ਅੰਮ੍ਰਿਤਸਰ:- ਰੁਹਾਨਿਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਰਵਾਨਿਤ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ।ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜੇ ਧਾਰਮਿਕ ਦਿਵਾਨਾ ਵਿੱਚ ਕਥਾ ਵਿਚਾਰਾਂ ਤੋਂ ਇਲਾਵਾ ਰਾਗੀ ,ਢਾਡੀ ਤੇ ਕਵੀਸ਼ਰੀ ਜੱਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਅਤੇ ਬੀਰ-ਰਸੀ ਵਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਏ ਮੁੱਖਵਾਕ ਦੀ ਕਥਾ ਉਪਰੰਤ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਤੇ ਜ਼ੁਲਮ ਤੇ ਅਨਿਆ ਸਬੰਧੀ ਲੜੀਵਾਰ ਸ਼ਹੀਦੀ ਪ੍ਰਸੰਗ ਦੀ ਕਥਾ ਦੀ ਸਮਾਪਤੀ ਉਪਰੰਤ ਭਾਈ ਸੁਖਦੇਵ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਨੇ ਅਰਦਾਸ ਕੀਤੀ ਤੇ ਭਾਈ ਮਾਨ ਸਿੰਘ ਗੰ੍ਰਥੀ ਨੇ ਮੁੱਖਵਾਕ ਲਿਆ।ਇਸ ਮੌਕੇ ਜਥੇਦਾਰ ਬਲਦੇਵ ਸਿੰਘ ਚੁੰਘਾ ਮੈਂਬਰ ਸ਼੍ਰੋਮਣੀ ਕਮੇਟੀ, ਸ। ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ,ਸ। ਗੁਰਾ ਸਿੰਘ ਮੀਤ ਮੈਨੇਜਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ-ਘਰ ‘ਚ ਹਾਜਰੀਆਂ ਭਰ ਕੇ ਜੀਵਨ ਸਫਲਾ ਕੀਤਾ।
ਇਸੇ ਤਰਾਂ ਪੰਚਪ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਏ ਜਾਣ ਸਬੰਧੀ ਜਾਣਕਾਰੀ ਦਿਂਦਿਆ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ।ਮਸਤਾਨ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ ਅੱਜ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸਾਹਿਬ ਭਾਈ ਜੋਗਾ ਸਿੰਘ ਜੀ ਪੇਸ਼ਾਵਰ ਤੋਂ ਇਲਾਵਾ ਸੂਬਾ ਸਿੰਧ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ ਉਪਰੰਤ ਧਾਰਮਿਕ ਦਿਵਾਨ ਸਜਾਏ ਗਏ ਉਨ੍ਹਾਂ ਦਸਿਆ ਕਿ ਇਸੇ ਤਰਾਂ ਪਾਕਿਸਤਾਨ ‘ਚ ਹੋਰ ਗੁਰਦੁਆਰਾ ਸਹਿਬਾਨ ਵਿਚ ਵੀ ਪੰਚਮ ਪਾਤਿਸ਼ਾਹ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ ਹੈ ਜਿਸ ਵਿੱਚ ਸਿੱਖ ਸੰਗਤਾਂ ਨੇ ਵੱਡੇ ਪੱਧਰ ਤੇ ਹਾਜ਼ਰੀਆਂ ਭਰੀਆਂ।ਟੈਲੀਫੋਨ ਰਾਹੀ ਜਾਣਕਾਰੀ ਦਿਂਦਿਆਂ ਸ। ਮਸਤਾਨ ਸਿੰਘ ਨੇ ਅੱਗੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਫਦ ਸਮੇਤ ਪਾਕਿਸਤਾਨ ਫੇਰੀ ਦੌਰਾਨ ਇਥੋ ਦੀਆਂ ਸਿੱਖ ਸੰਗਤਾਂ ਨੂੰ ਪ੍ਰੇਰਨ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਸਮਰਪਿਤ ਭਾਵਨਾ ਵੱਡੇ ਪੱਧਰ ਤੇ ਜਾਗੀ ਤੇ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਦੇਸ਼ ਮੁਤਾਬਿਕ ਅੱਜ ਪੰਚਮ ਪਾਤਿਸ਼ਾਹ ਦਾ ਸ਼ਹੀਦੀ ਪੁਰਬ ਮਨਾਇਆ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾ-ਭਾਵਨਾ ਨਾਲ ਮਨਾਇਆ
This entry was posted in ਪੰਜਾਬ.