ਕਾਬੁਲ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਚਾਨਕ ਹੀ ਐਤਵਾਰ ਨੂੰ ਅਫ਼ਗਾਨਿਸਤਾਨ ਪਹੁੰਚੇ। ਅਮਰੀਕੀ ਪ੍ਰਸ਼ਾਸਨ ਦੇ ਕਰਜ਼ਈ ਸਰਕਾਰ ਨਾਲ ਚੱਲ ਰਹੇ ਮੱਤਭੇਦ ਕਾਰਣ ਉਹ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਨੂੰ ਮਿਲੇ ਬਿਨਾਂ ਹੀ ਵਾਪਿਸ ਪਰਤ ਗਏ।
ਮੈਮੋਰੀਅਲ ਡੇ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਕਾਬੁਲ ਤੋਂ 50 ਕਿਲੋਮੀਟਰ ਉਤਰ ਵਿੱਚ ਸਥਿਤ ਬਗਰਾਮ ਹਵਾਈ ਸੈਨਾ ਦੇ ਅੱਡੇ ਤੇ ਆਪਣੇ ਸੈਨਿਕਾਂ ਨਾਲ ਕੁਝ ਘੰਟੇ ਬਿਤਾਉਣ ਤੋਂ ਬਾਅਦ ਯੂਐਸ ਵਾਪਿਸ ਆ ਗਏ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਆਫਿਸ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਕਰਜ਼ਈ ਨੇ ਓਬਾਮਾ ਨੂੰ ਬਗਰਾਮ ਵਿੱਚ ਮਿਲਣ ਤੋਂ ਮਨ੍ਹਾਂ ਕਰ ਦਿੱਤਾ ਸੀ। ਰਾਸ਼ਟਰਪਤੀ ਓਬਾਮਾ ਨੇ ਅਲਕਾਇਦਾ ਦੇ ਨੈਟਵਰਕ ਨੂੰ ਸਮਾਪਤ ਕਰਨ ਲਈ ਅਮਰੀਕੀ ਸੈਨਿਕਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਅੱਜ ਵੀ ਖਤਰਨਾਕ ਸਥਿਤੀ ਵਿੱਚ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦੀ ਹੀ ਇਹ ਫੈਂਸਲਾ ਲਿਆ ਜਾਵੇਗਾ ਕਿ ਅਫ਼ਗਾਨਿਸਤਾਨ ਵਿੱਚ ਹੁਣ ਕਿੰਨੇ ਅਮਰੀਕੀ ਸੈਨਿਕਾਂ ਨੂੰ ਛੱਡਣਾ ਹੈ। ਅਮਰੀਕੀ ਸੈਨਿਕ ਅਫ਼ਗਾਨੀ ਸੁਰੱਖਿਆ ਬਲਾਂ ਨੂੰ ਟਰੇਨਿੰਗ ਦੇਣਗੇ।