ਮੱਕੜ ਨੇ ਕੇਂਦਰ ਨੂੰ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਗੱਡੀ ਨਾਂ ਮੁਹੱਈਆ ਕਰਾਉਣ ਲਈ ਲਿਖਿਆ ਪੱਤਰ, ਸਿੱਖ ਸੰਗਤਾਂ ਵਿੱਚ ਰੋਸ

ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋਂ ਭਾਰਤ ਸਰਕਾਰ ਨੂੰ ਪੱਤਰ ਲਿਖ ਕੇ 16 ਜੂਨ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਗਏ ਜੱਥੇ ਲਈ ਰੇਲ ਗੱਡੀ ਭੇਜਣ ਤੋਂ ਮਨ੍ਹਾਂ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਮੱਕੜ ਨੂੰ ਕੋਈ ਅਧਿਕਾਰ ਨਹੀ ਕਿ ਉਹ ਸਿੱਖ ਸੰਗਤਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਤੋੰਂ ਰੋਕੇ।
ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬੀਤੀ 6 ਜੂਨ ਨੂੰ ਸ਼੍ਰੋਮਣੀ ਕਮੇਟੀ ਦੀ ਨਲਾਇਕੀ ਕਾਰਨ ਵਾਪਰੀ ਖੂਨੀ ਝੜਪ ਦੀਆ ਹਾਲੇ ਅਖਬਾਰਾਂ ਵਿੱਚ ਲੱਗੀਆਂ ਖਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਕਿ ਮੱਕੜ ਮਹਾਰਾਜ ਨੇ ਇੱਕ ਹੋਰ ਨਵੀ ਲੀਲਾ ਪਾਉਦਿਆ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ 16 ਜੂਨ ਨੂੰ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਜਾ ਰਹੇ ਸ਼ਰਧਾਲੂਆ ਨੂੰ ਰੇਲ ਗੱਡੀ ਮੁਹੱਈਆ ਕਰਵਾਉਣ ਤੋ ਮਨਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਵਿਦੇਸ਼ ਮੰਤਰੀ ਬੀਬੀ ਸ਼ੁਸ਼ਮਾ ਸਵਰਾਜ ਨਾਲ ਰਾਬਤਾ ਕਾਇਮ ਕੀਤਾ ਤਾਂ ਉਹਨਾਂ ਨੇ ਮੱਕੜ ਦੀ ਚਿੱਠੀ ਦਾ ਹਵਾਲਾ ਦਿੰਦਿਆ ਰੇਲ ਗੱਡੀ ਮੁਹੱਈਆ ਕਰਾਉਣ ਤੋ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋ ਲੈ ਕੇ ਦੁਨੀਆ ਭਰ ਦੇ ਹਰ ਛੋਟੇ ਵੱਡੇ ਗੁਰੂਦੁਆਰੇ ਵਿੱਚ ਸਵੇਰੇ ਸ਼ਾਮ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰੇ ਬਖਸ਼ਣ ਦੀ ਅਰਦਾਸ ਕੀਤੀ ਜਾਂਦੀ ਹੈ ਤੇ ਦੂਸਰੇ ਪਾਸੇ ਸ਼ਰੋਮਣੀ ਕਮੇਟੀ ਹੀ ਸੰਗਤਾਂ ਨੂੰ ਦਰਸ਼ਨ ਕਰਨ ਤੋ ਰੋਕਣ ਲਈ ਰੁਕਾਵਟਾਂ ਖੜੀਆ ਕਰ ਰਹੀ ਹੈ। ਉਹਨਾਂ ਕਿਹਾ ਕਿਹਾ ਕਿ ਗੁਰੂ ਸਾਹਿਬਾਨ ਦੇ ਗੁਰਪੁਰਬ ਤਾਂ ਦੇਸਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਸਾਰਾ ਸਾਲ ਮਨਾਉਦੀਆ ਰਹਿੰਦੀਆ ਹਨ ਅਤੇ ਇਹਨਾਂ ਸਮਾਗਮਾਂ ਵਿੱਚ ਤਖਤਾਂ ਦੇ ਜਥੇਦਾਰ ਵੀ ਅਕਸਰ ਸ਼ਾਮਲ ਹੁੰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਜਿਸ ਖੇਤ ਨੂੰ ਵਾੜ ਹੀ ਖਾਣ ਲੱਗ ਪਵੇ ਉਸ ਦੀ ਫਿਰ ਬਾਹਰੀ ਸ਼ਕਤੀਆ ਤੋ ਰਾਖੀ ਕੌਣ ਕਰੇਗਾ। ਉਹਨਾਂ ਕਿਹਾ ਕਿ ਮੱਕੜ ਦੀ ਨਲਾਇਕੀ ਨਾਲ ਹੀ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਖੂਨੀ ਝੜਪ ਹੋਈ ਤੇ ਹੁਣ ਫਿਰ ਮੱਕੜ ਨੇ ਕੇਂਦਰ ਨੂੰ ਸਿੱਖ ਸ਼ਰਧਾਲੂਆ ਨੂੰ ਗੱਡੀ ਨਾ ਮੁਹੱਈਆ ਕਰਾਉਣ ਲਈ  ਪੱਤਰ ਲਿੱਖ ਕੇ ਜਿਹੜੀ ਬੱਜਰ ਗਲਤੀ ਕੀਤੀ ਹੈ ਉਸ ਨੇ ਸਾਬਤ ਕਰ  ਦਿੱਤਾ ਹੈ ਕਿ ਮੱਕੜ ਸਿੱਖ ਪੰਥ ਵਿਰੋਧੀ ਸ਼ਕਤੀਆ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਉਹਨਾਂ ਕਿਹਾ ਕਿ ਮੱਕੜ ਨੇ ਤਾਂ ਸਿੱਖ ਸ਼ਰਧਾਲੂਆ ਨੂੰ ਰੋਕਣ ਲਈ ਆਪਣਾ ਟਿੱਲ ਵਾਲਾ ਜ਼ੋਰ ਲਗਾ ਲਿਆ ਹੈ ਪਰ ਸੰਗਤਾਂ ‘ਇੱਲ ਦੀ ਅੱਖ’ ਕੱਢਣ ਵਾਲੀ ਗਰਮੀ ਹੋਣ ਦੇ ਬਾਵਜੂਦ ਵੀ ਸੜਕੀ ਰਸਤੇ ਬੀਤੇ ਕਲ੍ਹ 300 ਸ਼ਰਧਾਲੂ ਲਾਹੌਰ ਪੁੱਜ ਗਏ ਹਨ। ਉਹਨਾਂ ਕਿਹਾ ਕਿ 400 ਸ਼ਰਧਾਲੂਆ ਦਾ ਵੀਜਾ ਲੱਗਾ ਹੈ ਤੇ ਬਾਕੀ ਸ਼ਰਧਾਲੂ ਵੀ ਜਲਦੀ ਹੀ ਸ਼ਹੀਦੀ ਜੋੜ ਮੇਲੇ ਵਿੱਚ ਭਾਗ ਲੈਣ ਲਈ ਪੁੱਜ ਜਾਣਗੇ।
ਉਹਨਾਂ ਕਿਹਾ ਕਿ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਹੀ ਸਿੱਖਾਂ ਦਾ ਕੈਲੰਡਰ ਮੰਨਦੇ ਹਨ ਅਤੇ ਇਸ ਮੁਤਾਬਕ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ 16 ਜੂਨ ਨੂੰ ਹੀ ਬਣਦਾ ਹੈ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਬਣਾ ਕੇ ਸਾਬਕਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੱਖ ਪੰਥ ਦੀ ਅੱਡਰੀ ਹੋਦ ਦਾ ਸੰਕਲਪ ਲਿਆ ਸੀ ਪਰ ਕੁਝ ਪੰਥ ਵਿਰੋਧੀ ਸ਼ਕਤੀਆ ਨੂੰ ਜਦੋਂ ਇਹ ਚੰਗਾ ਨਾ ਲੱਗਾ ਤਾਂ ਉਹਨਾਂ ਨੇ ਵੋਟਾਂ ਦੀ ਆੜ ਹੇਠ ਇਸ ਕੈਲੰਡਰ ਨੂੰ ਨਾ ਬਖਸ਼ਿਆ। ਉਹਨਾਂ ਕਿਹਾ ਕਿ ਉਹ ਸੋਧੇ ਹੋਏ ਕੈਲੰਡਰ ਨੂੰ ਵੀ ਮੰਨਣ ਲਈ ਤਿਆਰ ਹਨ ਪਰ ਪਹਿਲਾਂ ਤਖਤਾਂ ਦੇ ਜਥੇਦਾਰ ਤਾਂ ਇਸ ‘ਤੇ ਇੱਕ ਮੱਤ ਹੋ ਜਾਣ। ਉਹਨਾਂ ਕਿਹਾ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਸੋਧੇ ਹੋਏ ਕੈਲੰਡਰ ਨੂੰ ਮਾਨਤਾ ਨਹੀ ਦਿੰਦੇ ਤੇ ਉਹਨਾਂ ਦੇ ਬਿਆਨ ਹਮੇਸ਼ਾਂ ਹੀ ਇਸ ਨੂੰ ਰੱਦ ਕਰਨ ਵਾਲੇ ਹੁੰਦੇ ਹਨ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨਾ ਅਹਿਲ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਪਹਿਲਾਂ 6 ਜੂਨ ਨੂੰ ਹੁੱਲੜਬਾਜੀ ਆਪਣੀ ਹਾਜਰੀ ਵਿੱਚ ਕਰਵਾਈ ਤੇ ਹੁਣ ਕੇਂਦਰ ਨੂੰ ਚਿੱਠੀ ਲਿਖ ਕੇ ਜਿਹੜੀ ਬੱਜਰ ਗਲਤੀ ਕੀਤੀ ਉਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਿੱਖ ਸੰਗਤਾਂ ਮੱਕੜ ਤੋਂ ਤੁਰੰਤ ਅਸਤੀਫੇ ਦੀ ਮੰਗ ਕਰ ਰਹੀਆ ਹਨ। ਉਹਨਾਂ ਕਿਹਾ ਕਿ 6 ਜੂਨ ਨੂੰ ਵੀ ਜੋ ਕੁਝ ਵਾਪਰਿਆ ਹੈ ਉਹ ਸਿੱਖ ਨੌਜਵਾਨਾਂ ਵੱਲੋ ਸ਼ਰੋਮਣੀ ਕਮੇਟੀ ਦੇ  ਕੁਚੱਜੇ ਪ੍ਰਬੰਧ ਨੂੰ ਨਕਾਰਨ ਕਾਰਨ ਹੀ ਵਾਪਰਿਆ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਵਿੱਚ ਗੁਰੂਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਸੇਵਾ ਦਲ ਹੀ ਬਣਾਇਆ ਜਾਂਦਾ ਹੈ ਤੇ ਟਾਸਕ ਫੋਰਸ ਸਿਰਫ ਸੁਰੱਖਿਆ ਦਲਾਂ ਵਿੱਚ ਹੀ ਹੁੰਦੀ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਜਿਹੜੇ ਅਧਿਕਾਰੀਆ ਦੀ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ ਹੈ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਪਰ ਸਿੱਖ ਨੌਜਵਾਨਾਂ ਨੂੰ ਜੇਲਾਂ ਵਿੱਚ ਭੇਜ ਕੇ ਮੱਕੜ ਨੇ ਕਿਹੜਾ ਰਣ ਜਿੱਤ ਲਿਆ ਹੈ ਇਸ ਤੋਂ ਸਿੱਖ ਸੰਗਤ ਹੈਰਾਨ ਪਰੇਸ਼ਾਨ ਹੈ। ਉਹਨਾਂ ਕਿਹਾ ਕਿ ਹਾਲੇ  ਵੀ ਸਮਾਂ ਹੈ ਕਿ ਜੇਲਾਂ ਵਿੱਚ ਬੰਦ ਨੌਜਵਾਨ ਦੇ ਮਾਪਿਆ ਨੂੰ ਬੁਲਾ ਕੇ ਬੱਚਿਆ ਨੂੰ ਸਮਝਾਇਆ ਜਾਵੇ ਤੇ ਮੁਕੱਦਮਾ ਵਾਪਸ ਲੈ ਕੇ ਉਹਨਾਂ ਦੀ ਤੁਰੰਤ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>