ਔਟਵਾ :- ਕੈਨੇਡਾ ਵਿੱਚ ਮਈ ਦਾ ਮਹੀਨਾ ਏਸ਼ੀਅਨ ਹੈਰੀਟੇਜ ਨੂੰ ਸਮਰਪਿਤ ਹੈ। ਮਈ ਮਹੀਨੇ ਦੌਰਾਨ ਹੀ ਸੰਨ 1914 ਵਿੱਚ ਕੈਨੇਡਾ ਵਿੱਚ ਕਾਮਾਗਾਟਾ ਮਾਰੂ ਜਹਾਜ਼ ਕੈਨੇਡਾ ਸਰਕਾਰ ਨੇ ਕਿਨਾਰੇ ਤੋਂ 45 ਦਿਨ ਬਾਅਦ ਵਾਪਿਸ ਮੋੜ ਦਿੱਤਾ ਸੀ। ਏਸ਼ੀਅਨ ਹੈਰੀਟੇਜ ਮੰਥ ਦੌਰਾਨ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਜਹਾਜ ਦੀ 100ਵੀਂ ਅਨਵਰਸਰੀ ਮਨਾਉਂਦਿਆਂ ਅੱਜ ਡਾਕ ਟਿਕਟ ਜਾਰੀ ਕੀਤੀ ਹੈ। ਔਟਵਾ ਦੀ ਏਸ਼ੀਅਨ ਹੈਰੀਟੇਜ ਮੰਥ ਕਮੇਟੀ ਵਲੋਂ ਉਲੀਕੇ ਗਏ ਅਤਿ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਰਮ ਗਿੱਲ ਨੇ ਉੱਦਮ ਸਦਕਾ ਡਾਕ ਟਿਕਟ ਜਾਰੀ ਕਰਨ ਦੀ ਰਸਮ ਅਦਾ ਕੀਤੀ ਗਈ। ਕਨੇਡੀਅਨ ਮਿਊਜੀਅਮ ਦੀ ਸੁੰਦਰ ਇਮਾਰਤ ਵਿੱਚ ਹੋਏ ਸਮਾਗਮ ਵਿੱਚ ਮੰਤਰੀ ਜੇਸਨ ਕੈਨੀ ਨੇ ਕਾਮਾਗਾਟਾ ਮਾਰੂ ਦੇ ਵਿਕਟਮਜ਼ ਨੂੰ ਯਾਦ ਕਰਦਿਆਂ ਦੱਸਿਆ ਕਿ ਅੱਜ ਡਾਕ ਟਿਕਟ ਰੀਲੀਜ਼ ਕੀਤੀ ਜਾ ਰਹੀ ਹੈ ਜਿਸ ਲਈ ਕੈਨੇਡਾ ਪੋਸਟ ਦੇ ਪ੍ਰਧਾਨ ਦੀਪਕ ਚੋਪੜਾ ਸਮਾਗਮ ਵਿੱਚ ਹਾਜਿ਼ਰ ਸਨ।
ਮੰਤਰੀ ਟਿਮ ਉੱਪਲ ਨੇ ਇਸ ਮੌਕੇ ਪਰਮ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਅਸੀਂ ਕਾਮਾਗਾਟਾਮਾਰੂ ਜਹਾਜ਼ ਦੇ ਦਰਦਮਈ ਸਾਕੇ ਨੂੰ ਯਾਦ ਕਰਦਿਆਂ ਡਾਕ ਟਿਕਟ ਜਾਰੀ ਕਰ ਰਹੇ ਹਾਂ।
ਕੈਨੇਡਾ ਪੋਸਟ ਦੇ ਪ੍ਰਧਾਨ ਦੀਪਕ ਚੋਪੜਾ ਨੇ ਕਿਹਾ ਕਿ ਕੈਨੇਡਾ ਪੋਸਟ ਆਪਣੀ ਡਾਕ ਟਿਕਟ ਸਕੀਮ ਰਾਹੀਂ ਕੈਨੇਡਾ ਦਾ ਇਤਹਾਸ ਸੰਭਾਲਣ ਦੀ ਕੋਸਿ਼ਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਕਾਰਪੋਰੇਸ਼ਨ ਕੈਨੇਡਾ ਦੇ ਗੌਰਵਮਈ ਇਤਹਾਸ ਨੂੰ ਸੰਭਾਲਣ ਦੇ ਨਾਲ ਨਾਲ ਕੈਨੇਡਾ ਵਲੋਂ ਜਦੋਂ ਆਪਣੇ ਅਸੂਲਾਂ ਤੋਂ ਥਿੜਕਣ ਵਾਲੇ ਵਾਕਿਆਤ ਵਾਪਰਦੇ ਹਨ, ਅਸੀਂ ਉਨ੍ਹਾਂ ਨੂੰ ਵੀ ਸੰਭਾਲਣ ਦੀ ਕੋਸਿ਼ਸ਼ ਕਰਦੇ ਹਾਂ। ਅਸੀਂ ਝਿਜਕਦੇ ਨਹੀਂ। ਉਨ੍ਹਾਂ ਕਿਹਾ ਕਿ ਜਿਹੜੀਆਂ ਡਾਕ ਟਿਕਟਾਂ ਕੈਨੇਡਾ ਪੋਸਟ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਨ ਉਹ ਕਨੇਡੀਅਨ ਮਿਊਜੀਅਮ ਵਿੱਚ ਸੁਸ਼ੋਭਿੱਤ ਹੁੰਦੀਆਂ ਹਨ। ਕਾਮਾਗਾਟਾਮਾਰੂ ਬਾਰੇ ਗੱਲ ਕਰਦਿਆਂ ਚੋਪੜਾ ਨੇ ਕਿਹਾ ਕਿ ਡੇਢ ਇੰਚ ਦੇ ਸਾਈਜ਼ ਵਿੱਚ 100 ਸਾਲ ਪਹਿਲਾਂ ਵਾਪਰੀ ਇਸ ਅਤਿ ਸ਼ਰਮਨਾਕ ਘਟਨਾ ਨੂੰ ਪੇਸ਼ ਕਰਨਾ ਸਾਡੇ ਡੀਜਾਇਨਰ ਵਾਸਤੇ ਬਹੁਤ ਵੱਡਾ ਚੈਲਿੰਜ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਪੋਸਟ ਦਾ ਡੀਜਾਇਨਰ ਫਰਿੰਚ ਕਨੇਡੀਅਨ ਹੈ ਜਿਸ ਨੇ ਕਾਮਾਗਾਟਾਮਾਰੂ ਦੀ ਘਟਨਾ ਨੂੰ ਬਹੁਤ ਬਾਖੂਬੀ ਨਾਲ ਡਾਕ ਟਿਕਟ ਦੇ ਡੇਢ ਇੰਚ ਦੇ ਚੌਗਿਰਦੇ ਵਿੱਚ ਸਮੋਇਆ ਹੈ।
ਇਸ ਮੌਕੇ ਡਾਕ ਟਿਕਟ ਤੋਂ ਪਰਦਾ ਉਠਾਇਆ ਗਿਆ, ਜੋ ਜਲਦੀ ਹੀ ਕੈਨੇਡਾ ਪੋਸਟ ਤੋਂ ਮਿਲ ਸਕੇਗੀ।
ਅੱਜ ਦੇ ਸਮਾਗਮ ਵਿੱਚ ਪਰਮ ਗਿੱਲ, ਮੰਤਰੀ ਟਿਮ ਉੱਪਲ ਤੋਂ ਇਲਾਵਾ ਇੱਕ ਅਲਬਰਟਾ ਦਾ ਸਿੱਖ ਵਿਰੋਧੀ ਐਮ ਪੀ ਦਵਿੰਦਰ ਸ਼ੋਰੀ, ਜਿਸ ਨੇ ਬੀਬੀ ਜਗਦੀਸ਼ ਕੌਰ ਨਾਲ ਹਮਦਰਦੀ ਜਤਾਉਣ ਦੀ ਬਜਾਏ ਉਸਨੂੰ ਇਹ ਕਹਿਣ ਦੀ ਕੋਸਿ਼ਸ਼ ਕੀਤੀ ਸੀ ਕਿ ਪੰਜਾਬ ਅੰਦਰ ਸਿੱਖਾਂ ਤੋਂ ਇਲਾਵਾ ਹੋਰ ਲੋਕ ਵੀ ਮਾਰੇ ਗਏ ਹਨ, ਉਹ ਵੀ ਇਥੇ ਅਵਾਰਾ ਘੁੰਮ ਰਿਹਾ ਸੀ। ਉਸ ਵਲੋਂ ਸਿੱਖਾਂ ਦੇ ਇਨ੍ਹਾਂ ਕਾਰਜਾਂ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਗਿਆ। ਇੰਝ ਹੀ ਬਰੈਂਪਟਨ ਸਾਊਥ ਤੋਂ ਐਮ ਪੀ ਕਾਇਲ ਸੀਬੈਕ ਅਤੇ ਮੰਤਰੀ ਬੱਲ ਗੋਸਲ ਦਾ ਵੀ ਕੋਈ ਰੋਲ ਨਜ਼ਰ ਨਹੀਂ ਆਇਆ। ਇਹ ਲੋਕ ਕਿਸੇ ਦੇ ਸਮਾਗਮ ਵਿੱਚ ਫੋਟੂਆਂ ਖਿਚਵਾਉਣ ਆਏ ਲੱਗਦੇ ਸੀ।
ਉਨਟਾਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਅਵਤਾਰ ਸਿੰਘ ਪੂਨੀਆ ਨੇ ਡਾਕ ਟਿਕਟ ਜਾਰੀ ਹੋਣ ਬਾਰੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੈਨੇਡਾ ਨੇ ਡਾਕ ਟਿਕਟ ਜਾਰੀ ਕਰਕੇ ਵਧੀਆ ਕੰਮ ਕੀਤਾ ਹੈ, ਪਰ ਪਾਰਲੀਮੈਂਟ ਵਿੱਚ ਮੁਆਫੀ ਮੰਗਣ ਤੋਂ ਸਰਕਾਰ ਨੂੰ ਝਿਜਕਣਾ ਨਹੀਂ ਚਾਹੀਦਾ। ਇਥੇ ਵਰਨਣਯੋਗ ਹੈ ਕਿ ਅੱਜ ਵੈਸਾਖੀ ਦੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਨਗਰ ਕੀਰਤਨ ਵਿੱਚ ਵੱਡੇ ਇਕੱਠਾ ਦਾ ਜਿ਼ਕਰ ਕੀਤਾ ਸੀ। ਟਰਾਂਟੋ ਦੇ ਦੋਵੇਂ ਨਗਰ ਕੀਰਤਨ ਕਰਵਾਉਣ ਵਾਲੀਆਂ ਸੰਸਥਾਵਾਂ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਅਤੇ ਉਨਟਾਰੀਓ ਗੁਰਦੁਆਰਾਜ਼ ਕਮੇਟੀ ਨੇ ਕੈਨੇਡਾ ਸਰਕਾਰ ਤੋਂ ਕਾਮਾਗਾਟਾਮਾਰੂ ਬਾਰੇ ਪਾਰਲੀਮੈਨਟ ਵਿੱਚ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਵਲੋਂ ਪਾਰਕ ਵਿੱਚ ਮੰਗੀ ਮੁਆਫੀ ਪ੍ਰਵਾਨ ਨਹੀਂ ਹੈ। ਜਦੋਂ ਕਿ ਅੱਜ ਦੇ ਸਮਾਗਮ ਵਿੱਚ ਸਿੱਖ ਸੰਸਦ, ਸਿੱਖ ਮੰਤਰੀ, ਮੰਤਰੀ ਜੇਸਨ ਕੈਨੀ ਜਾਂ ਪ੍ਰਧਾਨ ਮੰਤਰੀ ਨੇ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ। ਕੈਨੇਡਾ ਦੀਆਂ ਦੋਵੇਂ ਵਿਰੋਧੀ ਧਿਰ੍ਹਾਂ ਲਿਬਰਲ ਪਾਰਟੀ ਅਤੇ ਐਨ ਡੀ ਪੀ ਇਹ ਕਹਿ ਚੁੱਕੀਆਂ ਹਨ ਕਿ ਅਗਰ ਉਨ੍ਹਾਂ ਦੀ ਹਕੂਮਤ ਬਣਦੀ ਹੈ ਤਾਂ ਉਹ ਪਾਰਲੀਮੈਂਟ ਅੰਦਰ ਮੁਆਫੀ ਮੰਗਣਗੀਆਂ।
ਡਾਕ ਟਿਕਟ ਦੇ ਡੀਜਾਇਨ ਉਪਰ ਗਿਆਨੀ ਗੁਰਦਿੱਤ ਸਿੰਘ ਅਤੇ ਸਾਥੀ ਸਿੰਘਾਂ ਦੀ ਫੋਟੋ ਤੇ ਹੇਠਾਂ ਕਾਮਾਗਾਟਾਮਾਰੂ ਜਹਾਜ਼ ਦੀ ਤਸਵੀਰ ਹੈ। ਇਸ ਡਾਕ ਟਿਕਟ ਨੂੰ ਕੈਨੇਡਾ ਵਿੱਚ ਸਿੱਖਾਂ ਦੀ ਪਛਾਣ ਸਥਾਪਤ ਕਰਨ ਲਈ 300 ਸਾਲਾ ਵੇਲੇ ਜਾਰੀ ਡਾਕ ਟਿਕਟ ਤੋਂ ਬਾਅਦ ਇੱਕ ਸਫਲ ਸ਼ਾਹਕਾਰ ਕਿਹਾ ਜਾ ਸਕਦਾ ਹੈ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਗੋਗਾ ਗਹੂਨੀਆ ਨੇ ਪਰਮ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਚੁਣੇ ਹੋਏ ਮੈਂਬਰਾਂ ਨੂੰ ਕਮਿਊਨਟੀ ਦੀ ਪਛਾਣ ਸਥਾਪਤ ਕਰਨ ਲਈ ਅਜਿਹੇ ਕਾਰਜ ਕਰਨੇ ਚਾਹੀਦੇ ਹਨ। ਗਹੂਨੀਆ ਨੇ ਕਿਹਾ ਕਿ ਅੱਜ ਵੈਸਾਖੀ ਦਾ ਸਮਾਗਮ ਅਤੇ ਡਾਕ ਟਿਕਟ ਜਾਰੀ ਕਰਨ ਦੀ ਰਸਮ ਵਿੱਚ ਸ਼ਮੂਲੀਅਤ ਕਰਨੀ ਮਾਣ ਵਾਲੀ ਗੱਲ ਹੈ।