ਇਸ ਵਿੱਚ ਤਾਂ ਕੋਈ ਹੈਰਾਨੀ ਵਾਲੀ ਗਲ ਨਹੀਂ ਮੰਨੀ ਜਾਇਗੀ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਕਬਜ਼ੇ ਨੂੰ ਲੈ ਕੇ ਦਿੱਲੀ ਦੀ ਸਿੱਖ ਬਨਾਮ ਅਕਾਲੀ ਰਾਜਨੀਤੀ ਸ਼ੁਰੂ ਤੋਂ ਹੀ ਗੁਟਾਂ ਵਿੱਚ ਵੰਡੀ ਚਲੀ ਆ ਰਹੀ ਹੈ। ਜਦੋਂ ਵੀ ਇੱਕ ਗੁਟ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਹੁੰਦਾ ਹੈ ਤਾਂ ਦੂਸਰਾ ਗੁਟ ਲੱਠ ਲੈ, ਉਸਦਾ ਵਿਰੋਧ ਕਰਨ ਲਈ ਮੈਦਾਨ ਵਿੱਚ ਆ ਨਿਤਰਦਾ ਹੈ। ਜਦੋਂ ਇਹ ਗੁਰਦੁਆਰਾ ਕਮੇਟੀ 11-ਮੈਂਬਰੀ ਸੀ, ਉਸ ਸਮੇਂ ਵੀ ਇਹੀ ਹਾਲਤ ਸੀ ਅਤੇ ਹੁਣ ਜਦਕਿ ਇਹ 51-ਮੈਂਬਰੀ ਬਣ ਗਈ ਹੋਈ ਹੈ, ਤਾਂ ਵੀ ਹਾਲਾਤ ਵਿੱਚ ਕੋਈ ਤਬਦੀਲੀ ਨਹੀਂ ਆਈ। ਕੋਈ ਬਹੁਤਾ ਦੂਰ ਜਾਣ ਦੀ ਲੋੜ ਨਹੀਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੀਤੇ ਦੇ 12-13 ਵਰ੍ਹਿਆਂ ਦੇ ਇਤਿਹਾਸ ਪੁਰ ਹੀ ਨਜ਼ਰ ਮਾਰੀਏ, ਤਾਂ ਸਪਸ਼ਟ ਰੂਪ ਵਿੱਚ ਇਹ ਗਲ ਉਭਰ ਕੇ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਲਗਭਗ 10 ਵਰ੍ਹੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਰਿਹਾ, ਇਨ੍ਹਾਂ ਦਸਾਂ ਵਰ੍ਹਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀ ਲਗਾਤਾਰ ਉਸਦੇ ਵਿਰੁਧ ਸਰਗਰਮ ਰਹੇ। ਇਨ੍ਹਾਂ ਦਿਨਾਂ ਵਿੱਚ ਬਿਆਨ ਦਾਗ਼ਦਿਆਂ ਰਹਿਣ ਦੇ ਨਾਲ ਹੀ ਉਹ ਕਈ ਵਾਰ ਮੁਜ਼ਾਹਿਰੇ ਕਰਨ ਲਈ ਸੜਕਾਂ ਪੁਰ ਵੀ ਉਤਰ ਆਉਂਦੇ ਰਹੇ। ਕੰਮ ਚੰਗਾ ਹੋਵੇ ਜਾਂ ਮਾੜਾ, ਉਨ੍ਹਾਂ ਨੇ ਵਿਰੋਧ ਕਰਨਾ ਹੀ ਸੀ ਅਤੇ ਇਹ ਉਹ ਕਰਦੇ ਵੀ ਰਹੇ। ਇਥੋਂ ਤਕ ਕਿ ਜਦੋਂ ਸੇਵਾ-ਪੰਥੀ ਬਾਬਾ ਹਰਬੰਸ ਸਿੰਘ ਨੇ ਸੰਗਤਾਂ ਦੀ ਮੰਗ ’ਤੇ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਸੋਨਾ ਲਾਏ ਜਾਣ ਦੀ ਕਾਰ-ਸੇਵਾ ਸ਼ੁਰੂ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਸੀਨੀਅਰ ਮੁੱਖੀ ਨੇ ਵਿਅੰਗ ਕਰਦਿਆਂ ਇਥੋਂ ਤਕ ਕਹਿ ਦਿੱਤਾ ਕਿ ਸਰਨਾ (ਗੁਰਦੁਆਰਾ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ) ਗੁਰਦੁਆਰਾ ਬੰਗਲਾ ਸਾਹਿਬ ਵਿੱਚ ਆਪਣੇ ਪਿਓ ਦੀ ਕਬਰ ਬਣਾ ਰਿਹਾ ਹੈ। ਅਜਿਹਾ ਕਹਿੰਦਿਆਂ ਉਸਨੇ ਇਤਨਾ ਵੀ ਨਹੀਂ ਸੋਚਿਆ ਕਿ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਚਰਨ-ਛਹੁ ਪ੍ਰਾਪਤ ਪਵਿਤ੍ਰ ਅਸਥਾਨ ਦੇ ਸਬੰਧ ਵਿੱਚ ਕੀ ਕਹਿ ਰਿਹਾ ਹੈ?
