ਨਵੀਂ ਦਿੱਲੀ : ਫ਼ਿਲਮ ਨਿਰਮਾਤਾ ਬੱਬਲੀ ਸਿੰਘ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ 47 ਤੋਂ 84 ਦਾ ਵਿਸ਼ੇਸ਼ ਸ਼ੋ ਦਿੱਲੀ ਦੇ ਡਿਲਾਈਟ ਸਿਨੇਮਾ ਹਾਲ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਾਸਤੇ ਰੱਖਿਆ ਗਿਆ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਫ਼ਿਲਮ ਦੇ ਇਸ ਸ਼ੋ ਨੂੰ ਦੇਖਣ ਤੋਂ ਬਾਅਦ ਇਹੋ ਜਿਹੀਆਂ ਫ਼ਿਲਮਾਂ ਨੂੰ ਆਉਣ ਵਾਲੀ ਪਨੀਰੀ ਲਈ ਇਤਿਹਾਸ ਦੱਸਣ ਦਾ ਚੰਗਾ ਤਰੀਕਾ ਦੱਸਿਆ।
ਉਨ੍ਹਾਂ ਕਿਹਾ ਕਿ 1947 ਵਿਚ ਵੀ ਪੰਜਾਬੀਆਂ ਨੇ ਪਾਕਿਸਤਾਨ ਨਾਲ ਬਟਵਾਰੇ ਦਾ ਦਰਦ ਝੇਲਿਆ ਸੀ ਜਿਸ ਦੌਰਾਨ ਹਜ਼ਾਰਾਂ ਸਿੱਖਾਂ ਅਤੇ ਪੰਜਾਬੀਆਂ ਨੇ ਆਪਣੀ ਜਾਨ ਵੀ ਗਵਾਈ ਸੀ। ਇਸੇ ਤਰ੍ਹਾਂ ਹੀ 1984 ਵਿਚ ਵੀ ਹਜ਼ਾਰਾਂ ਸਿੱਖਾਂ ਨੇ ਕਤਲੇਆਮ ਦੇ ਦੰਸ਼ ਨੂੰ ਝੇਲਿਆ ਹੈ। ਜੀ.ਕੇ. ਨੇ ਕਿਹਾ ਕਿ ਬੱਬਲੀ ਸਿੰਘ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਜੋ ਕੋੌਮ ਦੇ ਸ਼ਹੀਦਾਂ ਦੀ ਯਾਦਾਂ ਨੂੰ ਇਕ ਫ਼ਿਲਮ ਦੇ ਮਾਧਿਅਮ ਨਾਲ ਜਿਉਂਦਾ ਕਰਦੇ ਹੋਏ ਇਤਿਹਾਸ ਦੀ ਜਾਣਕਾਰੀ ਦੇ ਰਹੇ ਹਨ। ਅੱਜ ਲੋੜ ਹੈ ਕੌਮ ਨੂੰ ਆਪਣੇ ਅੰਦਰ ਦੁਸ਼ਮਨਾ ਨੂੰ ਪਹਿਚਾਨਣ ਦੀ, ਤਾਂਕਿ ਆਉਣ ਵਾਲਾ ਸਮਾਂ ਕੌਮ ਲਈ ਸੁਖਾਵਾਂ ਹੋ ਸਕੇ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਅਕਾਲੀ ਆਗੂ ਗੁਰਮੀਤ ਸਿੰਘ ਬਾਬੀ ਨੇ ਉਚੇਚੇ ਤੌਰ ਤੇ ਫ਼ਿਲਮ ਦੀ ਸਟਾਰ ਕਾਸਟ ਨਾਲ ਮਿਲ ਕੇ ਫ਼ਿਲਮ ਨੂੰ ਬਨਾਉਣ ਦੌਰਾਨ ਆਈਆਂ ਪਰੇਸ਼ਾਨੀਆ ਦਾ ਵੀ ਜਾਇਜ਼ਾ ਲਿਆ।