ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਲਾਨਾ ਕਨਵੋਕੇਸ਼ਨ ਅੱਜ ਪਾਲ ਆਡੀਟੋਰੀਅਮ ਵਿਖੇ ਆਯੋਜਿਤ ਕੀਤੀ ਗਈ । ਇਸ ਕਨਵੋਕੇਸ਼ਨ ਵਿੱਚ ਸਾਬਕਾ ਮੈਂਬਰ ਪਲਾਨਿੰਗ ਕਮਿਸ਼ਨ ਅਤੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਾਇਰੈਕਟਰ ਜਨਰਲ ਪਦਮ ਭੂਸ਼ਨ ਡਾ. ਵਰਿੰਦਰ ਲਾਲ ਚੋਪੜਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਉਨ੍ਹਾਂ ਤੋਂ ਇਲਾਵਾ ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ. ਕੁਲਵੰਤ ਸਿੰਘ ਆਹਲੂਵਾਲੀਆ, ਸ. ਜੰਗ ਬਹਾਦਰ ਸਿੰਘ ਸਾਂਘਾ, ਬੀਬੀ ਕਰਮਜੀਤ ਕੌਰ ਦਾਨੇਵਾਲੀਆ ਅਤੇ ਯੂਨੀਵਰਸਿਟੀ ਦੇ ਸਮੂਹ ਡੀਨ ਡਾਇਰੈਕਟਰ ਵੀ ਸ਼ਾਮਲ ਸਨ।
ਇਸ ਮੌਕੇ ਡਾ. ਚੋਪੜਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਵਿਕਾਸ ਦੇ ਲਈ ਹਮੇਸ਼ਾਂ ਉਸਾਰੂ ਸੋਚ ਦਾ ਲੜ ਫੜਨਾ ਚਾਹੀਦਾ ਹੈ । ਸਾਨੂੰ ਇਸ ਸੋਚ ਦੇ ਹਾਣੀ ਬਣ ਕੇ ਸੰਭਾਵਨਾਵਾਂ ਆਪ ਤਿਆਰ ਕਰਨੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇਸ਼ ਦੀ ਨਹੀਂ ਸਗੋਂ ਵਿਸ਼ਵ ਦੀਆਂ ਮੋਹਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਗਿਣੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਪੜ੍ਹੇ ਵਿਦਿਆਰਥੀ ਹਰ ਖੇਤਰ ਵਿੱਚ ਆਪਣਾ ਚੰਗਾ ਨਾਮ ਕਮਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਚੰਗੇਰੀ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਤਕਨੀਕੀ ਪੱਖੋਂ ਮਜ਼ਬੂਤ ਵਿਦਿਆਰਥੀ ਭਵਿੱਖ ਵਿੱਚ ਦੇਸ਼ ਨੂੰ ਤਰੱਕੀ ਦੇ ਰਾਹ ਤੋਰ ਸਕਦਾ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਇਹ ਸਲਾਹ ਦਿੱਤੀ ਕਿ ਭਵਿੱਖ ਵਿੱਚ ਆਪਣੇ ਆਪ ਦਾ ਕਿਤਾਬਾਂ ਨਾਲੋਂ ਸੰਪਰਕ ਘੱਟ ਨਾ ਕਰਿਓ ਸਗੋਂ ਹਾਸਲ ਕੀਤੇ ਗਿਆਨ ਦੇ ਵਾਧੇ ਲਈ ਲਗਾਤਾਰ ਕਿਤਾਬਾਂ ਨਾਲ ਜੁੜੇ ਰਹਿਣਾ ਅਤਿਅੰਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਆਪਣੇ ਦਿਲ ਦੀ ਆਵਾਜ਼ ਸੁਣੋ ਨਾ ਕਿ ਸਮਾਜ ਵਿ¤ਚ ਜੋ ਪ੍ਰਚਲਿਤ ਹੈ ਉਸ ਪਿੱਛੇ ਭੱਜੋ । ਆਪਣੇ ਦਿਲ ਦੀ ਅਵਾਜ ਸੁਣ ਕੇ ਹੀ ਪੜ੍ਹਾਈ ਦੇ ਵਿਸ਼ਿਆਂ ਦੀ ਚੋਣ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਜੀ ਆਇਆਂ ਦੇ ਸ਼ਬਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਹੇ । ਉਨ੍ਹਾਂ ਆਪਣੇ ਸਵਾਗਤੀ ਭਾਸ਼ਣ ਵਿੱਚ ਯੂਨੀਵਰਸਿਟੀ ਦੇ ਸਲਾਨਾ ਬਜਟ, ਹੋਈਆਂ ਨਵੀਆਂ ਨਿਯੁਕਤੀਆਂ, ਖੋਜ ਪ੍ਰਾਪਤੀਆਂ, ਵਿਗਿਆਨੀਆਂ ਵੱਲੋਂ ਹਾਸਲ ਕੀਤੇ ਅਵਾਰਡ, ਵਿਦਿਆਰਥੀਆਂ ਦੀਆਂ ਉਪਲਬਧੀਆਂ ਆਦਿ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ । ਉਨ੍ਹਾਂ ਕਿਹਾ ਕਿ ਇੱਕ ਸੱਚੇ ਅਧਿਆਪਕ ਦਾ ਫਰਜ ਸਿਰਫ਼ ਪਾਠਕ੍ਰਮ ਪੜਾਉਣ ਤੱਕ ਸੀਮਤ ਨਹੀਂ ਹੁੰਦਾ ਸਗੋਂ ਉਸ ਨੂੰ ਚੰਗੇ ਨਾਗਰਿਕ ਬਣਾਉਣ ਦਾ ਟੀਚਾ ਮਿਥਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਸ ਜਿਤਾਈ ਕਿ ਉਹ ਭਵਿੱਖ ਵਿੱਚ ਜਿਸ ਖੇਤਰ ਵਿੱਚ ਵੀ ਜਾਣਗੇ ਉਸ ਨਾਲ ਆਪਣਾ ਅਤੇ ਆਪਣੀ ਯੂਨੀਵਰਸਿਟੀ ਦਾ ਨਾਂ ਰੌਸ਼ਨ ਕਰਨਗੇ ।
ਕਨਵੋਕੇਸ਼ਨ ਦੌਰਾਨ 300 ਤੋਂ ਵੱਧ ਵਿਦਿਆਰਥੀਆਂ ਨੂੰ ਉਚੇਰੀ ਸਿਖਿਆ ਹਾਸਲ ਕਰਨ ਲਈ ਡਿਗਰੀਆਂ ਮੁੱਖ ਮਹਿਮਾਨ ਵੱਲੋਂ ਪ੍ਰਦਾਨ ਕੀਤੀਆਂ ਗਈਆਂ । ਇਸ ਤੋਂ ਇਲਾਵਾ ਸ. ਕਰਤਾਰ ਸਿੰਘ ਕਾਹਲੋਂ ਗੋਲਡ ਮੈਡਲ ਕੁਮਾਰੀ ਸ਼ਾਲਿਨੀ ਅਗਨੀਹੋਤਰੀ, ਡਾ. ਅਵਤਾਰ ਸਿੰਘ ਅਟਵਾਲ ਗੋਲਡ ਮੈਡਲ ਸਾਲ 2012-13 ਲਈ ਕ੍ਰਮਵਾਰ ਕੁਮਾਰੀ ਪੂਜਾ ਅਤੇ ਕੁਮਾਰੀ ਮੈਣੀ ਸਲੂਜਾ ਨੂੰ ਪ੍ਰਦਾਨ ਕੀਤਾ ਗਿਆ ਜਦਕਿ ਲਾਲਾ ਸ੍ਰੀਰਾਮ ਜੀ ਮੈਡਲ 2012-13 ਅਤੇ 2013-14 ਲਈ ਕੁਮਾਰੀ ਸ਼ੀਨਾ ਥਾਪਰ ਅਤੇ ਕੁਮਾਰੀ ਰਿਤੀਕਾ ਜੈਨ ਨੂੰ ਪ੍ਰਦਾਨ ਕੀਤਾ ਗਿਆ । ਇਸੇ ਦੌਰਾਨ ਸ. ਬਹਾਦਰ ਲਾਲ ਸਿੰਘ ਮੈਡਲ ਸਾਲ 2012-13 ਲਈ ਸ੍ਰੀ ਅਨਮੋਲ ਅਗਰਵਾਲ ਸਾਲ 2013-14 ਲਈ ਇਹ ਮੈਡਲ ਦਮਨਦੀਪ ਸਿੰਘ ਨੂੰ ਪ੍ਰਦਾਨ ਕੀਤਾ ਗਿਆ । ਸਾਲ 2013 ਲਈ ਪੀ ਐਨ ਥਾਪਰ ਗੋਲਡ ਮੈਡਲ ਕੁਮਾਰੀ ਜਸਪ੍ਰੀਤ ਕੌਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ ।
ਇਸ ਤੋਂ ਇਲਾਵਾ ਡਾ. ਸ੍ਰੀਮਤੀ ਸੁਰਿੰਦਰ ਕੌਰ ਸੰਧੂ ਨੂੰ ਸਰਵੋਤਮ ਅਧਿਆਪਕ ਅਤੇ ਡਾ. ਮਹਿੰਦਰ ਸਿੰਘ ਰੰਧਾਵਾ ਚੰਗੇਰੀ ਕਿਤਾਬ ਲਈ ਗੋਲਡ ਮੈਡਲ ਡਾ. ਸੁਖਪਾਲ ਸਿੰਘ ਅਤੇ ਡਾ. ਤੇਜਿੰਦਰ ਕੌਰ ਧਾਲੀਵਾਲ ਨੂੰ ਪ੍ਰਦਾਨ ਕੀਤਾ ਗਿਆ ।
ਉਸਾਰੂ ਸੋਚ ਦੇ ਨਾਲ ਹੀ ਹਰ ਮੰਜ਼ਿਲ ਪ੍ਰਾਪਤ ਕੀਤੀ ਜਾ ਸਕਦੀ ਹੈ : ਡਾ. ਚੋਪੜਾ
This entry was posted in ਖੇਤੀਬਾੜੀ.