ਨਵੀਂ ਦਿੱਲੀ- ਸੈਨਾ ਮੁੱਖੀ ਦੀ ਨਿਯੁਕਤੀ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਖੁਦ ਹੀ ਫਸਦੀ ਨਜ਼ਰ ਆ ਰਹੀ ਹੈ।ਦੇਸ਼ ਦੇ ਨਵੇਂ ਆਰਮੀ ਚੀਫ਼ ਲੈਫ਼ਟੀਨੈਂਟ ਜਨਰਲ ਦਲਬੀਰ ਸਿੰਘ ਸੁਹਾਗ ਦੀ ਨਿਯੁਕਤੀ ਦਾ ਮਾਮਲਾ ਰਾਜਨੀਤਕ ਰੰਗ ਲੈ ਰਿਹਾ ਹੈ।ਵਿਰੋਧੀ ਧਿਰ ਵੱਲੋਂ ਵੀਕੇ ਸਿੰਘ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਯੂਪੀਏ ਸਰਕਾਰ ਨੇ ਜਾਂਦੇ-ਜਾਂਦੇ ਜਨਰਲ ਸੁਹਾਗ ਨੂੰ ਆਰਮੀ ਚੀਫ਼ ਬਣਾ ਦਿੱਤਾ ਸੀ।
ਰੱਖਿਆ ਵਿਭਾਗ ਨੇ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕਰਕੇ ਕਿਹਾ ਹੈ ਕਿ ਸਾਲ 2012 ਵਿੱਚ ਆਰਮੀ ਚੀਫ਼ ਦੇ ਤੌਰ ਤੇ ਵੀਕੇ ਸਿੰਘ ਵੱਲੋਂ ਕੀਤੀ ਗਈ ਕਾਰਵਾਈ ਗੈਰ ਕਾਨੂੰਨੀ ਅਤੇ ਪਹਿਲਾਂ ਤੋਂ ਹੀ ਯੋਜਨਾ-ਬੱਧ ਸੀ। ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਵਿੱਚ ਇਹ ਮੁੱਦਾ ਉਠਾ ਕੇ ਸਾਬਕਾ ਆਰਮੀ ਚੀਫ਼ ਦੇ ਅਸਤੀਫ਼ੇ ਦੀ ਮੰਗ ਕੀਤੀ।
ਕੇਂਦਰ ਸਰਕਾਰ ਦੇ ਇੱਕ ਅਹਿਮ ਮੰਤਰੀ ਅਤੇ ਸਾਬਕਾ ਸੈਨਾ ਮੁੱਖੀ ਵੀਕੇ ਸਿੰਘ ਨੇ ਸੈਨਾ ਮੁੱਖੀ ਜਨਰਲ ਸੁਹਾਗ ਨੂੰ ਕਾਤਿਲਾਂ ਅਤੇ ਡਕੈਤਾਂ ਦਾ ਰੱਖਿਅਕ ਦੱਸਿਆ ਹੈ। ਅਜਿਹੀ ਸਥਿਤੀ ਵਿੱਚ ਇਹ ਸਵਾਲ ਉਠਦਾ ਹੈ ਕਿ ਜਿਸ ਵਿਅਕਤੀ ਤੇ ਕੋਈ ਮੰਤਰੀ ਅਜਿਹੇ ਸੰਗੀਨ ਆਰੋਪ ਪੂਰੀ ਜਿੰਮੇਵਾਰੀ ਨਾਲ ਲਗਾਉਂਦਾ ਹੈ ਤਾਂ ਕੀ ਉਸ ਨੂੰ ਸੈਨਾ ਦਾ ਮੁੱਖੀ ਬਣਾਇਆ ਜਾਣਾ ਚਾਹੀਦਾ ਹੈ? ਅਗਰ ਸਰਕਾਰ ਜੇ ਲੈਫਟੀਨੈਂਟ ਜਨਰਲ ਸੁਹਾਗ ਨੂੰ ਸੈਨਾ ਦਾ ਪ੍ਰਮੁੱਖ ਬਣਾਉਂਦੀ ਹੈ ਤਾਂ ਦੇਸ਼ ਦੇ ਆਰਮੀ ਚੀਫ਼ ਨੂੰ ਕਾਤਿਲਾਂ ਅਤੇ ਡਾਕੂਆਂ ਦਾ ਰੱਖਿਅਕ ਕਹਿਣ ਵਾਲੇ ਵੀਕੇ ਸਿੰਘ ਦਾ ਕੀ ਹੋਵੇਗਾ ? ਸਰਕਾਰ ਨੇ ਸਾਫ ਤੌਰ ਤੇ ਇਹ ਕਹਿ ਦਿੱਤਾ ਹੈ ਕਿ ਜਨਰਲ ਦਲਬੀਰ ਸਿੰਘ ਦੀ ਨਿਯੁਕਤੀ ਅੰਤਿਮ ਫੈਂਸਲਾ ਹੈ ਅਤੇ ਇਸ ਨੂੰ ਬਦਲਿਆ ਨਹੀਂ ਜਾਵੇਗਾ।
ਕੇਂਦਰ ਸਰਕਾਰ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੈਫ਼ਟੀਨੈਂਟ ਜਨਰਲ ਸੁਹਾਗ ਦੀ ਆਰਮੀ ਚੀਫ਼ ਦੇ ਤੌਰ ਤੇ ਨਿਯੁਕਤੀ ਤੈਅ ਹੈ। ਰੱਖਿਆ ਮੰਤਰੀ ਜੇਟਲੀ ਨੇ ਸੰਸਦ ਵਿੱਚ ਇਹ ਜੋਰ ਦੇ ਕੇ ਕਿਹਾ ਸੀ ਕਿ ਇਹ ਨਿਯੁਕਤੀ ਫਾਈਨਲ ਹੈ। ਅਜਿਹੇ ਹਾਲਾਤ ਵਿੱਚ ਵੀਕੇ ਸਿੰਘ ਇੱਕਲੇ ਪੈ ਜਾਣਗੇ। ਵੀਕੇ ਨੇ ਆਪਣੇ ਟਵੀਟ ਵਿੱਚ ਜਨਰਲ ਸੁਹਾਗ ਨੂੰ ਮਸੂਮਾਂ ਦੇ ਕਾਤਿਲ ਅਤੇ ਡਕੈਤਾਂ ਨਾਲ ਜੋੜਿਆ ਸੀ। ਕਾਂਗਰਸ ਨੇ ਇਸ ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਵਿਦੇਸ਼ ਰਾਜ ਮੰਤਰੀ ਵੀਕੇ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਵਿਰੋਧੀ ਧਿਰ ਨੇ ਉਠਾਈ ਵੀਕੇ ਸਿੰਘ ਦੇ ਅਸਤੀਫ਼ੇ ਦੀ ਮੰਗ
This entry was posted in ਭਾਰਤ.