ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਕ ਵਫ਼ਦ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਨਾਨਕਸ਼ਾਹੀ ਕੈਲੰਡਰ ਦੇ ਮਸਲੇ ਨੂੰ ਹੱਲ ਕਰਨ ਲਈ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਅਟਾਰੀ ਬੋਰਡਰ ਤੋਂ ਹੁੰਦੇ ਹੋਏ ਪਾਕਿਸਤਾਨ ਗਿਆ ਹੈ। ਇਹ ਵਫ਼ਦ ਉਥੇ ਪਾਕਿਸਤਾਨ ਅਵੈਕਉ ਟ੍ਰਸਟ ਬੋਰਡ, ਪਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਮਿਲਣ ਦੇ ਨਾਲ ਹੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਨਾਲ ਮਿਲਣ ਦੀ ਵੀ ਕੋਸ਼ਿਸ਼ ਕਰੇਗਾ ਤਾਂਕਿ ਦੋਨਾਂ ਦੇਸ਼ਾਂ ਵਿਚਕਾਰ ਧਾਰਮਿਕ ਸਾਂਝ ਹੋਰ ਪੁਖੱਤਾ ਹੋ ਸਕੇ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆ ਹਿੱਤ ਨੇ ਦੱਸਿਆ ਕਿ ਪਾਕਿਸਤਾਨ ਤੇ ਭਾਰਤ ਦੇ ਗੁਰਧਾਮਾਂ ਵਿਚਕਾਰ ਮੁੂਲ ਨਾਨਕਸ਼ਾਹੀ ਕੈਲੰਡਰ ਕਰਕੇ ਕੁਝ ਤਰੀਕਾਂ ਤੇ ਮਤਭੇਦ ਹਨ ਜਿਸ ਕਰਕੇ ਭਾਰਤ ਤੋਂ ਪਾਕਿਸਤਾਨ ਦੀ ਯਾਤਰਾ ਤੇ ਜਾਣ ਵਾਲੇ ਜੱਥਿਆਂ ਨੂੰ ਵੀਜ਼ਾ ਲੈਣ ‘ਚ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਨਾਨਕਸ਼ਾਹੀ ਕੈਲੰਡਰ ਤੇ ਪਾਕਿਸਤਾਨ ‘ਚ ਕਾਯਮ ਦੁਵਿਧਾ ਨੂੰ ਦੂਰ ਕਰਨ ਲਈ ਇਹ ਵਫ਼ਦ ਆਪਣੀ ਪੂਰੀ ਤਾਕਤ ਲਗਾਵੇਗਾ। ਵਫ਼ਦ ਦੀਆਂ ਹੋਰ ਮੰਗਾ ਦਾ ਜਿਕਰ ਕਰਦੇ ਹੋਏ ਹਿੱਤ ਨੇ ਦੱਸਿਆ ਕਿ ਸਿੱਖ ਪ੍ਰਚਾਰਕਾਂ ਨੂੰ ਇਕ ਸਾਲ ਦਾ ਮਲਟੀਪਲ ਵੀਜ਼ਾ ਦਿਵਾਉਣਾ ਵੀ ਸਾਡੇ ਐਜੰਡੇ ਵਿਚ ਸ਼ਮਿਲ ਹੈ ਤਾਂਕਿ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਚੰਗੇ ਤਰੀਕੇ ਨਾਲ ਪਾਕਿਸਤਾਨ ‘ਚ ਹੋ ਸਕੇ।
ਹਿੱਤ ਨੇ ਖੁਲਾਸਾ ਕੀਤਾ ਕਿ ਕਰਤਾਰਪੁਰ ਸਾਹਿਬ ਤੋਂ ਰਸਤਾਂ ਖੋਲਣ ਬਾਰੇ ਵੀ ਇਹ ਵਫ਼ਦ ਪਾਕਿਸਤਾਨੀ ਉੱਚ ਅਧਿਕਾਰੀਆਂ ਨੂੰ ਮੰਗ ਕਰੇਗਾ ਕਿਉਂਕੀ ਦਿੱਲੀ ਕਮੇਟੀ ਕੋਲ ਵਰਲਡ ਬੈਂਕ ‘ਚ ਕੰਮ ਕਰ ਰਹੇ ਗੁਰਬਚਨ ਸਿੰਘ ਪਾਸੋ ਇਸ ਰਸਤੇ ਦੇ ਵਿਕਾਸ ਲਈ 19 ਮਿਲਿਅਨ ਡੋਲਰ ਖਰਚ ਕਰਨ ਦਾ ਮਤਾ ਵੀ ਆਇਆ ਹੈ ਤੇ ਉਸ ਰਕਮ ਨੂੰ ਉਹ ਪਾਕਿਸਤਾਨ ਸਰਕਾਰ ਨੂੰ ਦੇਣ ਲਈ ਵੀ ਤਿਆਰ ਹਨ। ਜਿਸ ਨਾਲ ਦੋਹਾਂ ਮੁਲਕਾਂ ਨੂੰ ਤਰੱਕੀ ਅਤੇ ਆਪਸੀ ਭਾਈਚਾਰਾ ਵਧਾਉਣ ਵਿਚ ਬੜੀ ਮਦਦ ਮਿਲੇਗੀ।
ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਨਾ ਨੇ ਬੀਤੇ ਦਿਨੀ ਦਿੱਲੀ ਵਿਖੇ ਪਾਕਿਸਤਾਨੀ ਹਾਈ ਕਮੀਸ਼ਨਰ ਅਬਦੁੱਲ ਬਸ਼ੀਤ ਅਤੇ ਵੀਜ਼ਾ ਕਾਉਂਸਲੇਟ ਅਬਰਾਰ ਹੁਸੈਨ ਹਾਸ਼ਮੀ ਨਾਲ ਹੋਈ ਬੈਠਕ ਦਾ ਜ਼ਿਕਰ ਕਰਦੇ ਹੋਏ ਦਾਅਵਾ ਕੀਤਾ ਕਿ ਨਾਨਕਸ਼ਾਹੀ ਕੈਲੰਡਰ ਤੇ ਦੋਹਾਂ ਦੇਸ਼ਾਂ ਵਿਚ ਪੈਦਾ ਹੋਈ ਦੁਵਿਧਾ ਛੇਤੀ ਹੀ ਹੱਲ ਹੋਵੇਗੀ। ਇਸ ਵਫ਼ਦ ‘ਚ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਤੇ ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੌਕ ਅਤੇ ਗੁਰਬਚਨ ਸਿੰਘ ਚੀਮਾ ਸ਼ਾਮਿਲ ਹਨ।
ਦਿੱਲੀ ਕਮੇਟੀ ਦਾ ਵਫ਼ਦ ਪਾਕਿਸਤਾਨ ਪੰਥਕ ਮਸਲਿਆਂ ਦੇ ਹੱਲ ਲਈ ਗਿਆ
This entry was posted in ਅੰਤਰਰਾਸ਼ਟਰੀ.