ਚੰਡੀਗੜ੍ਹ - 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਨਜਾਇਜ਼ ਸ਼ਰਾਬ ਸਮੇਤ 800 ਕਰੋੜ ਰੁਪੈ ਦੇ ਕਰੀਬ ਨਸ਼ੀਲੇ ਪਦਾਰਥ ਫੜੇ ਗਏ ਹਨ। ਇਨ੍ਹਾਂ ਵਿੱਚੋਂ ਸੱਭ ਤੋਂ ਵੱਧ 778.77 ਕਰੋੜ ਦੀ ਹੈਰੋਇਨ ਅਤੇ 16.81 ਕਰੋੜ ਦੀ ਨਜਾਇਜ਼ ਸ਼ਰਾਬ ਸ਼ਾਮਿਲ ਹੈ।
ਰਾਜ ਵਿੱਚ 2012 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੀ ਤੁਲਨਾ ਵਿੱਚ ਕਈ ਗੁਣਾਂ ਵੱਧ ਹੈ। ਇਸ ਵਾਰ ਪਿੱਛਲੀਆਂ ਚੋਣਾਂ ਦੇ ਮੁਕਾਬਲੇ ਨਜਾਇਜ਼ ਸ਼ਰਾਬ 8 ਗੁਣਾ, ਹੈਰੋਇਨ 7 ਗੁਣਾ ਭੁੱਕੀ 6 ਗੁਣਾ ਅਤੇ ਕੈਪਸੂਲ ਡੇਢ਼ ਗੁਣਾ ਵੱਧ ਪਕੜੇ ਗਏ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫਤਰ ਦੀ ਰਿਪੋਰਟ ਅਨੁਸਾਰ 5 ਮਾਰਚ ਤੋਂ ਚੋਣ ਆਚਾਰ ਸਹਿੰਤਾ ਲਾਗੂ ਹੋਣ ਤੋਂ ਮੱਤਦਾਨ ਵਾਲੇ ਦਿਨ ਤੱਕ 3.52 ਕਰੋੜ ਦੀ ਭੁੱਕੀ, 43 ਲੱਖ ਦੀ ਅਫ਼ੀਮ, 17. ਲੱਖ ਦੀ ਸਮੈਕ, 64 ਲੱਖ ਦੀ ਚਰਸ, 6 ਲੱਖ ਦਾ ਗਾਂਜਾ, 22 ਲੱਖ ਦੀਆਂ ਨਸ਼ੀਲੀਆਂ ਗੋਲੀਆਂ, 12 ਲੱਖ ਦਾ ਡਰੱਗ ਪਾਊਡਰ, 2 ਲੱਖ ਦੀਆਂ ਸੀਰਪ ਦੀਆਂ ਬੋਤਲਾਂ ਅਤੇ 13 ਲੱਖ ਦੇ ਕੈਪਸੂਲ ਪਕੜੇ ਗਏ।ਇਸ ਤੋਂ ਇਲਾਵਾ 40.77 ਕਰੋੜ ਰੁਪੈ ਵੀ ਬਿਨਾਂ ਹਿਸਾਬ – ਕਿਤਾਬ ਦੇ ਪਕੜੇ ਗਏ। ਇਨ੍ਹਾਂ ਵਿੱਚੋਂ ਇਨਕਮ ਵਿਭਾਗ ਨੇ ਜਾਂਚ ਕਰਨ ਤੋਂ ਬਾਅਦ 14.07 ਕਰੋੜ ਰੁਪੈ ਦੀ ਰਕਮ ਲੋਕਾਂ ਨੂੰ ਵਾਪਿਸ ਕਰ ਦਿੱਤੀ ਗਈ।