ਔਟਵਾ :- ਕਨੇਡੀਅਨ ਪਾਰਲੀਮੈਂਟ ਵਿੱਚ ਐਮ ਪੀ ਪਰਮ ਗਿੱਲ ਅਤੇ ਮੰਤਰੀ ਟਿੱਮ ਉੱਪਲ ਦੇ ਉੱਦਮ ਅਤੇ ਕੁੱਝ ਹੋਰ ਐਮ ਪੀਜ਼ ਦੇ ਸਹਿਯੋਗ ਨਾਲ ਅੱਜ ਸਲਾਨਾ ਵੈਸਾਖੀ ਮਨਾਈ ਗਈ। ਚੋਣਵੇਂ ਲੋਕਾਂ ਨੂੰ ਸੱਦਾ ਪੱਤਰ ਦੇ ਕੇ ਪਾਰਲੀਮੈਂਟ ਦੇ ਸੈਂਟਰ ਬਲਾਕ ਵਿੱਚ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਦਰਜਨ ਟੋਰੀ ਐਮ ਪੀ, ਮੰਤਰੀ ਜੇਸਨ ਕੈਨੀ, ਸਟੇਟ ਮੰਤਰੀ ਬਲ ਗੋਸਲ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਹਾਜ਼ਰੀ ਭਰੀ।
ਵੈਸਾਖੀ ਪੁਰਬ ਦੀ ਗੱਲ ਕਰਦਿਆਂ ਹਰ ਸਿੱਖ ਦੇ ਮਨ ਵਿੱਚ ਖੁਸ਼ੀ ਦੀਆਂ ਤਰੰਗਾਂ ਛਿੜ ਪੈਂਦੀਆਂ ਹਨ। ਜਿਉਂ ਹੀ ਟਰਾਂਟੋ ਇਲਾਕੇ ਤੋਂ ਕਬੱਡੀ ਫੈਡਰੇਸ਼ਨ ਨਾਲ ਸਬੰਧਤ ਮੈਂਬਰਾਂ ਨੇ ਪਾਰਲੀਮੈਂਟ ਤੇ ਦਸਤਕ ਦਿੱਤੀ ਤਾਂ ਸਮਾਗਮ ਦੀ ਠੁੱਕ ਜਿਹੀ ਬੱਝ ਗਈ। ਇਥੇ ਟੋਰੀ ਪਾਰਟੀ ਦੇ ਚਹੇਤੇ ਮੀਡੀਆਕਾਰ ਵੀ ਵਿਸ਼ੇਸ਼ ਸੱਦੇ ਤੇ ਪਹੁੰਚੇ ਹੋਏ ਸਨ ਜਿੰਨ੍ਹਾਂ ਵਲੋਂ ਵੈਸਾਖੀ ਸਮਾਗਮ ਦੀਆਂ ਖਬਰਾਂ ਸੁਰਖੀਆਂ ਬਿੰਦੀਆਂ ਲਾ ਕੇ ਪ੍ਰਕਾਸ਼ਤ ਕੀਤੀਆਂ ਜਾਣੀਆਂ ਹਨ।
ਵੈਸਾਖੀ ਦੇ ਸਰਕਾਰੀ ਸਮਾਗਮ ਵਿੱਚ ਸਭ ਤੋਂ ਪਹਿਲੀ ਨਿਰਾਸ਼ਾ ਉਸ ਵੇਲੇ ਪੱਲੇ ਪਈ ਜਦੋਂ ਸਟੇਜ ਤੇ ਲੱਗੇ ਰੋਲ ਅੱਪ ਬੈਨਰ ਅਤੇ ਪੋਡੀਅਮ ਉਪਰ ਲੱਗੇ ਸਾਈਨ ਤੇ ਸੁੰਦਰ ਲਫਜ਼ਾਂ ਵਿੱਚ ਵੈਸਾਖੀ ਨੂੰ ਗਲਤ ਢੰਗ (ਵਸਿਾਖੀ) ਲਿਖਿਆ ਹੋਇਆ ਸੀ। ਇਸ ਗਲਤੇ ਨੂੰ ਅਦਾਰਾ ਡੇਲੀ ਦੇ ਪੱਤਰਕਾਰ ਸਮੇਤ ਹਾਜ਼ਰ ਕਈ ਮੈਂਬਰ ਨੇ ਪੁਆਇੰਟ ਆਊਟ ਕੀਤਾ ਅਤੇ ਇਤਰਾਜ਼ ਕੀਤਾ। ਸਮਾਗਮ ਦੇ ਨਾਮ ਲਿਖਣ ਲੱਗਿਆਂ ਅਜਿਹੀ ਗਲਤੀ ਜਿਸਦੀਆਂ ਫੋਟੂਆਂ ਸਾਰੇ ਸੰਸਾਰ ਵਿੱਚ ਪ੍ਰਕਾਸ਼ਤ ਹੋਣੀਆਂ ਹਨ, ਨੇ ਸੁਆਦ ਨੂੰ ਕਿਰਾਕਿਰਾ ਕਰ ਦਿੱਤਾ।
ਔਟਵਾ ਦੇ ਲੋਕਲ ਰੇਡੀਓ ਹੋਸਟ ਹੰਸਦੀਪ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਵੈਸਾਖੀ ਦੇ ਮਹੱਤਵ ਬਾਰੇ ਚਾਨਣਾ ਪਾਇਆ। ਅੰਗਰੇਜ਼ੀ, ਪੰਜਾਬੀ ਅਤੇ ਫਰੈਂਚ ਭਾਸ਼ਾ ਦੀ ਮੁਹਾਰਤ ਰੱਖਦਾ ਨੌਜੁਆਨ ਐਮ. ਸੀ. ਕਾਫੀ ਪ੍ਰਭਾਵਸ਼ਾਲੀ ਸੀ ਜਿਸ ਨੇ ਸਭ ਤੋਂ ਪਹਿਲਾਂ ਭੰਗੜੇ ਦੀ ਵੰਨਗੀ ਪੇਸ਼ ਕੀਤੀ। ਭੰਗੜਾ ਪਾਊਣ ਵਾਲੇ ਨੌਜੁਆਨ ਔਟਵਾ ਦੇ ਵਸਨੀਕ ਸਨ ਜਿੰਨ੍ਹਾਂ ਦੀ ਗਿਣਤੀ ਚਾਰ ਸੀ। ਉਨ੍ਹਾਂ ਵਲੋਂ ਪੰਜਾਬੀ ਗੀਤਾਂ ਤੇ ਪੰਜਾਬੀ ਲੋਕ ਨਾਚ ਦੀ ਪ੍ਰਦਰਸ਼ਨ ਕਰਕੇ ਹਾਲ ਵਿੱਚ ਬੈਠੇ ਹਰ ਪੰਜਾਬੀਆਂ ਦੇ ਪੱਬ ਉਠਣ ਲਾ ਦਿੱਤੇ ਸਨ।
ਉਪਰੰਤ ਅੱਜ ਦੇ ਸਮਾਗਮ ਦੇ ਮੇਜ਼ਬਾਨ ਪਰਮ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ। ਉਸਨੇ ਅੱਧੀ ਦਰਜਨ ਐਮ ਪੀਜ਼ ਦਾ ਇਸ ਸਮਾਗਮ ਨੂੰ ਉਲੀਕਣ ਲਈ ਧੰਨਵਾਦ ਕੀਤਾ। ਮੰਤਰੀ ਬਲ ਗੋਸਲ ਵੀ ਇਕੱਠ ਵਿੱਚ ਸ਼ਾਮਲ ਸੀ, ਜਿਸ ਨੇ ਇਸ ਸਮਾਗਮ ਵਿੱਚ ਕੋਈ ਯੋਗਦਾਨ ਨਹੀਂ ਪਾਇਆ ਇਸ ਕਰਕੇ ਪਰਮ ਗਿੱਲ ਨੇ ਉਸ ਦਾ ਨਾਮ ਨਹੀਂ ਲਿਆ। ਇਹ ਗੁਆਂਢੀ ਐਮ ਪੀਜ਼ ਵਿੱਚ ਪਈ ਤਰੇੜ ਨੂੰ ਉਜਾਗਰ ਕਰਦਾ ਸੀ। ਗਿੱਲ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਬਾਰੇ ਕਿਹਾ ਕਿ ਇਸ ਸਖਸ਼ ਨੇ ਕੈਨੇਡਾ ਦੀ ਉਸ ਵੇਲੇ ਵਾਂਗਡੋਰ ਸੰਭਾਲੀ ਅਤੇ ਕੈਨੇਡਾ ਨੂੰ ਵਿਕਸਤ ਲੀਹਾਂ ਤੇ ਤੋਰਿਆ ਜਦੋਂ ਸੰਸਾਰ ਭਰ ਦਾ ਅਰਥਚਾਰਾ ਡਾਵਾਂਡੋਲ ਸੀ।
ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਸ ਮੌਕੇ ਹਾਲ ਅੰਦਰ ਸ਼ਾਮਲ ਸਾਰੇ ਐਮ ਪੀਜ਼ ਨੂੰ ਜੀ ਆਇਆਂ ਕਿਹਾ। ਉਸ ਨੇ ਵਿਸ਼ੇਸ਼ ਤੌਰ ਤੇ ਬਲ ਗੋਸਲ, ਜੋ ਉਸ ਵੇਲ ਐਮ ਪੀਜ਼ ਦੀ ਕਤਾਰ ਵਿੱਚ ਨਹੀਂ ਸਗੋਂ ਆਮ ਲੋਕਾਂ ਦਰਮਿਆਨ ਖੜਾ ਸੀ, ਦੀ ਲੋਕਾਂ ਵਿੱਚ ਸਮਿਲਤ ਹੋਣ ਦੀ ਤਾਰੀਫ ਕੀਤੀ। ਪ੍ਰਧਾਨ ਮੰਤਰੀ ਹਾਰਪਰ ਨੇ ਸੰਸਾਰ ਜੰਗਾਂ ਵਿੱਚ ਸਿੱਖ ਫੌਜੀਆਂ ਦਾ ਜਿ਼ਕਰ ਕਰਦਿਆਂ ਬੁਕਮ ਸਿੰਘ ਦਾ ਵਿਸ਼ੇਸ਼ ਜਿ਼ਕਰ ਕੀਤਾ। ਉਸਨੇ ਦੱਸਿਆ ਸੰਨ 2008 ਵਿੱਚ ਬੁੱਕਮ ਸਿੰਘ ਦੀ ਸਮਾਧ ਲੱਭ ਕੇ ਉਥੇ ਹਰ ਸਾਲ ਮੈਮੋਰੀਅਲ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਾਮਾਗਾਟਾ ਮਾਰੂ ਦੀ ਅਨਵਰਸਰੀ ਦਾ ਜਿ਼ਕਰ ਵੀ ਕੀਤਾ, ਸਿੱਖਾਂ ਵਲੋਂ ਪਾਰਲੀਮੈਂਟ ਅੰਦਰ ਮੁਆਫੀ ਮੰਗਣ ਦੇ ਪ੍ਰਸਤਾਵ ਨੰ ਨਹੀਂ ਛੂਹਿਆ।
