ਨਵੀਂ ਦਿੱਲੀ – ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਰਾਸ਼ਟਰ ਦੇ ਨਾਂ ਇੱਕ ਭਾਵੁਕ ਸੰਦੇਸ਼ ਦਿੱਤਾ।ਉਨ੍ਹਾਂ ਨੇ ਆਪਣੇ ਸੰਖੇਪ ਜਿਹੇ ਭਾਸ਼ਣ ਦੌਰਾਨ ਕਿਹਾ ਕਿ ਮੇਰਾ ਜੀਵਨ ਅਤੇ ਕਾਰਜਕਾਲ ਇੱਕ ਖੁਲ੍ਹੀ ਕਿਤਾਬ ਹੈ। ੳੇਨ੍ਹਾਂ ਨੇ ਕਿਹਾ, ‘ ਮੈਨੂੰ ਜੋ ਕੁਝ ਵੀ ਮਿਲਿਆ ਇਸ ਦੇਸ਼ ਦੀ ਵਜ੍ਹਾ ਕਾਰਣ ਹੀ ਮਿਲਿਆ। ਇਸ ਦੇਸ਼ ਨੇ ਬਟਵਾਰੇ ਕਾਰਨ ਬੇਘਰ ਹੋਏ ਇੱਕ ਬੱਚੇ ਨੂੰ ਏਨੇ ਵੱਡੇ ਅਹੁਦੇ ਤੱਕ ਪਹੁੰਚਾਇਆ, ਮੈਂ ਇਸ ਕਦੇ ਵੀ ਇਸ ਕਰਜ਼ੇ ਨੂੰ ਨਹੀਂ ਉਤਾਰ ਸਕਦਾ।’
ਡਾ. ਮਨਮੋਹਨ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਕਿਹਾ, ‘ ਪਿਆਰੇ ਦੇਸ਼ਵਾਸੀਓ, ਅੱਜ ਪ੍ਰਧਾਨਮੰਤਰੀ ਦੇ ਰੂਪ ਵਿੱਚ ਮੈਂ ਆਖਰੀ ਵਾਰ ਸੰਬੋਧਨ ਕਰ ਰਿਹਾ ਹਾਂ। 10 ਸਾਲ ਪਹਿਲਾਂ ਇਸ ਜਿੰਮੇਵਾਰੀ ਨੂੰ ਸੰਭਾਲਣ ਸਮੇਂ ਮੈਂ ਪੂਰੀ ਮਿਹਨਤ ਨਾਲ ਕੰਮ ਕਰਨ ਅਤੇ ਸਚਾਈ ਦੇ ਰਸਤੇ ਤੇ ਚੱਲਣ ਦਾ ਸੰਕਲਪ ਲਿਆ ਸੀ। ਮੇਰੀ ਰੱਬ ਅੱਗੇ ਇਹੋ ਅਰਦਾਸ ਸੀ ਕਿ ਮੈਂ ਸਦਾ ਸਹੀ ਕੰਮ ਕਰਾਂ। ਅੱਜ ਜਦੋਂ ਪ੍ਰਧਾਨਮੰਤਰੀ ਦਾ ਅਹੁਦਾ ਛੱਡਣ ਦਾ ਸਮਾਂ ਆ ਗਿਆ ਹੈ ਤਾਂ ਮੈਨੂੰ ਅਹਿਸਾਸ ਹੈ ਕਿ ਰੱਬ ਦੇ ਆਖਰੀ ਫੈਂਸਲੇ ਤੋਂ ਪਹਿਲਾਂ, ਸਾਰੇ ਚੁਣੇ ਗਏ ਪ੍ਰਤੀਨਿਧੀਆਂ ਅਤੇ ਸਰਕਾਰਾਂ ਦੇ ਕੰਮ ਤੇ ਜਨਤਾ ਦੀ ਅਦਾਲਤ ਵੀ ਨਿਰਣਾ ਕਰਦੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਆਪਨੇ ਜੋ ਵੀ ਫੈਸਲਾ ਦਿੱਤਾ ਹੈ,ਸਾਨੂੰ ਸੱਭ ਨੂੰ ਉਸ ਦਾ ਆਦਰ ਕਰਨਾ ਚਾਹੀਦਾ ਹੈ।’
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ 10 ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਨੇ ਹਰ ਖੇਤਰ ਵਿੱਚ ਉਨਤੀ ਕੀਤੀ। ਇਸ ਦਾ ਸਿਹਰਾ ਉਹ ਦੇਸ਼ ਦੀ ਜਨਤਾ ਨੂੰ ਦਿੰਦੇ ਹਨ। ਉਨ੍ਹਾਂ ਨੇ ਆਪਣੇ ਪੂਰੇ ਤਨ-ਮਨ ਨਾਲ ਇਸ ਮਹਾਨ ਦੇਸ਼ ਦੀ ਸੇਵਾ ਕਰਨ ਦੀ ਕੋਸਿ਼ਸ਼ ਕੀਤੀ ਹੈ।
ਪ੍ਰਧਾਨਮੰਤਰੀ ਨੇ ਕਿਹਾ ਕਿ ਅਹੁਦਾ ਛੱਡਣ ਤੋਂ ਬਾਅਦ ਵੀ ਆਪਦੇ ਪਿਆਰ ਅਤੇ ਮੁਹੱਬਤ ਦੀ ਯਾਦ ਸਦਾ ਮੇਰੇ ਦਿਲ ਵਿੱਚ ਤਾਜ਼ਾ ਰਹੇਗੀ। ਜੋ ਸਨਮਾਨ ਇਸ ਦੇਸ਼ ਨੇ ਮੈਨੂੰ ਦਿੱਤਾ ਹੈ ਉਸ ਤੇ ਮੈਨੂੰ ਹਮੇਸ਼ਾ ਮਾਣ ਰਹੇਗਾ। ਮੈਨੂੰ ਪੱਕਾ ਵਿਸ਼ਵਾਸ਼ ਹੈ ਕਿ ਸਮਾਂ ਆ ਗਿਆ ਹੈ ਜਦੋਂ ਭਾਰਤ ਦੁਨੀਆਂ ਦੀ ਬਦਲਦੀ ਹੋਈ ਅਰਥਵਿਵਸਥਾ ਵਿੱਚ ਇੱਕ ਮਹੱਤਵਪੂਰਣ ਸ਼ਕਤੀ ਦੇ ਰੂਪ ਵਿੱਚ ਉਭਰੇਗਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀ ਸਰਕਾਰ ਲਈ ਮੇਰੀ ਇਹ ਸ਼ੁਭਕਾਮਨਾ ਹੈ ਕਿ ਉਹ ਆਪਣੇ ਕੰਮ-ਕਾਰ ਵਿੱਚ ਹਰ ਤਰ੍ਹਾਂ ਨਾਲ ਸਫਲ ਰਹੇ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਦੇਸ਼ ਦੇ ਨਾਂ ਭਾਵੁਕ ਸੰਦੇਸ਼
This entry was posted in ਭਾਰਤ.
about dastar sjaao lehr