ਨਵੀਂ ਦਿੱਲੀ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ 12ਵੀਂ ਜਮਾਤ ਦੇ ਨਤੀਜਿਆਂ ‘ਚ 90% ਤੋਂ ਵੱਧ ਨੰਬਰ ਲੈਣ ਵਾਲੇ 500 ਵਿਦਿਆਰਥੀਆਂ ਨੂੰ ਇਕ ਵਿਸ਼ੇਸ਼ ਸਮਾਗਮ ਦੌਰਾਨ ਅਕੈਡਮਿਕ ਐਕਸੀਲੈਂਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲਖੀ ਸ਼ਾਹ ਵੰਜਾਰਾ ਹਾਲ ‘ਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਸਕੂਲਾਂ ਦੇ ਪ੍ਰਿੰਸੀਪਲ, ਵਾਈਸ ਚੇਅਰਮੈਨ ਅਤੇ ਮੈਨੇਜਰ ਸਾਹਿਬਾਨ ਨੂੰ ਵਿਦਿਆਰਥੀਆਂ ਦੀ ਮੌਜੂਦਗੀ ‘ਚ ਯੋਗਤਾ ਪ੍ਰਮਾਣ ਪੱਤਰ ਤਕਸੀਮ ਕੀਤੇ ਗਏ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਸਕੂਲਾਂ ਦੇ ਅਧਿਆਪਕਾਂ ਸਿਰ ਇਸ ਕਾਮਯਾਬੀ ਦਾ ਸੇਹਰਾ ਬੰਨਦੇ ਹੋਏ ਅਗਲੇ ਸਾਲ ਦੇ ਨਤੀਜਿਆਂ ‘ਚ ਹੋਰ ਸੁਧਾਰ ਆਉਣ ਦੀ ਵੀ ਆਸ ਪ੍ਰਗਟਾਈ।
ਸਕੂਲ ਪ੍ਰਿੰਸੀਪਲਾਂ ਨੂੰ ਨਵੀਂ ਕਮੇਟੀ ਵੱਲੋਂ ਵਿਦਿਆ ਦੇ ਮਿਆਰ ਨੂੰ ਵਧਾਉਣ ਵਾਸਤੇ ਖੁੱਲੇ ਕਦਮ ਚੁੱਕਣ ਦੀ ਦਿੱਤੀ ਗਈ ਛੋਟ ਦਾ ਜ਼ਿਕਰ ਕਰਦੇ ਹੋਏ ਜੀ.ਕੇ. ਨੇ ਸਕੂਲਾਂ ਵਿਚ ਸਿਆਸੀ ਦਖ਼ਲਅੰਦਾਜ਼ੀ ਬੰਦ ਹੋਣ ਨੂੰ ਵੀ ਨਤੀਜਿਆਂ ‘ਚ ਸੂਧਾਰ ਦਾ ਵੱਡਾ ਕਾਰਣ ਦੱਸਿਆ। ਪਿੱਛਲੀ ਕਮੇਟੀ ਵੱਲੋਂ ਦੂਜੇ ਸਕੂਲਾਂ ਦੇ ਫੇਲ ਬੱਚਿਆਂ ਨੂੰ ਆਪਣੇ ਨਿਜੀ ਮੁਫਾਦ ਲਈ ਜਾਲੀ ਪ੍ਰਮਾਣ ਪੱਤਰਾਂ ਰਾਹੀਂ ਦਾਖਿਲਾ ਦੇਣ ਤੋਂ ਬਾਅਦ ਸਕੂਲਾਂ ਦੇ ਬੀਤੇ ਦਿਨੀ ਸਾਹਮਣੇ ਆਏ ਮਾੜੇ ਨਤੀਜਿਆਂ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਾਰੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ 40,000 ਤੋਂ 27,000 ਘਟਣ ਦਾ ਵੀ ਵੱਡਾ ਕਾਰਣ ਦੱਸਿਆ। ਸਕੂਲਾਂ ‘ਚ ਇਸ ਸਾਲ ਵੱਧ ਰਹੇ ਦਾਖਿਲੇ ਕਰਕੇ ਉਨ੍ਹਾਂ ਨੇ ਇਹ ਗਿਣਤੀ 40,000 ਤੋਂ ਵੱਧ ਲੈ ਜਾਉਣ ਦੀ ਵੀ ਅਗਲੇ ਸਾਲ ਤਕ ਵਚਨਬੱਧਤਾ ਦੋਹਰਾਈ।
ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਕੂਲਾਂ ‘ਚ ਢਾਂਚਾਗਤ ਅਤੇ ਅਕੈਡਮਿਕ ਤੋੌਰ ਤੇ ਉੱਚ ਕੋਟੀ ਤਕਨੀਕਾਂ ਦਾ ਇਸਤੇਮਾਲ ਕਰਨ ਦਾ ਭਰੋਸਾ ਦਿੰਦੇ ਹੋਏ ਸਕੂਲਾਂ ਨੂੰ ਮੁੜ ਉਸ ਮੁਕਾਮ ਤੇ ਲੈ ਜਾਉਣ ਦੀ ਆਸ ਜਤਾਈ ਜਿਥੇ 90 ਦੇ ਦਹਾਕੇ ਦੌਰਾਨ ਗੁਰੂ ਹਰਿਕ੍ਰਿਸਨ ਪਬਲਿਕ ਸਕੂਲਾਂ ਵਿਚ ਵੀ ਦਾਖਿਲੇ ਲਈ ਲੋਕੀ ਮੰਤਰੀਆਂ ਤਕ ਦੀਆਂ ਸਿਫਾਰਿਸ਼ਾ ਲਵਾਉਂਦੇ ਸਨ। ਮਿਆਰੀ ਅਤੇ ਪੰਥਕ ਸਿੱਖਿਆ ਵਿਦਿਆਰਥੀਆਂ ਦੇ ਭਵਿੱਖ ਲਈ ਜਰੂਰੀ ਦੱਸਦੇ ਹੋਏ ਸਿਰਸਾ ਨੇ ਬਚਿੱਆਂ ਦੇ ਮਾਪਿਆਂ ਨੂੰ ਇਨ੍ਹਾਂ ਸਕੂਲਾਂ ਨਾਲ ਭਾਵਨਾਤਮਕ ਤੌਰ ਤੇ ਜੂੜਨ ਦੀ ਵੀ ਅਪੀਲ ਕੀਤੀ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਜੂਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਸੀਨੀਅਰ ਆਗੂ ਉਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਮੈਂਬਰ ਅਤੇ ਸਕੂਲ ਪ੍ਰਬੰਧਕ ਹਰਵਿੰਦਰ ਸਿੰਘ ਕੇ.ਪੀ., ਕੁਲਮੋਹਨ ਸਿੰਘ, ਅਮਰਜੀਤ ਸਿੰਘ ਪੱਪੂ, ਸਤਪਾਲ ਸਿੰਘ ਹਰਦੇਵ ਸਿੰਘ ਧਨੋਆ, ਗੁਰਮੀਤ ਸਿੰਘ ਮੀਤਾ, ਰਵਿੰਦਰ ਸਿੰਘ ਲਵਲੀ, ਸਮਰਦੀਪ ਸਿੰਘ ਸੰਨੀ, ਕੁਲਦੀਪ ਸਿੰਘੰ ਸਾਹਨੀ, ਪਰਮਜੀਤ ਸਿੰਘ ਚੰਢੋਕ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂਸਾਰੇ ਸਕੂਲਾਂ ਦੇ ਪ੍ਰਿਸੀਪਲ ਅਤੇ ਐਜੂਕੇਸ਼ਨ ਕਮੇਟੀ ਦੇ ਸਲਾਹਕਾਰ ਗੁਰਵਿੰਦਰ ਪਾਲ ਸਿੰਘ ਤੇ ਡਿਪਟੀ ਐਜੂਕੇਸ਼ਨ ਡਾਇਰੈਕਟਰ ਬੀਬੀ ਡਾ. ਆਰ ਕੋਹਲੀ ਮੌਜੂਦ ਸਨ।
ਦਿੱਲੀ ਕਮੇਟੀ ਨੇ 500 ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ
This entry was posted in ਭਾਰਤ.