ਅੰਮ੍ਰਿਤਸਰ: – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਤੇ ਸਿੱਖ ਮਸਲਿਆਂ ਸਬੰਧੀ ਆਪਣੇ ਵਫ਼ਦ ਸਮੇਤ ਪਾਕਿਸਤਾਨ ਜਾ ਕੇ ਲਹਿੰਦੇ ਪੰਜਾਬ ਦੇ ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਰਾਜਾ ਅਸ਼ਫਾਕ ਸਰਵਰ ਨਾਲ ਲਾਹੌਰ ‘ਚ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ।
ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ‘ਚ ਘੱਟ ਗਿੱਣਤੀ ਸਿੱਖ ਭਾਈਚਾਰੇ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ, ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਜਾਂਦੇ ਜਥਿਆਂ ਨੂੰ ਬਣਦਾ ੬੦% ਕੋਟੇ ਅਨੁਸਾਰ ਵੀਜੇ ਜਾਰੀ ਕਰਨ, ਗ੍ਰੰਥੀ ਤੇ ਪਾਠੀ ਸਿੰਘਾਂ ਦਾ ਅਦਾਨ-ਪ੍ਰਦਾਨ, ਵੀਜਾ ਪ੍ਰਣਾਲੀ ਸਰਲ ਕਰਨ ਲਈ ਅੰਮ੍ਰਿਤਸਰ ਤੇ ਲਾਹੌਰ ਵਿਖੇ ਵੀਜਾ ਸੈਂਟਰ ਖੋਲ੍ਹਣ ਤੇ ਗੁਰਧਾਮਾਂ ਦੀਆਂ ਜਮੀਨ/ਜਾਇਦਾਦਾਂ ਜਿਹੇ ਮਸਲਿਆਂ ਬਾਰੇ ਰਾਜਾ ਅਸ਼ਫਾਕ ਸਰਵਰ ਨੂੰ ਜਾਣਕਾਰੀ ਦਿੱਤੀ। ਅਸ਼ਫਾਕ ਸਰਵਰ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵਫਦ ਨੂੰ ਬੜੇ ਧਿਆਨ ਨਾਲ ਸੁਣਿਆਂ ਤੇ ਸਾਰੇ ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹਲ ਕਰਨ ਦਾ ਭਰੋਸਾ ਦਿੱਤਾ। ਇਸ ਤੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਹਿਬਾਜ ਸ਼ਰੀਫ ਵੱਲੋਂ ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਨੇ ਜਥੇਦਾਰ ਅਵਤਾਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਉਪਰੰਤ ਜਥੇਦਾਰ ਅਵਤਾਰ ਸਿੰਘ ਨੇ ਰਾਜਾ ਅਸ਼ਫਾਕ ਸਰਵਰ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਜਿਕਰਯੋਗ ਹੈ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਪਾਕਿਸਤਾਨ ਗਏ ਵਫ਼ਦ ਦੀ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਹਿਬਾਜ ਸ਼ਰੀਫ ਨਾਲ ਮੀਟਿੰਗ ਤੈਅ ਸੀ ਪ੍ਰੰਤੂ ਮੁੱਖ ਮੰਤਰੀ ਨੂੰ ਅਚਾਨਕ ਚੀਨ ਦੇ ਦੌਰੇ ਤੇ ਜਾਣ ਕਰਕੇ ਉਨ੍ਹਾਂ ਵੱਲੋਂ ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਨੇ ਮੁਲਾਕਾਤ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਸਦ-ਭਾਵਨਾ ਭਰੇ ਮਾਹੌਲ ‘ਚ ਹੋਈ।