਣ ਵਾਲੇ ਅਮਿਤ ਸ਼ਾਹ ਦੀ ਗੁਜਰਾਤ ਅਤੇ ਮੁਜ਼ਫਰਨਗਰ ਦੇ ਦੰਗਿਆਂ ਪਿੱਛੇ ਵੀ ਉਸ ਦੀ ਖਾਸ ਭੂਮਿਕਾ ਰਹੀ ਹੈ। ਇਹ ਉਹ ਲੋਕ ਹਨ ਜੋ ਦੇਸ਼ ਨੂੰ ਸੰਪਰਦਾਇਕਤਾ ਦੀ ਅੱਗ ਵਿੱਚ ਝੁਲਸਾ ਰਹੇ ਹਨ। ਉਨ੍ਹਾਂ ਦਾ ਆਮ ਲੋਕਾਂ ਵਿੱਚ ਕੋਈ ਵੀ ਆਧਾਰ ਨਹੀਂ ਹੈ। ਇਸ ਲਈ ਉਹ ਆਪਣਾ ਅਸਲੀ ਰੰਗ ਵਿਖਾ ਰਹੇ ਹਨ। ਲਾਲੂ ਨੇ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਕਿ ਅਮਿਤ ਸ਼ਾਹ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਬਿਹਾਰ ਦੇ ਸਾਬਕਾ ਮੁੱਖਮੰਤਰੀ ਲਾਲੂ ਪਰਸਾਦ ਨੇ ਫੈਜ਼ਾਬਾਦ ਵਿੱਚ ਇੱਕ ਰੈਲੀ ਦੌਰਾਨ ਮੋਦੀ ਵੱਲੋਂ ਮੰਚ ਤੇ ਭਗਵਾਨ ਰਾਮ ਦੀ ਤਸਵੀਰ ਇਸਤੇਮਾਲ ਕਰਨ ਦੀ ਵੀ ਨਿੰਦਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਚੋਣਾਂ ਦੇ ਮਾਹੌਲ ਨੂੰ ਸੰਪਰਦਾਇਕਤਾ ਦਾ ਰੰਗ ਦੇਣ ਦੀ ਸਾਜਿਸ਼ ਕਰ ਰਹੇ ਹਨ। ਉਨ੍ਹਾਂ ਅਨੁਸਾਰ ਬੀਜੇਪੀ ਅਤੇ ਮੋਦੀ ਦਾ ਰਾਮ ਜਾਂ ਰਹੀਮ ਨਾਲ ਕੋਈ ਲੈਣਾ- ਦੇਣਾ ਨਹੀਂ ਹੈ। ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ, ਕਿਉਂਕਿ ਪਿੱਛਲੇ ਕਈ ਸਾਲਾਂ ਤੋਂ ਇਹ ਇਹੀ ਕੁਝ ਕਰਦੇ ਆ ਰਹੇ ਹਨ। ਇਹ ਸ਼ਰਮ ਦੀ ਗੱਲ ਹੈ ਕਿ ਵੋਟਾਂ ਮੰਗਣ ਵੇਲੇ ਇਹ ਸਾਧੂਆਂ ਦਾ ਵੇਸ ਧਾਰਣ ਵਾਲੇ ਲੋਕਾਂ ਦਾ ਇਸਤੇਮਾਲ ਕਰਦੇ ਹਨ। ਮੋਦੀ ਵੱਲੋਂ ਚੋਣ ਕਮਿਸ਼ਨ ਨੂੰ ਚੁਣੌਤੀ ਦਿੱਤੇ ਜਾਣ ਸਬੰਧੀ ਲਾਲੂ ਨੇ ਕਿਹਾ ਕਿ ਉਨ੍ਹਾਂ ਦੀ ਨਿਰਾਸ਼ਾ ਇਹ ਸਾਬਿਤ ਕਰ ਰਹੀ ਹੈ ਕਿ ਲੋਕਸਭਾ ਚੋਣਾਂ ਵਿੱਚ ਉਨ੍ਹਾਂ ਨੇ ਆਪਣੀ ਹਾਰ ਮੰਨ ਲਈ ਹੈ।