ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਇਆ ਗਿਆ ਭਵਿੱਖ ਸਲਾਹ ਮੇਲਾ 2014 ਆਪਣੀਆਂ ਅਮਿਟ ਯਾਦਾਂ ਨੂੰ ਛੱਡਦਾ ਹੋਇਆ ਸਮਾਪਤ ਹੋ ਗਿਆ। ਦਿੱਲੀ ਕਮੇਟੀ ਵੱਲੋਂ ਸਿੱਖਿਆਂ ਨੂੰ ਆਪਣੇ ਐਜੰਡੇ ‘ਚ ਸਭ ਤੋਂ ਅੱਗੇ ਰੱਖਣ ਤੋਂ ਬਾਅਦ ਸ਼ੁਰੂ ਹੋਏ ਸੁਧਾਰਾਂ ਦੀ ਪ੍ਰਕ੍ਰਿਆ ਦੇ ਤਹਿਤ ਲਗਾਏ ਗਏ ਇਸ ਮੇਲੇ ‘ਚ ਲਗਭਗ 15,000 ਬੱਚਿਆਂ ਅਤੇ ਉਨ੍ਹਾਂ ਦੇ ਮਾਂ-ਪਿਆਂ ਨੇ ਤਿੰਨ ਦਿਨਾਂ ‘ਚ ਹਿੱਸਾ ਲੈ ਕੇ ਆਧੁਨਿਕ ਤਕਨੀਕ ਨਾਲ ਲੱਗੇ ਇਸ ਮੇਲੇ ਦੀ ਸ਼ਾਨ ਨੂੰ ਵੀ ਚਾਰ ਚੰਨ ਲਗਾ ਦਿੱਤੇ।
ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਸਾਰੇ 63 ਸਟਾਲਾਂ ਨੂੰ ਭਾਗ ਲੈਣ ਵਜੋਂ ਯਾਦਗਾਰੀ ਚਿਨ੍ਹ ਅਤੇ ਪ੍ਰਮਾਣ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਲਵਲੀ ਪ੍ਰੋਫੈਸ਼ਨਲ ਯੁਨਿਵਰਸਿਟੀ ਜਲੰਧਰ ਨੂੰ ਬੈਸਟ ਸਟਾਲ ਅਤੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨੋਰਥ ਕੈਂਪਸ ਨੂੰ ਸਰਟੀਫਿਕੇਟ ਆਫ ਐਕਸੀਲੈਂਸ ਅਵਾਰਡ ਵੱਜੋ ਸਨਮਾਨਿਤ ਵੀ ਕੀਤਾ।
ਸਿਰਸਾ ਨੇ ਇਸ ਮੇਲੇ ‘ਚ ਭਾਗ ਲੈਣ ਵਾਲੇ ਸਾਰੇ ਅਦਾਰਿਆਂ ਦਾ ਧੰਨਵਾਰ ਪ੍ਰਗਟਾਉਂਦੇ ਹੋਏ ਅਗਲੇ ਸਾਲ ਇਸ ਤੋਂ ਵੀ ਵੱਡੇ ਪੱਧਰ ਤੇ ਮੇਲਾ ਲਗਾਉਣ ਦਾ ਭਰੋਸਾ ਦਿੱਤਾ। ਰੋਜ਼ਗਾਰ, ਸਿੱਖਿਆ ਅਤੇ ਤਕਨੀਕ ਨੂੰ ਮੁੱਖ ਟੀਚਾ ਰੱਖ ਕੇ ਦਿੱਲੀ ਕਮੇਟੀ ਵੱਲੋਂ ਲਗਾਏ ਗਏ ਇਸ ਮੇਲੇ ਨੇ ਜਿੱਥੇ ਵਿਦਿਆਰਥੀਆਂ ਨੂੰ ਇਕ ਛੱਤ ਥਲੇ ਦੇਸ਼ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਬਾਰੇ ਜਾਣਕਾਰੀ ਲੈਣ ਦਾ ਸੁਭਾਗ ਸਮਾਂ ਪ੍ਰਦਾਨ ਕੀਤਾ, ਉਥੇ ਨਾਲ ਹੀ ਪ੍ਰਧਾਨ ਮਨਜੀਤ ਸਿੱਘ ਜੀ.ਕੇ. ਵੱਲੋਂ ਦਿੱਲੀ ਕਮੇਟੀ ਚੋਣਾਂ ਤੋਂ ਪਹਿਲੇ ਸਿੱਖਿਆ ਨੂੰ ਆਪਣੀ ਕਾਰਜਸੂਚੀ ‘ਚ ਅੱਗੇ ਰੱਖਣ ਦੇ ਦਿੱਲੀ ਦੀਆਂ ਸੰਗਤਾਂ ਨੂੰ ਦਿੱਤੇ ਗਏ ਭਰੋਸੇ ਨੂੰ ਵੀ ਕਾਯਮ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਤਨਵੰਤ ਸਿੰਘ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਮੁੱਖੀ ਪਰਮਜੀਤ ਸਿੰਘ ਰਾਣਾ, ਐਜੂਕੇਸ਼ਨ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਮੌਂਟੀ ਤੇ ਜਤਿੰਦਰਪਾਲ ਸਿੰਘ ਗੋਲਡੀ ਮੌਜੂਦ ਸਨ।
ਦਿੱਲੀ ਕਮੇਟੀ ਵੱਲੋਂ ਅਗਲੇ ਸਾਲ ਹੋਰ ਵੱਡੇ ਪੱਧਰ ਤੇ ਕੰਮ ਕਰਨ ਦਾ ਦਿੱਤਾ ਗਿਆ ਭਰੋਸਾ
This entry was posted in ਭਾਰਤ.