ਹੁਣ ਪਿਛਲੇ ਲਗਭਗ ਡੇੜ੍ਹ ਵਰ੍ਹੇ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਚਲਿਆ ਚਲਾ ਆ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀ ਉਸਦੇ ਵਿਰੁਧ ਉਸੇ ਤਰ੍ਹਾਂ ਸਰਗਰਮ ਵਿਖਾਈ ਦੇ ਰਹੇ ਹਨ ਜਿਵੇਂ ਉਸਦੇ ਮੁੱਖੀ ਉਨ੍ਹਾਂ ਵਿਰੁਧ ਸਰਗਰਮ ਚਲੇ ਆਉਂਦੇ ਰਹੇ ਸਨ। ਹੁਣ ਉਹ ਵੀ ਕੋਈ ਅਜਿਹਾ ਮੌਕਾ ਹੱਥੋਂ ਨਹੀਂ ਨਿਕਲਣ ਦੇਣਾ ਚਾਹੁੰਦੇ, ਜਿਸਨੂੰ ਲੈ ਕੇ ਉਹ ਸੱਤਾਧਾਰੀਆਂ ਨੂੰ ਕਟਹਿਰੇ ਵਿੱਚ ਖੜਾ ਕਰ ਸਕਦੇ ਹੋਣ।
ਇਥੇ ਇਹ ਗਲ ਵਰਣਨਯੋਗ ਹੈ ਕਿ ਇਨ੍ਹਾਂ ਅਕਾਲੀ ਗੁਟਾਂ ਦਾ ਆਪਸੀ ਵਿਰੋਧ ਕਦੀ ਵੀ ਸਿਧਾਂਤਾਂ ਨੂੰ ਲੈ ਕੇ ਨਹੀਂ ਹੋਇਆ, ਇਨ੍ਹਾਂ ਵਿੱਚ ਜਦੋਂ ਵੀ ਵਿਰੋਧ ਹੋਇਆ, ਨਕਾਰਾਤਮਕ ਰਾਜਨੀਤੀ ਦੇ ਚਲਦਿਆਂ ਹੀ ਹੋਇਆ।
ਹੈਰਾਨੀ ਤਾਂ ਉਸ ਸਮੇਂ ਹੁੰਦੀ ਹੈ ਜਦੋਂ ਦਿੱਲੀ ਦੀ ਅਕਾਲੀ ਰਾਜਨੀਤੀ ਦੇ ਬੀਤੇ ਦੇ ਇਤਿਹਾਸ ਦੇ ਇੱਕ ਹੋਰ ਪਹਿਲੂ ਪੁਰ ਨਜ਼ਰ ਮਾਰਦੇ ਹਾਂ, ਜਿਸ ਅਨੁਸਾਰ ਜਦੋਂ ਇੱਕ ਹੀ ਗੁਟ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਹੁੰਦਾ ਹੈ ਤਾਂ ਉਸੇ ਦੇ ਹੀ ਦੋ-ਇੱਕ ਮੁੱਖੀ ਆਮ੍ਹੋ-ਸਾਹਮਣੇ ਖੜੇ ਹੋ ਇੱਕ-ਦੂਸਰੇ ਨੂੰ ਚੁਨੌਤੀ ਦਿੰਦੇ ਨਜ਼ਰ ਆਉਣ ਲਗਦੇ ਹਨ। ਜਿਵੇਂ ਜ. ਸੰਤੋਖ ਸਿੰਘ ਬਨਾਮ ਜ. ਰਛਪਾਲ ਸਿੰਘ, ਜ. ਸੰਤੋਖ ਸਿੰਘ ਬਨਾਮ ਜ. ਹਰਚਰਨ ਸਿੰਘ, ਜ. ਅਵਤਾਰ ਸਿੰਘ ਹਿਤ ਬਨਾਮ ਜ. ਇੰਦਰਪਾਲ ਸਿੰਘ ਭਾਟੀਆ (ਖਾਲਸਾ), ਜ. ਅਵਤਾਰ ਸਿੰਘ ਹਿਤ ਬਨਾਮ ਸ. ਪਰਮਜੀਤ ਸਿੰਘ ਸਰਨਾ, ਜ. ਅਵਤਾਰ ਸਿੰਘ ਹਿਤ ਬਨਾਮ ਜ. ਮਨਜੀਤ ਸਿੰਘ ਜੀਕੇ, ਸ. ਪਰਮਜੀਤ ਸਿੰਘ ਸਰਨਾ ਬਨਾਮ ਸ. ਪ੍ਰਹਿਲਾਦ ਸਿੰਘ ਚੰਢੋਕ, ਸ. ਪਰਮਜੀਤ ਸਿੰਘ ਸਰਨਾ ਬਨਾਮ ਸ. ਗੁਰਮੀਤ ਸਿੰਘ ਸ਼ੰਟੀ ਆਦਿ ਬੀਤੇ ਦੀਆਂ ਕੁਝ-ਇੱਕ ਉਦਾਹਰਣਾਂ ਸਾਡੇ ਸਾਹਮਣੇ ਹਨ। ਹੁਣ ਜਦਕਿ ਦਿੱਲੀ ਗੁਰਦੁਆਰਾ ਕਮੇਟੀ ਪੁਰ ਬਿਨਾ ਕਿਸੇ ਚੁਨੌਤੀ ਦੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਇੱਕ-ਛਤ੍ਰ ਸੱਤਾ ਕਾਇਮ ਹੈ, ਜ ਮਨਜੀਤ ਸਿੰਘ ਜੀਕੇ ਅਤੇ ਸ. ਮਨਜਿੰਂਦਰ ਸਿੰਘ ਸਿਰਸਾ ਵਿਚ ਤਾਲਮੇਲ ਦੀ ਘਾਟ ਹੋਣ ਦੀ ਚਰਚਾ ਦਬੀ ਜ਼ਬਾਨ ਵਿੱਚ ਸੁਣਨ ਨੂੰ ਮਿਲ ਰਹੀ ਹੈ।
ਦਿਲਚਸਪ ਗਲ ਇਹ ਹੈ ਕਿ ਪਹਿਲਾਂ ਤਾਂ ਇਹ ਮੰਨਿਆ ਜਾਂਦਾ ਸੀ ਕਿ ਦਿੱਲੀ ਦੀ ਸਿੱਖ ਰਾਜਨੀਤੀ ਪੁਰ ਆਪਣੀ ਪਕੜ ਮਜ਼ਬੂਤ ਬਣਾਈ ਰਖਣ ਲਈ ਸੋਚੀ-ਸਮਝੀ ਰਣਨੀਤੀ ਦੇ ਅਧੀਨ ਹੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜ. ਗੁਰਚਰਨ ਸਿੰਘ ਟੋਹੜਾ, ਸ਼੍ਰੋਮਣੀ ਅਕਾਲੀ ਦਲ, ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਨੂੰ, ਆਪੋ-ਆਪਣੇ ਵਫਾਦਾਰ ਹੋਣ ਦਾ ਲੇਬਲ ਲਗਾ, ਵੰਡੀ ਰਖਦੇ ਸਨ। ਜਦੋਂ ਕਦੀ ਉਨ੍ਹਾਂ ਵਿੱਚ ਟਕਰਾਉ ਹੋਣ ਦੇ ਸੰਕੇਤ ਮਿਲਦੇ ਤਾਂ ਦੋਵੇਂ ਨੇਤਾ ਆਪੋ-ਆਪਣੇ ਵਫਾਦਾਰਾਂ ਪਾਸੋਂ ਫੈਸਲਾ ਕਰਨ ਦਾ ਅਧਿਕਾਰ ਪ੍ਰਾਪਤ ਕਰ, ਇੱਕ ਬੰਦ ਕਮਰੇ ਵਿੱਚ ਕੁਝ ਦੇਰ ਲਈ ਜਾ ਬੈਠਦੇ। ਜਦੋਂ ਬਾਹਰ ਆਉਂਦੇ ਤਾਂ ਦੋਹਾਂ ਗੁਟਾਂ ਦੇ ਮੁੱਖੀਆਂ ਨੂੰ ਆਪਣੇ ਸੱਜੇ-ਖਬੇ ਬਿਠਾ, ਪ੍ਰਦੇਸ਼ ਇਕਾਈ ਦੇ ਗਠਨ ਵਿੱਚ ਕੁਝ ਫੇਰ-ਬਦਲ ਕਰ, ਜੈਕਾਰਾ ਲਗਵਾ ਉਨ੍ਹਾਂ ਵਿੱਚ ਸਮਝੌਤਾ ਹੋ ਜਾਣ ਦਾ ਐਲਾਨ ਕਰ ਦਿੰਦੇ। ਅਸਲ ਵਿੱਚ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ। ਹੁਣ ਜਦਕਿ ਜ. ਗੁਰਚਰਨ ਸਿੰਘ ਟੋਹੜਾ ਨਹੀਂ ਹਨ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਹੀ ਦਲ ਦੇ ਸਰਵੇ-ਸਰਵਾ ਹਨ, ਅਜਿਹੇ ਹਾਲਤ ਵਿੱਚ ਦਿੱਲੀ ਪ੍ਰਦੇਸ਼ ਦੇ ਬਾਦਲ ਅਕਾਲੀ ਦਲ ਦੇ ਮੁੱਖੀਆਂ ਦਾ ਗੁਟਾਂ ਵਿੱਚ ਵੰਡਿਆਂ ਹੋਣਾ, ਹੈਰਾਨੀ ਹੀ ਨਹੀਂ, ਸਗੋਂ ਇਹ ਸਵਾਲ ਵੀ ਪੈਦਾ ਕਰਦਾ ਹੈ ਕਿ ਕੀ ਹੁਣ ਵੀ ਉਹ ਦੋਵੇਂ (ਸੀਨੀਅਰ ਅਤੇ ਜੂਨੀਅਰ ਬਾਦਲ) ਆਪਣਾ ਦਬ-ਦਬਾ ਬਣਾਈ ਰਖਣ ਦੇ ਉਦੇਸ਼ ਨਾਲ ਹੀ ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਨੂੰ ਆਪੋ ਵਿੱਚ ਵੰਡੀ ਰਖਣਾ ਚਾਹੁੰਦੇ ਹਨ?
ਦੋਹਰਾ ਮਾਪਦੰਡ ਅਪਨਾਣ ਦਾ ਦੋਸ਼ : ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਸਬੰਧਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਗੁਰਲਾਡ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੁਖੀਆਂ ਪੁਰ ਦੋਹਰੇ ਮਾਪਦੰਡ ਅਪਨਾਣ ਦਾ ਦੋਸ਼ ਲਾਂਦਿਆਂ, ਦਲ ਦੇ ਆਪਣੇ ਸਾਰੇ ਅਹੁਦਿਆਂ ਸਹਿਤ ਦਲ ਦੀ ਮੁਢਲੀ ਮੈਂਬਰਸ਼ਿਪ ਤਕ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਦਸਿਆ ਗਿਆ ਹੈ ਕਿ ਸ. ਗੁਰਲਾਡ ਸਿੰਘ ਨੇ ਆਪਣੇ ਅਸਤੀਫੇ ਵਿੱਚ ਜਿਥੇ ਅਕਾਲੀ ਦਲ ਅਤੇ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਪੁਰ ਨਿਜੀ ਰਾਜਨੀਤੀ ਵਿੱਚ ਗੁਰਦੁਆਰਾ ਕਮੇਟੀ ਦੇ ਸਟਾਫ ਅਤੇ ਹੋਰ ਸਾਧਨਾਂ ਦੀ ਵਰਤੋਂ ਕੀਤੇ ਜਾਣ ਦਾ ਦੋਸ਼ ਲਾਇਆ ਹੈ, ਉਥੇ ਹੀ ਉਨ੍ਹਾਂ ਵਿਰੋਧੀਆਂ (ਕੈਪਟਨ) ਵਲੋਂ ਸਿੱਖਾਂ ਦੀਆਂ ਭਾਵਨਾਵਾਂ ਤੇ ਸੱਟ ਮਾਰੇ ਜਾਣ ਦੇ ਵਿਰੁਧ ਮੁਜ਼ਾਹਿਰੇ ਕਰਨ, ਬਿਆਨ ਦੇਣ, ਪ੍ਰੰਤੂ ਆਪਣੇ ਲੋਕਾਂ (ਮਜੀਠੀਆ) ਵਲੋਂ ਗੁਰਬਾਣੀ ਬਦਲਣ ਦੇ ਕੀਤੇ ਗਏ ਭਾਰੀ ਗੁਨਾਹ ਦੇ ਵਿਰੁਧ ‘ਆਹ!’ ਤਕ ਨਾਹਰਾ ਨਾ ਮਾਰਨ ਪੁਰ ਇਤਰਾਜ਼ ਦਰਜ ਕਰਵਾਂਦਿਆਂ ਕਿਹਾ ਹੈ, ਕਿ ਇਸਤੋਂ ਸਪਸ਼ਟ ਹੋ ਜਾਂਦਾ ਹੈ ਕਿ ਦਿੱਲੀ ਦੇ ਸਿੱਖਾਂ ਨੇ ਜਿਸ ਵਿਸ਼ਵਾਸ ਨਾਲ ਉਨ੍ਹਾਂ ਨੂੰ ਗੁਰਦੁਆਰਾ ਕਮੇਟੀ ਦੀ ਸੱਤਾ ਸੌਂਪੀ ਹੈ, ਉਹ ਉਸ ਵਿਸ਼ਵਾਸ ਪੁਰ ਪੂਰਿਆਂ ਉਤਰਨ ਵਿੱਚ ਅਸਫਲ ਰਹਿ ਰਹੇ ਹਨ, ਜੋ ਕਿ ਦਿੱਲੀ ਦੇ ਸਿੱਖ ਨਾਲ ਹੀ ਨਹੀਂ, ਸਗੋਂ ਗੁਰੂ ਨਾਲ ਵੀ ਵਿਸ਼ਵਾਸਘਾਤ ਹੈ, ਜਿਸ ਵਿੱਚ ਉਹ (ਸ. ਗੁਰਲਾਡ ਸਿੰਘ) ਹਿਸੇਦਾਰ ਬਣਨ ਲਈ ਤਿਆਰ ਨਹੀਂ।
…ਅਤੇ ਅੰਤ ਵਿੱਚ : ਗੁਰੂ ਨਾਨਕ ਦੇਵ ਐਜੂਕੇਸ਼ਨਲ ਟ੍ਰਸੱਟ ਹੈਦਰਾਬਾਦ ਦੇ ਮੁੱਖੀ ਸ. ਨਾਨਕ ਸਿੰਘ ਨਿਸ਼ਤਰ ਨੇ ਆਪਣੀ ਬੁਕਲਿਟ ‘ਸਿੱਖ ਦਾ ਮੂੰਹ ਅਤੇ ਰੁਮਾਲੇ ਦੀ ਭੇਟਾ : ਨਿਰਾਦਰ ਬੰਦ ਕਰੋ’ ਵਿੱਚ ਇੱਕ ਅਸਥਾਨ ਪੁਰ ਲਿਖਿਆ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਸਿੱਖਾਂ ਨੂੰ ਆਦੇਸ਼ ਦਿੱਤੇ ਕਿ ਹਥਿਆਰ ਅਤੇ ਘੋੜੇ ਭੇਟਾ ਕੀਤੇ ਜਾਣ। ਦਸਵੰਧ ਦੀ ਵਰਤੋਂ ਫੌਜ ਰਖਣ, ਕਿਲ੍ਹੇ ਬਨਵਾਣ ਅਤੇ ਜੰਗੀ ਸਾਮਾਨ ਖਰੀਦਣ ਲਈ ਕੀਤੀ ਜਾਂਦੀ। ਗੁਰੂ ਸਾਹਿਬ ਨੇ ਇਸੇ ਫੰਡ ਵਿਚੋਂ ਗੁਰਦੁਆਰੇ, ਮੰਦਿਰ ਅਤੇ ਮਸਜਿਦ ਬਣਵਾਏ। ਗੁਰਦਾਸਪੁਰ ਜ਼ਿਲੇ ਦੇ ਇੱਕ ਪਿੰਡ ਹਰਿਗੋਬਿੰਦ ਪੁਰੀ ਵਿੱਚ ਮੁਸਲਮਾਨਾਂ ਲਈ ਇੱਕ ਮਸੀਤ ਬਣਵਾਈ, ਜੋ ‘ਗਰੂ ਕੀ ਮਸੀਤ’ ਦੇ ਨਾਂ ਨਾਲ ਮਸ਼ਹੂਰ ਹੈ। ਹਿੰਦੁਸਤਾਨ ਦੇ ਬਟਵਾਰੇ ਵੇਲੇ ਇਥੋਂ ਦੇ ਵਸਨੀਕ ਮੁਸਲਮਾਨਾਂ ਦੇ ਪਿੰਡ ਛੱਡ ਕੇ ਪਾਕਿਸਤਾਨ ਚਲੇ ਜਾਣ ਤੋਂ ਬਾਅਦ ਇਹ (ਮਸੀਤ) ਵਿਰਾਨ ਹੋ ਗਈ। ਜਿਸਨੂੰ ਆਪਣੇ ਕਬਜ਼ੇ ਵਿੱਚ ਲੈ, ਸਥਾਨਕ ਸਿੱਖਾਂ ਨੇ ਗੁਰਦੁਆਰੇ ਵਿੱਚ ਤਬਦੀਲ ਕਰ ਦਿੱਤਾ ਅਤੇ ਇਸਦਾ ਨਾਂ ‘ਗੁਰਦੁਆਰਾ ਗੁਰੂ ਕੀ ਮਸੀਤ’ ਰਖ ਲਿਆ। ਜਦੋਂ 2003 ਵਿੱਚ ਕੁਝ ਮੁਸਲਮਾਣ ਉਥੇ ਵਸਣ ਲਈ ਵਾਪਸ ਆ ਗਏ ਤਾਂ ਸਿੱਖਾਂ ਨੇ ਉਨ੍ਹਾਂ ਵਲੋਂ ਬਿਨਾ ਮੰਗਿਆਂ ਹੀ ਗੁਰਦੁਆਰਾ ਖਾਲੀ ਕਰ ਕੇ ਮੁਸਲਮਾਨਾਂ ਦੇ ਹਵਾਲੇ ਕਰ ਦਿੱਤਾ ਅਤੇ ‘ਗੁਰੂ ਕੀ ਮਸੀਤ’ ਦੀ ਸ਼ਾਨ ਦੁਬਾਰਾ ਬਹਾਲ ਕਰ ਦਿੱਤੀ। ਉਨ੍ਹਾਂ ਹੋਰ ਲਿਖਿਆ ਕਿ ਇਸ ਦੇਸ਼ ਵਿੱਚ ਜਿਥੇ ਮੰਦਿਰ ਮਸਜਿਦ ਦੇ ਝਗੜਿਆਂ ਨੇ ਲੋਕਾਂ ਦਾ ਚੈਨ ਖੋਹ ਲਿਆ ਹੈ ਅਤੇ ਖਾਨਾਜੰਗੀ (ਸਿਵਲ ਵਾਰ) ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ, ਉਥੇ ਸਿੱਖਾਂ ਨੇ ਇਹ ਕਦਮ ਚੁਕ ਕੇ ਸਾਰੀ ਦੁਨੀਆਂ ਵਿੱਚ ਆਪਣੇ ਤੋਰ ਤੇ ਅਨੌਖੀ ਮਿਸਾਲ ਕਾਇਮ ਕੀਤੀ।
ਦਿੱਲੀ ਦੀ ਸਿੱਖ ਰਾਜਨੀਤੀ ਦਾ ਇੱਕ ਦੁਖਦਾਈ ਪਹਿਲੂ
This entry was posted in ਲੇਖ.