ਨਵੀਂ ਦਿੱਲੀ- ਬੀਜੇਪੀ ਵੱਲੋਂ ਵਾਰਾਣਸੀ ਵਿੱਚ ਰੈਲੀ ਅਤੇ ਗੰਗਾ ਆਰਤੀ ਦੇ ਪ੍ਰੋਗਰਾਮ ਸਬੰਧੀ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਨੇ ਇੱਕ ਪਰੈਸ ਕਾਨਫਰੰਸ ਦੌਰਾਨ ਕਿਹਾ ਕਿ ਅਸੀਂ ਨਿਰਪੱਖ ਚੋਣਾਂ ਕਰਾਉਣ ਲਈ ਵੱਚਨ-ਬੱਧ ਹਾਂ। ਸੰਪਤ ਨੇ ਕਿਹਾ ਕਿ ਸਾਡੇ ਉਪਰ ਗੰਭੀਰ ਆਰੋਪ ਲਗਾਏ ਗਏ ਹਨ, ਪਰ ਚੋਣ ਕਮਿਸ਼ਨ ਲੋਕਤੰਤਰ ਦਾ ਸਤੰਭ ਹੈ ਅਤੇ ਚੋਣ ਕਮਿਸ਼ਨ ਨੂੰ ਕਿਸੇ ਵੀ ਦਲ, ਵਿਅਕਤੀ ਜਾਂ ਸੰਸਥਾ ਦਾ ਡਰ ਨਹੀਂ ਹੈ। ਉਨ੍ਹਾਂ ਨੇ ਕਿਸੇ ਵੀ ਕੀਮਤ ਤੇ ਨਿਰਪੱਖ ਚੋਣਾਂ ਕਰਵਾਉਣ ਦਾ ਭਰੋਸਾ ਦਿਵਾਇਆ।
ਸੰਪਤ ਨੇ ਵਾਰਾਣਸੀ ਦੇ ਡੀਐਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਨਰੇਂਦਰ ਮੋਦੀ ਦੀ ਰੈਲੀ ਨੂੰ ਪੇਸ਼ੇਵਰ ਸਲਾਹ ਦੇ ਆਧਾਰ ਤੇ ਮਨਜੂਰੀ ਨਹੀਂ ਦਿੱਤੀ ਗਈ ਅਤੇ ਇਸ ਫੈਸਲੇ ਨੂੰ ਬਦਲਣ ਦੀ ਕੋਈ ਜਰੂਰਤ ਨਹੀਂ ਹੈ।ਚੋਣ ਕਮਿਸ਼ਨਰ ਸੰਪਤ ਨੇ ਕਿਹਾ ਕਿ ਵਾਰਣਸੀ ਸਬੰਧੀ ਜੋ ਵੀ ਫੈਸਲਾ ਲਿਆ ਗਿਆ ਹੈ, ਉਹ ਡੀਐਮ ਦੀ ਰਿਪੋਰਟ ਦੇ ਆਧਾਰ ਤੇ ਲਿਆ ਗਿਆ ਹੈ। ਡੀਐਮ ਦੀ ਰਿਪੋਰਟ ਨੂੰ ਨਜ਼ਰ-ਅੰਦਾਜ਼ ਨਾਂ ਕਰਦੇ ਹੋਏ ਰੈਲੀ ਦੀ ਇਜ਼ਜ਼ਤ ਨਹੀਂ ਦਿੱਤੀ ਗਈ ਪਰ ਗੰਗਾ ਆਰਤੀ ਦੀ ਇਜਾਜ਼ਤ ਦਿੱਤੀ ਗਈ।
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਕੁਝ ਰਾਜਨੀਤਕ ਦਲ ਸਿੱਧੇ ਅਤੇ ਅਸਿੱਧੇ ਤੌਰ ਤੇ ਸਾਡੇ ਉਪਰ ਆਰੋਪ ਲਗਾ ਰਹੇ ਹਨ ਜੋ ਕਿ ਸਚਾਈ ਤੋਂ ਬਹੁਤ ਦੂਰ ਹਨ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬੂਥਾਂ ਤੇ ਜਾ ਕੇ ਆਚਾਰ ਸਹਿੰਤਾ ਦਾ ਉਲੰਘਣ ਕਰਨ ਸਬੰਧੀ ਵੀ ਰਿਪੋਰਟ ਤਲਬ ਕੀਤੀ ਗਈ ਹੈ ਜੇ ਰਾਹੁਲ ਦੇ ਖਿਲਾਫ਼ ਦੋਸ਼ ਸਿੱਧ ਹੋ ਗਏ ਤਾਂ ਉਸ ਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਸੰਵਿਧਾਨ ਨੇ ਉਨ੍ਹਾਂ ਨੂੰ ਲੋੜੀਂਦੇ ਅਧਿਕਾਰ ਦਿੱਤੇ ਹਨ। ਇਸ ਮੌਕੇ ਤੇ ਉਨ੍ਹਾਂ ਨੇ ਮੀਡੀਆ ਕਵਰੇਜ਼ ਦੀ ਵੀ ਸਲਾਘਾ ਕੀਤੀ।