ਮੰਤਰੀ ਟਿੱਮ ਉੱਪਲ ਨੇ ਸੰਖੇਪ ਜਿਹੇ ਵਿਚਾਰਾਂ ਵਿੱਚ ਪ੍ਰਧਾਨ ਮੰਤਰੀ ਤੇ ਹੋਰਨਾਂ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਹਰ ਸਾਲ ਪਾਰਲੀਮੈਂਟ ਹਿੱਲ ਤੇ ਵੈਸਾਖੀ ਮਨਾਉਂਦੇ ਹਾਂ। ਇਹ ਉੱਦਲ ਐਮ ਪੀ ਪਰਮ ਗਿੱਲ ਵਲੋਂ ਕੀਤਾ ਜਾਂਦਾ ਹੈ।
ਟਰਾਂਟੋ ਤੋਂ ਪਿੰਕੀ ਚੌਹਾਨ ਦੀ ਛੋਟੀਆਂ ਬੱਚੀਆਂ ਦੀ ਗਿੱਧੇ ਦੀ ਟੀਮ ਨੇ ਇਸ ਮੌਕੇ ਲੜਕੀਆਂ ਦਾ ਪੰਜਾਬੀ ਲੋਕ ਨਾਚ ਪੇਸ਼ ਕੀਤਾ। ਪੰਜਾਬੀ ਸਭਿਆਚਾਰ ਦੇ ਨਿੱਗਰ ਪੱਖ ਨੂੰ ਬਖੇਰਦੀਆਂ ਪੰਜਾਬੀਆਂ ਬੋਲੀਆਂ ਨੇ ਹਰ ਪੰਜਾਬੀ ਦੇ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਤੇ ਮੰਤਰੀ ਜੇਸਨ ਕੈਨੀ ਨੂੰ ਵੀ ਝੂਲਣ ਲਾ ਦਿੱਤਾ। ਦੋਵੇਂ ਆਗੂਆਂ ਨੇ ਲੜਕੀਆਂ ਦੇ ਗਿੱਧੇ ਵਿੱਚ ਲਗਾਤਾਰ ਗਿੱਧਾ ਪਾ ਕੇ ਇਸ ਰੰਗ ਨੂੰ ਹੋਰ ਦਿਲਚਸਪ ਬਣਾ ਦਿੱਤਾ।
ਉਪਰੰਤ ਦੇਸੀ ਸਨੈਕਸ ਦਾ ਸਭ ਨੇ ਲੁਤਫ ਲਿਆ। ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਜਰਨੈਲ ਸਿੰਘ ਮੰਡ ਨੇ ਕਿਹਾ ਕਿ ਕੈਨੇਡਾ ਦੀ ਕੰਸਰਵੇਟਿਵ ਸਰਕਾਰ ਵਲੋਂ ਵੈਸਾਖੀ ਮਨਾਉਣੀ ਸ਼ਲਾਘਾਯੋਗ ਕੰਮ ਹੈ ਜਿਸ ਨਾਲ ਕੈਨੇਡਾ ਵਿੱਚ ਸਿੱਖਾਂ ਦੀ ਪਛਾਣ ਵੱਧਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਵੈਸਾਖੀ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਤੇ ਧੰਨਵਾਦ ਕੀਤਾ।
ਕੈਨੇਡਾ ਵਿੱਚ ਸੰਸਾਰ ਜੰਗਾਂ ਦੇ ਬੁਕਮ ਸਿੰਘ ਤੋਂ ਲੈ ਕੇ ਹੁਣ ਤੱਕ ਸਿੱਖ ਭਾਈਚਾਰੇ ਦਾ ਨਿੱਗਰ ਯੋਗਦਾਨ ਰਿਹਾ ਹੈ…ਪ੍ਰਧਾਨ ਮੰਤਰੀ
This entry was posted in ਅੰਤਰਰਾਸ਼ਟਰੀ.