ਨਵੀਂ ਦਿੱਲੀ: ਦਿੱਲੀ ਦੀਆਂ ਸੰਗਤਾਂ ਪ੍ਰਤੀ ਆਪਣੀ ਜਵਾਬਦੇਹੀ ਦਾ ਹਵਾਲਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਨੂੰ ਆਫ਼ਿਸ ਸਕੱਤਰ ਜਸਵੰਤ ਸਿੰਘ ਗੁਲਾਟੀ ਵੱਲੋਂ ਲਿਖੀ ਚਿੱਠੀ ਮਾਰਫ਼ਤ ਉਨ੍ਹਾਂ ਦਾ ਅਸਤੀਫਾ ਪ੍ਰਵਾਨ ਕਰਨ ਦੇ ਨਾਲ ਹੀ ਸ਼ਕੁੂਰ ਬਸਤੀ ਵਾਰਡ ਤੋਂ ਦਿੱਲੀ ਕਮੇਟੀ ਮੈਂਬਰ ਵਜੋਂ ਨੈਤਿਕਤਾ ਦੇ ਅਧਾਰ ਤੇ ਅਸਤੀਫਾ ਦੇਣ ਦੀ ਵੀ ਸਲਾਹ ਦਿੱਤੀ ਗਈ ਹੈ।
ਇਸ ਚਿੱਠੀ ‘ਚ ਗੁਰਲਾਡ ਸਿੰਘ ਵੱਲੋਂ ਚੁੱਕੇ ਗਏ ਸਾਰੇ ਸਵਾਲਾਂ ਦਾ ਜਵਾਬ ਦੇਣ ਦਾ ਦਾਅਵਾ ਕਰਦੇ ਹੋਏ ਅਕਾਲੀ ਦਲ ਵੱਲੋਂ ਧਾਰਮਿਕ ਪੰਥਕ ਸੋਚ ‘ਤੇ ਪਹਿਰਾ ਦੇਣ ਦੀ ਵੀ ਗੱਲ ਕਹੀ ਗਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਵੱਲੋਂ ਹੋਈ ਭੁੱਲ ਦੇ ਮਾਮਲੇ ‘ਚ ਗੁਰਲਾਡ ਸਿੰਘ ਨੂੰ ਸਵਾਲ ਪੁੱਛਿਆ ਗਿਆ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮਸਲਾ ਪੁੱਜਣ ਤੋਂ ਬਾਅਦ ਦਿੱਲੀ ਕਮੇਟੀ ਦਾ ਇਸ ਮਸਲੇ ‘ਤੇ ਕੁੱਝ ਬੋਲਣ ਦਾ ਹੱਕ ਰਹਿੰਦਾ ਹੈ? 1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਵੇਲੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਦਿੱਤੀ ਗਈ ਤਵੱਜੋਂ ਨੂੰ ਜਾਇਜ਼ ਕਰਾਰ ਦਿੰਦੇ ਹੋਏ ਇਸ ਚਿੱਠੀ ‘ਚ ਭਾਜਪਾ ਦੀ ਦੱਖਣ ਦਿੱਲੀ ਨਗਰ ਨਿਗਮ ਵੱਲੋਂ ਪੰਜਾਬੀ ਬਾਗ ਵਿਖੇ 5 ਨਵੰਬਰ 2012 ਨੂੰ 1984 ਦੇ ਸ਼ਹੀਦਾਂ ਦੀ ਯਾਦ ‘ਚ ਬਨਣ ਵਾਲੇ ਪਾਰਕ ਨੂੰ ਗੁਰਲਾਡ ਸਿੰਘ ਦੇ ਵਪਾਰਕ ਕਾਂਗਰਸੀ ਮਿੱਤਰ ਸੁਸ਼ੀਲ ਗੁਪਤਾ ਦੀ ਸ਼ਿਕਾਇਤ ‘ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਬੀਬੀ ਸ਼ੀਲਾ ਦਿਕਸ਼ਤ ਵੱਲੋਂ ਦਿੱਲੀ ਪੁਲਿਸ ‘ਤੇ ਦਬਾਵ ਪਾ ਕੇ ਉਦਘਾਟਨ ਦੇ ਕੰਮ ਨੂੰ ਰੋਕਣ ਦਾ ਦੋਸ਼ ਵੀ ਲਗਾਇਆ ਹੈ। ਭਾਜਪਾ ਤੇ ਅਕਾਲੀ ਦਲ ਦੀ ਪੁਰਾਣੀ ਸਿਆਸੀ ਸਾਂਝ ਦਾ ਹਵਾਲਾ ਦਿੰਦੇ ਹੋਏ ਗੁਰਲਾਡ ਸਿੰਘ ਤੋਂ ਸਵਾਲ ਪੁੱਛਿਆ ਗਿਆ ਕਿ ਅਗਰ ਇੰਦਰਾ ਗਾਂਧੀ ਦੀਆਂ ਦਿੱਲੀ ‘ਚ ਤਿੰਨ ਯਾਦਗਾਰਾਂ ਬਣ ਸਕਦੀਆਂ ਹਨ ਤਾਂ ਕੀ 1984 ਦੇ 5,000 ਸ਼ਹੀਦਾਂ ਦੀ ਇਕ ਵੀ ਯਾਦਗਾਰ ਨਹੀਂ ਬਣ ਸਕਦੀ? ਗੁਰਲਾਡ ਸਿੰਘ ਵੱਲੋਂ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੋਤੀ ਨਗਰ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਗੁਪਤਾ ਦੀ ਚੋਣ ਮੁੰਹਿਮ ‘ਚ ਸਰਗਰਮ ਭੁੂਮਿਕਾ ਨਿਭਾਉਣ ਦੀ ਗੱਲ ਵੀ ਕੀਤੀ ਗਈ ਹੈ।
ਗੁਰਦੁਆਰਾ ਕਮੇਟੀ ਦੀ ਸਿਆਸੀ ਦੁਰਵਰਤੋਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਅਤੇ ਜੁਆਇੰਟ ਸਕੱਤਰ ਵੱਲੋਂ ਵਿਧਾਇਕ ਦੇ ਅਹੁਦੇ ਲਈ ਲੜੀਆਂ ਗਈਆਂ ਚੋਣਾਂ ਦੌਰਾਨ ਕਮੇਟੀ ਵੱਲੋਂ ਇਸ਼ਤਿਹਾਰ ਬਾਜ਼ੀ ਜਾਂ ਧਾਰਮਿਕ ਸਟੇਜਾਂ ‘ਤੇ ਉਨ੍ਹਾਂ ਦੇ ਹੱਕ ਵਿਚ ਲਹਿਰ ਬਨਾਉਣ ਵਾਸਤੇ ਕਿਸੇ ਪ੍ਰਕਾਰ ਦੇ ਪ੍ਰਚਾਰ ਤੋਂ ਵੀ ਪਾਸਾ ਵੱਟਣ ਦਾ ਦਾਅਵਾ ਪੂਰੀ ਪਾਰਦਰਸ਼ਿਤਾਂ ਨਾਲ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਜੱਥੇਬੰਦਕ ਤੌਰ ਤੇ ਕਾਰਕੁੰਨਾਂ ਕਰਕੇ ਮਜ਼ਬੂਤ ਦੱਸਦੇ ਹੋਏ ਕਿਸੇ ਵੀ ਆਗੂ ਵੱਲੋਂ ਪਾਰਟੀ ਨੂੰ ਹਾਈਜੈਕ ਕਰਨ ਦੇ ਦੋਸ਼ਾਂ ਨੂੰ ਵੀ ਸਿਰੇ ਤੋਂ ਖਾਰਿਜ ਕਰਨ ਦੇ ਨਾਲ ਹੀ ਦਿੱਲੀ ਕਮੇਟੀ ਚੋਣਾਂ ਦੌਰਾਨ ਗੁਰਲਾਡ ਸਿੰਘ ਨੂੰ ਪੰਜਾਬੀ ਬਾਗ ਦੀ ਥਾਂ ਸ਼ਕੂਰ ਬਸਤੀ ਤੋਂ ਟਿਕਟ ਦੇ ਕੇ ਪਾਰਟੀ ਵੱਲੋਂ ਜਿਤਾਉਣ ਦਾ ਦਾਅਵਾ ਵੀ ਕੀਤਾ ਗਿਆ ਹੈ। ਪੰਜਾਬ ‘ਚ ਫੈਲੇ ਨਸ਼ਿਆਂ ਦੇ ਸਵਾਲ ਨੂੰ ਦਿੱਲੀ ਕਮੇਟੀ ਦੇ ਕਾਰਜ ਖੇਤਰ ਤੋਂ ਬਾਹਰ ਦੱਸਣ ਦੇ ਨਾਲ ਹੀ ਕੇਂਦਰ ‘ਚ ਨਵੀਂ ਸਰਕਾਰ ਬਨਣ ਤੇ ਸਰਹੱਦਾਂ ਨੂੰ ਮਜ਼ਬੂਤ ਕਰਦੇ ਹੋਏ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ‘ਚ ਲਏ ਗਏ ਅਹਿਦ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦਿੱਲੀ ਕਮੇਟੀ ਦੇ ਜਰਨਲ ਮੈਨੇਜਰ ਦੇ ਖਿਲਾਫ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਇਸ ਪੱਤਰ ‘ਚ ਗੁਰਲਾਡ ਸਿੰਘ ਨੂੰ ਇਸ ਪੁਰਾਣੇ ਮਸਲੇ ‘ਤੇ ਪਿਛਲੀਆਂ ਕਮੇਟੀਆਂ ਵੱਲੋਂ ਸਬੂਤਾਂ ਦੀ ਕਮੀ ਕਾਰਨ ਕੋਈ ਕਾਰਵਾਈ ਨਾ ਕਰਦੇ ਹੋਏ ਇਤਿਹਾਸਿਕ ਗੁਰਦੁਆਰਿਆਂ ‘ਚ ਮੈਨੇਜਰ ਦੇ ਰੁੂਪ ਵਿਚ ਸੇਵਾ ਨਿਭਾਉਣ ਦਾ ਮੌਕਾ ਲਗਾਤਾਰ ਦੇਣ ਦੀ ਜਾਣਕਾਰੀ ਵੀ ਦਿੱਤੀ ਗਈ ਹੈ।
ਦਿੱਲੀ ਕਮੇਟੀ ਵੱਲੋਂ ਧਾਰਮਿਕ ਤੇ ਸਮਾਜਿਕ ਅਦਾਰੇ ਵਾਂਗ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਗੱਲ ਕਰਦੇ ਹੋਏ ਧਾਰਮਿਕ, ਸਮਾਜਿਕ, ਲੋਕਪੱਖੀ ਤੇ ਸਿੱਖਿਆ ਦੇ ਖੇਤਰ ‘ਚ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦੇ ਹੋਏ ਇਕ ਸਾਲ ਦੀ ਸੇਵਾ ਦੌਰਾਨ 40 ਤੋਂ 100 ਫੀਸਦੀ ਦਾ ਵਾਧਾ ਗੁਰੂ ਦੀ ਗੋਲਕ ‘ਚ ਤੇ 12 ਫੀਸਦੀ ਦਾ ਵਾਧਾ ਕਮੇਟੀ ਦੀਆਂ ਐਫ.ਡੀਆਂ ‘ਚ ਹੋਣ ਦੇ ਨਾਲ ਹੀ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਦੇ ਕਾਰਜਕਾਲ ਮੁਕਾਬਲੇ ਪਰਮਜੀਤ ਸਿੰਘ ਸਰਨਾ ਦੇ ਕਾਰਜ ਕਾਲ ‘ਚ 1 ਕਰੋੜ 55 ਲੱਖ ਦੀਆਂ ਐਫ.ਡੀਆਂ ਘੱਟਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਕਮੇਟੀ ਦੀਆਂ ਜ਼ਾਇਦਾਦਾਂ ਨਾਲ ਸੰਬੰਧਿਤ ਦਸਤਾਵੇਜਾਂ ਨੂੰ ਸੰਭਾਲਣ ਦੀ ਜ਼ਿਮੇਵਾਰੀ ਗੁਰਲਾਡ ਸਿੰਘ ਨੂੰ ਇਸਟੇਟ ਚੇਅਰਮੈਨ ਦੇ ਨਾਤੇ ਚੇਤੇ ਕਰਵਾਉਂਦੇ ਹੋਏ ਇਸ ਅਹੁਦੇ ‘ਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਸਿਫ਼ਰ ਆਂਕਣ ਦੇ ਨਾਲ ਹੀ ਕਮੇਟੀ ਵੱਲੋਂ ਇਸ ਖੇਤਰ ‘ਚ ਕੰਮ ਕਰਨ ਦੀ ਖੁੱਲੀ ਛੂਟ ਦੇਣ ਦਾ ਵੀ ਦਾਅਵਾ ਕੀਤਾ ਗਿਆ ਹੈ।
ਅਕਾਲੀ ਦਲ ਨੇ ਗੁਰਲਾਡ ਦਾ ਅਸਤੀਫਾ ਕੀਤਾ ਮੰਜੂਰ
This entry was posted in ਭਾਰਤ.