ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸਥਿਤ ਮੈਨੇਜਮੈਂਟ ਅਤੇ ਐਕਸਟੈਨਸ਼ਨ ਟ੍ਰੇਨਿੰਗ ਇੰਸਟੀਚਿਊਟ (ਪਾਮੇਟੀ) ਵਿਖੇ ਇੱਕ ਰੋਜ਼ਾ ਸਿੱਧੀ ਬਿਜਾਈ ਸੰਬੰਧੀ ਸਿਖਲਾਈ ਕੋਰਸ ਆਯੋਜਿਤ ਕੀਤਾ ਗਿਆ । ਇਸ ਸਿਖਲਾਈ ਕੋਰਸ ਵਿੱਚ ਸਕੱਤਰ ਖੇਤੀਬਾੜੀ ਪੰਜਾਬ ਡਾ. ਕਾਹਨ ਸਿੰਘ ਪਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਸੰਯੁਕਤ ਨਿਰਦੇਸ਼ਕ ਡਾ. ਬੀ.ਐਸ. ਸੋਹਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਪ੍ਰੋਗਰਾਮ ਵਿੱਚ 100 ਤੋਂ ਵੱਧ ਪਸਾਰ ਮਾਹਿਰਾਂ ਨੇ ਭਾਗ ਲਿਆ ।
ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ. ਪਨੂੰ ਨੇ ਬੋਲਦਿਆਂ ਕਿਹਾ ਕਿ ਖੋਜਾਂ ਦਾ ਮੁੱਖ ਟੀਚਾ ਕੁਦਰਤੀ ਸੋਮਿਆਂ ਦਾ ਚੰਗੇਰਾ ਰੱਖ ਰਖਾਵ ਅਤੇ ਕਿਸਾਨਾਂ ਦੀ ਜ਼ਿਆਦਾ ਆਮਦਨ ਹੋਣਾ ਚਾਹੀਦਾ ਹੈ । ਉਨ੍ਹਾਂ ਵਿਸ਼ੇਸ਼ ਤੌਰ ਤੇ ਖਾਦਾਂ ਤੇ ਹੋਣ ਵਾਲੇ ਖਰਚੇ ਨੂੰ ਠੱਲ੍ਹ ਪਾਉਣ ਸੰਬੰਧੀ ਕਿਹਾ ਅਤੇ ਪਸਾਰ ਮਾਹਿਰਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਖਾਦਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਪ੍ਰੇਰਿਤ ਕਰਨ । ਮੁਢਲੀਆਂ ਲਾਗਤਾਂ ਦੀ ਕਟੌਤੀ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਬਹੁਤ ਅਨੁਕੂਲ ਹੈ । ਉਨ੍ਹਾਂ ਦੱਸਿਆ ਕਿ ਇਸ ਵਿਧੀ ਰਾਹੀਂ ਨਦੀਨਾਂ ਦਾ ਚੰਗੇਰਾ ਪ੍ਰਬੰਧ ਵੀ ਸਮੇਂ ਨਾਲ ਸੰਭਵ ਹੋ ਸਕਿਆ ਹੈ । ਉਨ੍ਹਾਂ ਇਸ ਗੱਲ ਲਈ ਪਸਾਰ ਮਾਹਿਰਾਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਦੇ ਉਪਰਾਲਿਆਂ ਸਦਕਾ ਪੰਜਾਬ ਦਾ 70 ਫੀਸਦੀ ਰਕਬਾ ਲੇਜਰ ਲੈਂਡ ਲੈਵਲਰ ਨਾਲ ਪੱਧਰਾ ਕੀਤਾ ਜਾ ਸਕਿਆ ਹੈ ।
ਇਸ ਮੌਕੇ ਪਾਮੇਟੀ ਦੇ ਨਿਰਦੇਸ਼ਕ ਡਾ. ਹਰਜੀਤ ਸਿੰਘ ਧਾਲੀਵਾਲ ਨੇ ਜੀ ਆਇਆਂ ਦੇ ਸ਼ਬਦ ਬੋਲਦਿਆਂ ਕਿਹਾ ਕਿ ਪਾਣੀ ਦਾ ਡਿੱਗਦਾ ਪੱਧਰ, ਮਿੱਟੀ ਦੀ ਸਿਹਤ ਵਿੱਚ ਆ ਰਿਹਾ ਵਿਗਾੜ, ਵਧਦੀਆਂ ਮੁਢਲੀਆਂ ਲਾਗਤਾਂ, ਵਾਤਾਵਰਣ ਵਿੱਚ ਆ ਰਿਹਾ ਨਿਘਾਰ ਆਦਿ ਸਮੱਸਿਆਵਾਂ ਸਮੇਂ ਦੀਆਂ ਮੁੱਖ ਚੁਣੌਤੀਆਂ ਹਨ । ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਨਾਲ ਅਸੀਂ ਆਪਣੇ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰ ਸਕਦੇ ਹਾਂ । ਉਨ੍ਹਾਂ ਕਿਹਾ ਕਿ ਅਸੀਂ ਇਸ ਨਾਲ ਮਜ਼ਦੂਰੀ ਤੇ ਹੋਣ ਵਾਲਾ ਖਰਚਾ ਘਟਾ ਸਕਦੇ ਹਾਂ ਅਤੇ ਊਰਜਾ ਅਤੇ ਪਾਣੀ ਦੀ ਬਚਤ ਵੀ ਕਰ ਸਕਦੇ ਹਾਂ । ਡਾ. ਸੋਹਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ ਦਾ ਮੁੱਖ ਟੀਚਾ ਬਲਾਕ ਪੱਧਰੀ ਅਫ਼ਸਰਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਜਾਣੂੰ ਕਰਵਾਉਣਾ ਹੈ ਤਾਂ ਜੋ ਉਹ ਵੱਧ ਤੋਂ ਵੱਧ ਕਿਸਾਨਾਂ ਤੱਕ ਇਸ ਬਾਰੇ ਜਾਣਕਾਰੀ ਸਾਂਝੀ ਕਰ ਸਕਣ । ਧੰਨਵਾਦ ਦੇ ਸ਼ਬਦ ਬੋਲਦਿਆਂ ਉਨ੍ਹਾਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਰਾਖੀ ਕਰਨਾ ਸਮੇਂ ਦੀ ਮੁੱਖ ਮੰਗ ਹੈ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਿਗਿਆਨੀ ਡਾ. ਮੱਖਣ ਸਿੰਘ ਭੁਲਰ, ਡਾ. ਸੋਹਣ ਸਿੰਘ ਵਾਲੀਆ, ਡਾ. ਐਸ ਐਸ ਕੁੱਕਲ ਨੇ ਵੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ।
ਕੁਦਰਤੀ ਸੋਮਿਆਂ ਦੇ ਚੰਗੇਰੇ ਰੱਖ ਰਖਾਵ ਅਤੇ ਕਿਸਾਨਾਂ ਦੀ ਆਮਦਨ ‘ਚ ਵਾਧਾ ਮੁੱਖ ਟੀਚੇ : ਡਾ. ਪਨੂੰ
This entry was posted in ਖੇਤੀਬਾੜੀ.