ਪਟਨਾ – ਬਿਹਾਰ ਦੇ ਮੁੱਖਮੰਤਰੀ ਨਤੀਸ਼ ਵੱਲੋਂ ਦੋ ਦਿਨ ਪਹਿਲਾਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਸ਼ਰਦ ਯਾਦਵ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਡੀ (ਯੂ) ਨੇਤਾ ਜੀਤਨ ਰਾਮ ਮਾਂਝੀ ਹੁਣ ਨਵੇਂ ਮੁੱਖਮੰਤਰੀ ਹੋਣਗੇ। ਵਿਧਾਇਕ ਦਲ ਨੇ ਅਗਲੇ ਮੁੱਖਮੰਤਰੀ ਦੀ ਜਿੰਮੇਵਾਰੀ ਵੀ ਨਤੀਸ਼ ਨੂੰ ਹੀ ਸੌਂਪੀ ਸੀ। ਮਾਂਝੀ ਅਸਲ ਵਿੱਚ ਨਤੀਸ਼ ਦਾ ਬਹੁਤ ਹੀ ਕਰੀਬੀ ਮੰਨਿਆ ਜਾਂਦਾ ਹੈ।
ਮਾਂਝੀ ਮਹਾਂਦਲਿਤ ਵਰਗ ਨਾਲ ਸਬੰਧ ਰੱਖਦੇ ਹਨ ਅਤੇ ਬਹੁਤ ਅਰਸੇ ਤੋਂ ਬਾਅਦ ਕੋਈ ਮਹਾਂਦਲਿਤ ਬਿਹਾਰ ਦਾ ਮੁੱਖਮੰਤਰੀ ਬਣੇਗਾ।ਸੋਮਵਾਰ ਸ਼ਾਮ ਨੂੰ ਜੀਤਨ ਰਾਮ ਮਾਂਝੀ ਨੇ ਸ਼ਰਦ ਯਾਦਵ, ਨਤੀਸ਼ ਕੁਮਾਰ ਅਤੇ ਨਰਾਇਣ ਸਿੰਘ ਨਾਲ ਰਾਜਪਾਲ ਡਾ. ਡੀਵਾਈ ਪਾਟਿਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।ਰਾਜਪਾਲ ਨੂੰ 119 ਵਿਧਾਇਕਾਂ ਦਾ ਸਮਰਥਣ ਪੱਤਰ ਸੋਂਪਿਆ ਗਿਆ। ਇਸ ਸੂਚੀ ਵਿੱਚ ਦੋ ਆਜ਼ਾਦ ਵਿਧਾਇਕ ਵੀ ਸ਼ਾਮਿਲ ਹਨ। ਇਸ ਸਮੇਂ ਵਿਧਾਨ ਸਭਾ ਵਿੱਚ 239 ਮੈਂਬਰ ਹਨ।
ਜੀਤਨ ਰਾਮ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘ ਆਦਰਯੋਗ ਨਤੀਸ਼ ਨੇ ਜਿੰਨਾ ਚੰਗਾ ਕੰਮ ਕੀਤਾ ਹੈ ਅਤੇ ਸਮਾਜ ਵਿੱਚ ਜੋ ਵੀ ਪ੍ਰਤੀਕਿਰਿਆ ਹੋ ਰਹੀ ਹੈ, ਉਸ ਨੂੰ ਸੰਭਾਲਣਾ ਵੀ ਇੱਕ ਚੁਣੌਤੀ ਹੈ। ਉਨ੍ਹਾਂ ਦਾ ਮਾਰਗ-ਦਰਸ਼ਨ ਰਹੇਗਾ ਅਤੇ ਟੀਮ ਦੇ ਸਹਿਯੋਗ ਨਾਲ ਅਸੀਂ ਸਾਰੀਆਂ ਚੁਣੌਤੀਆਂ ਪਾਰ ਕਰ ਲਵਾਂਗੇ।’