ਪਟਿਆਲਾ-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਡੀਕੇਟ ਰੂਮ ਵਿੱਚ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਉਜਾਗਰ ਸਿੰਘ ਦੀ ਪੁਸਤਕ ਪਟਿਆਲਾ ਵਿਰਾਸਤ ਦੇ ਰੰਗ ਡਾ.ਜਸਪਾਲ ਸਿੰਘ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਜਾਰੀ ਕੀਤੀ। ਇਸ ਮੌਕੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਪੁਸਤਕ ਪਟਿਆਲਾ ਰਿਆਸਤ ਦੇ ਸਾਹਿਤਕ,ਸਭਿਆਚਾਰਕ,ਸਪੋਰਟਸ,ਵਿਦਿਅਕ,ਡਾਕਟਰੀ,ਸਮਾਜ ਸੇਵਾ, ਕਲਾ,ਜਾਂਬਾਜ਼ ਫ਼ੌਜੀਆਂ ਅਤੇ ਇਤਿਹਾਸਕ ਖੇਤਰਾਂ ਵਿੱਚ ਵਿਲੱਖਣ ਕੰਮ ਕਰਨ ਵਾਲੀਆਂ ਨਾਮਵਰ ਸ਼ਖ਼ਸ਼ੀਅਤਾਂ ਵਲੋਂ ਪਾਏ ਗਏ ਮਹੱਤਵਪੂਰਨ ਯੋਗਦਾਨ ਬਾਰੇ ਵਿਸਤਾਰ ਪੂਰਬਕ ਜਾਣਕਾਰੀ ਦਿੰਦੀ ਹੈ। ਇਤਿਹਾਸ ਦੇ ਖੋਜੀਆਂ ਲਈ ਇਹ ਇੱਕ ਦਸਤਾਵੇਜੀ ਅਤੇ ਰੈਫਰੈਂਸ ਬੁਕ ਦੇ ਤੌਰ ਤੇ ਸਹਾਈ ਹੋਵੇਗੀ ਕਿਉਂਕਿ ਪਟਿਆਲਾ ਪੈਪਸੂ ਦੀ ਸਭਿਆਚਾਰਕ ਰਾਜਧਾਨੀ ਤੇ ਤੌਰ ਤੇ ਜਾਣੀ ਜਾਂਦੀ ਹੈ। ਇਹ ਪੁਸਤਕ ਸਿਰਫ ਰੇਖਾ ਚਿਤਰਾਂ ਦੇ ਤੌਰ ਤੇ ਨਹੀਂ ਸਗੋਂ ਇਨਸਾਈਕਲੋਪੀਡੀਆ ਦੇ ਤੌਰ ਤੇ ਸਾਰਥਕ ਸਾਬਤ ਹੋਵੇਗੀ। ਉਜਾਗਰ ਸਿੰਘ ਨੂੰ ਵਧਾਈ ਦਿੰਦਿਆਂ ਉਹਨਾਂ ਅੱਗੋਂ ਕਿਹਾ ਕਿ ਉਹ ਜੇ ਚਾਹੁਣ ਤਾਂ ਇਸ ਖੇਤਰ ਵਿਚ ਹੋਰ ਪੁਸਤਕਾਂ ਲਿਖਣ ,ਪੰਜਾਬੀ ਯੂਨੀਵਰਸਿਟੀ ਉਹਨਾਂ ਨੂੰ ਸਹਿਯੋਗ ਦੇਣ ਵਿਚ ਖ਼ੁਸ਼ੀ ਮਹਿਸੂਸ ਕਰੇਗੀ। ਪਟਿਆਲਾ ਘਰਾਣੇ ਦਾ ਸੰਗੀਤ,ਸਭਿਆਚਾਰ ਅਤੇ ਸੰਗੀਤ ਦੇ ਖੇਤਰ ਵਿਚ ਵਿਲੱਖਣ ਯੋਗਦਾਨ ਹੈ। ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਅਤੇ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪਟਿਆਲਾ ਰਿਆਸਤ ਦੇ 53 ਉਹਨਾਂ ਵਿਅਕਤੀਆਂ ਜਿਹਨਾਂ ਨੇ ਇਤਿਹਾਸ ਵਿਚ ਆਪਣੀ ਵੱਖਰੀ ਪਛਾਣ ਬਣਾਕੇ ਸਥਾਨ ਪ੍ਰਾਪਤ ਕੀਤਾ ਹੈ ਦੇ ਬਾਰੇ ਵਿਲੱਖਣ ਜਾਣਕਾਰੀ ਭਰਪੂਰ ਪੁਸਤਕ ਹੈ, ਜਿਸਤੋਂ ਇਤਿਹਾਸ ਦੇ ਖੋਜੀ ਵਿਦਿਅਰਥੀ ਭਵਿਖ ਵਿਚ ਖੋਜ ਕਰਨ ਲਈ ਲਾਭ ਲੈ ਸਕਣਗੇ। ਉਹਨਾਂ ਉਜਾਗਰ ਸਿੰਘ ਦੀ ਪ੍ਰਸੰਸਾ ਕਰਦਿਆਂ ਅੱਗੋਂ ਕਿਹਾ ਕਿ ਉਹ ਆਸ ਕਰਦੇ ਹਨ ਕਿ ਉਹ ਆਪਣੀ ਕਲਮ ਦਾ ਸਫਰ ਜਾਰੀ ਰੱਖਣਗੇ। ਪ੍ਰੋ.ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਇਤਿਹਾਸਕ ਖੋਜੀ ਪੁਸਤਕ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਦਮ ਜਾਰੀ ਰਹਿਣੇ ਚਾਹੀਦੇ ਹਨ। ਡਾ.ਹਰਜਿੰਦਰ ਸਿੰਘ ਵਾਲੀਆ ਚੇਅਰਮੈਨ ਗਲੋਬਲ ਪੰਜਾਬ ਫ਼ਾਊਂਡੇਸ਼ਨ ਨੇ ਪੁਸਤਕ ਦੇ ਵੱਖ ਵੱਖ ਪੱਖਾਂ ਤੇ ਭਰਪੂਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪੁਸਤਕ ਨਵੇਕਲੀ ਕਿਸਮ ਦੀ ਹੈ ,ਜਿਸ ਵਿਚ ਲੇਖਕ ਨੇ ਸਾਰੀਆਂ ਸ਼ਖ਼ਸ਼ੀਅਤਾਂ ਦੇ ਵਿਅਕਤਿਤਵ ਦੀ ਨਿਰਪੱਖ ਹੋ ਕੇ ਜਾਣਕਾਰੀ ਦਿੱਤੀ ਹੈ। ਇਹ ਪੁਸਤਕ ਸਭਿਆਚਾਰਕ ਅਤੇ ਸਾਹਿਤਕ ਸੰਸਥਾ ਕਲਾਕ੍ਰਿਤੀ ਨੇ ਪ੍ਰਕਾਸ਼ਤ ਕਰਵਾਈ ਹੈ। ਇਸ ਦੀ ਪ੍ਰਕਾਸ਼ਨਾ ਵਿਚ ਪਰਮਿੰਦਰਪਾਲ ਕੌਰ ਡਾਇਰੈਕਟਰ ਕਲਾ ਕ੍ਰਿਤੀ ਅਤੇ ਪ੍ਰੋ.ਕਿਰਪਾਲ ਕਜ਼ਾਕ ਦਾ ਮਹੱਤਵਪੂਰਨ ਯੋਗਦਾਨ ਹੈ। ਕਲਾਕ੍ਰਿਤੀ ਦੇ ਪ੍ਰਧਾਨ ਅਵਤਾਰ ਸਿੰਘ ਅਰੋੜਾ ਨੇ ਆਏ ਮਹਿਮਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲਾਕ੍ਰਿਤੀ ਅਜਿਹੇ ਕਾਰਜ ਜ਼ਾਰੀ ਰੱਖੇਗੀ। ਇਸ ਮੌਕੇ ਤੇ ਪ੍ਰੋ.ਐਸ.ਸੀ.ਸ਼ਰਮਾ,ਸੁਮਨ ਬਤਰਾ ਅਤੇ ਪ੍ਰਸਿਧ ਸਮਾਜ ਸੇਵਿਕਾ ਸਤਿੰਦਰਪਾਲ ਕੌਰ ਨੇ ਕਲਾਕ੍ਰਿਤੀ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੋਭਾ ਵਧਾਉਣ ਵਾਲਿਆਂ ਵਿਚ ਡਾ.ਜਸਵਿੰਦਰ ਸਿੰਘ ਡੀਨ ਅਕਾਦਮਿਕ,ਡਾ.ਦੀਪਕ ਮਨਮੋਹਨ ਸਿੰਘ,ਕੁਲਵੰਤ ਸਿੰਘ ਗਰੇਵਾਲ,ਡਾ.ਬਲਕਾਰ ਸਿੰਘ,ਡਾ.ਪਿਆਰੇ ਮੋਹਨ,ਡਾ.ਗੁਰਨਾਮ ਸਿੰਘ,ਡਾ.ਰਾਜਿੰਦਰਪਾਲ ਸਿੰਘ ਬਰਾੜ,ਡਾ.ਹਰਕੇਸ਼ ਸਿੰਘ ਸਿੱਧੂ,ਡਾ.ਰਵੀ ਭੂਸ਼ਨ,ਡਾ.ਸੁਰਜੀਤ ਸਿੰਘ ਭੱਟੀ,ਪੰਮੀ ਬਾਈ,ਡਾ.ਭੀਮਇੰਦਰ ਸਿੰਘ,ਜਸਪਾਲ ਸਿੰਘ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਪਟਿਆਲਾ,ਡਾ.ਦਰਸ਼ਨ ਸਿੰਘ ਆਸ਼ਟ ,ਡਾ.ਚਰਨਜੀਤ ਕੌਰ,ਡਾ.ਡਾ.ਜਮਸ਼ੈਦ ਅਲੀ ਖ਼ਾਂ,ਡਾ.ਨੈਂਨਸੀ ਦਵਿੰਦਰ ਕੌਰ ਆਦਿ ਸ਼ਾਮਲ ਸਨ। ਇਸ ਪੁਸਤਕ ਦਾ ਡਿਜ਼ਾਈਨ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੀ ਲੈਕਚਰਾਰ ਜੈਸਮੀਨ ਕੌਰ ਨੇ ਬਣਾਇਆ ਹੈ।