ਅੰਮ੍ਰਿਤਸਰ- ਸ੍ਰੀ ਅਕਾਲ ਤਖਤ ਸਾਹਿਬ ਤੇ ਬਲਿਊ ਸਟਾਰ ਅਪਰੇਸ਼ਨ ਵਿੱਚ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਰੱਖੇ ਗਏ ਅਖੰਡਪਾਠ ਦੇ ਭੋਗ ਤੋਂ ਤੁਰੰਤ ਬਾਅਦ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਐਸਜੀਪੀਸੀ ਟਾਸਕ ਫੋਰਸ ਅਤੇ ਸਿ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮਰਥੱਕਾਂ ਵਿੱਚਕਾਰ ਤਲਵਾਰਾਂ ਚੱਲਣ ਨਾਲ 12 ਵਿਅਕਤੀ ਜਖਮੀ ਹੋ ਗਏ ਹਨ। ਜਖਮੀਆਂ ਵਿੱਚ ਇੱਕ 12 ਸਾਲ ਦਾ ਲੜਕਾ ਵੀ ਸ਼ਾਮਿਲ ਹੈ। ਸਥਾਨਕ ਪੁਲਿਸ ਨੇ 28 ਵਿਅਕਤੀਆਂ ਤੇ ਖਿਲਾਫ਼ ਕੇਸ ਦਰਜ਼ ਕੀਤੇ ਹਨ।
ਐਸਜੀਪੀਸੀ ਟਾਸਕ ਫੋਰਸ ਅਤੇ ਮਾਨ ਹਿਮੈਤੀਆਂ ਦਰਮਿਆਨ ਝਗੜਾ ਉਸ ਸਮੇਂ ਹੋਇਆ, ਜਦੋਂ ਮਾਨ ਸਮਰਥੱਕ ਅਕਾਲ ਤਖਤ ਸਾਹਿਬ ਦੇ ਹੇਠਾਂ ਖੜ੍ਹੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ ਤਾਂ ਉਸ ਸਮੇਂ ਸਿਮਰਨਜੀਤ ਸਿੰਘ ਮਾਨ ਨੇ ਬੋਲਣਾਂ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਦੀ ਆਵਾਜ਼ ਉਨ੍ਹਾਂ ਦੇ ਹਿਮੈਤੀਆਂ ਤੱਕ ਪਹੁੰਚ ਨਹੀਂ ਸੀ ਰਹੀ, ਜਿਸ ਕਾਰਨ ਉਨ੍ਹਾਂ ਦੇ ਆਦਮੀ ਮਾਈਕ ਲੈਣਾ ਚਾਹੁੰਦੇ ਸਨ ਪਰ ਐਸਜੀਪੀਸੀ ਮੈਂਬਰਾਂ ਨੇ ਮਾਈਕ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਥੇ ਤਲਵਾਰਾਂ ਚੱਲਣੀਆਂ ਸ਼ੁਰੂ ਹੋ ਗਈਆਂ। ਅਕਾਲ ਤਖਤ ਦੇ ਜੱਥੇਦਾਰ ਗਿਆਨੀ ਗੁਰਬੱਚਨ ਸਿੰਘ ਨੇ ਦੋਵਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ।
ਸਿੰਘ ਸਾਹਿਬਾਨ ਗਿਆਨੀ ਗੁਰਬੱਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਘਟਨਾ ਪਿੱਛੇ ਕੁਝ ਏਜੰਸੀਆਂ ਦਾ ਹੱਥ ਹੈ। ਸੀਸੀਟੀਵੀ ਕੈਮਰਿਆਂ ਅਤੇ ਵੀਡੀਓਗਰਾਫ਼ੀ ਦੀ ਫੁਟੇਜ਼ ਤੋਂ ਉਨ੍ਹਾਂ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਜੂਨ 1984 ਵਿੱਚ ਸ਼ਹੀਦ ਹੋਏ ਸਿਖਾਂ ਦੀ ਯਾਦ ਵਿੱਚ ਅਖੰਡਪਾਠ ਰੱਖੇ ਗਏ ਸਨ। ਸਿਮਰਨਜੀਤ ਸਿੰਘ ਮਾਨ ਵੀ ਹਰ ਸਾਲ ਆਉਂਦੇ ਹਨ ਪਰ ਪਹਿਲਾਂ ਅਜਿਹਾ ਕੁਝ ਨਹੀਂ ਵਾਪਰਿਆ। ਇਸ ਵਾਰ ਕੁਝ ਸ਼ਰਾਰਤੀ ਅਨਸਰਾਂ ਨੇ ਮਾਈਕ ਦਾ ਬਹਾਨਾ ਬਣਾ ਕੇ ਇਸ ਦੁਰਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਸਮੂੰਹ ਸਿੱਖ ਜੱਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਸ਼ਰਾਰਤੀ ਤੱਤਾਂ ਅਤੇ ਏਜੰਸੀਆਂ ਤੋਂ ਸਾਵਧਾਨ ਰਹਿਣਾ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੁਝ ਏਜੰਸੀਆਂ ਸਿੱਖ ਸੰਗਠਨਾਂ ਨੂੰ ਵੰਡਣ ਦਾ ਕੰਮ ਕਰ ਰਹੀਆਂ ਹਨ।
ਘੱਲੂਘਾਰੇ ਦੇ ਸ਼ਹੀਦੀ ਸਮਾਗਮ ਦੌਰਾਨ ਹੋਈ ਹਿੰਸਕ ਝੜਪ
This entry was posted in ਪੰਜਾਬ.